For the best experience, open
https://m.punjabitribuneonline.com
on your mobile browser.
Advertisement

ਅਸਾਮ: ਮੁੱਖ ਮੰਤਰੀ ਬਿਸਵਾ ਵੱਲੋਂ ਰਾਹਤ ਕੈਂਪਾਂ ਦਾ ਦੌਰਾ

07:20 AM Jul 08, 2024 IST
ਅਸਾਮ  ਮੁੱਖ ਮੰਤਰੀ ਬਿਸਵਾ ਵੱਲੋਂ ਰਾਹਤ ਕੈਂਪਾਂ ਦਾ ਦੌਰਾ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਇਕ ਰਾਹਤ ਕੈਂਪ ਵਿੱਚ ਬੱਚਿਆਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

ਗੁਹਾਟੀ, 7 ਜੁਲਾਈ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸੂਬੇ ਵਿੱਚ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਵਿਚਕਾਰ ਅੱਜ ਕਾਮਰੂਪ ਜ਼ਿਲ੍ਹੇ ਵਿੱਚ ਰਾਹਤ ਕੈਂਪਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਸਥਿਤੀ ਦੀ ਜਾਇਜ਼ਾ ਲਿਆ। ਉਨ੍ਹਾਂ ਤਿੰਨ ਰਾਹਤ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਦਫ਼ਤਰ (ਸੀਐੱਮਓ) ਨੇ ਐਕਸ ’ਤੇ ਪੋਸਟ ਕਰਦਿਆਂ ਕਿਹਾ, ‘‘ਅੱਜ ਮੁੱਖ ਮੰੰਤਰੀ ਹਿਮੰਤਾ ਬਿਸਵਾ ਸਰਮਾ ਨੇ ਪਲਾਸ਼ਬਾੜੀ ਵਿੱਚ ਅੰਮ੍ਰਿਤ ਚੰਦਰ ਠਾਕੁਰੀਆ ਕਾਮਰਸ ਕਾਲਜ ’ਚ ਰਾਹਤ ਕੈਂਪ ਦਾ ਦੌਰਾ ਕੀਤਾ, ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ 28 ਵਿਅਕਤੀਆਂ ਨੇ ਸ਼ਰਨ ਲਈ ਹੋਈ ਹੈ।’’ ਸੀਐੱਮਓ ਨੇ ਇੱਕ ਹੋਰ ਪੋਸਟ ਵਿੱਚ ਦੱਸਿਆ ਕਿ ਮੁੱਖ ਮੰਤਰੀ ਨੇ ਐੱਲਪੀ ਸਕੂਲ, ਨਾਹਿਰਾ ਵਿੱਚ ਇੱਕ ਰਾਹਤ ਕੈਂਪ ’ਚ ਸ਼ਰਨ ਲੈਣ ਵਾਲੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਦਫ਼ਤਰ ਨੇ ਕਿਹਾ, ‘‘ਹਿਮੰਤਾ ਬਿਸਵਾ ਸਰਮਾ ਨੇ ਕੈਂਪ ਵਿੱਚ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਡੀਸੀ (ਕਾਮਰੂਪ) ਨੂੰ ਰੋਜ਼-ਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਯਕੀਨੀ ਬਣਾਉਣ ਅਤੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਦਾ ਖਾਸ ਖਿਆਲ ਰੱਖਣ ਦਾ ਨਿਰਦੇਸ਼ ਦਿੱਤਾ।’’ ਬਿਸਵਾ ਨੇ ਨਾਹਿਰਾ ਗੁਈਮਾਰਾ ਖੇਤਰੀ ਹਾਈ ਸਕੂਲ ਦਾ ਵੀ ਦੌਰਾ ਕੀਤਾ ਅਤੇ ਉੱਥੇ ਰੁਕੇ ਲੋਕਾਂ ਨਾਲ ਗੱਲਬਾਤ ਕੀਤੀ। ਸੀਐੱਮਓ ਨੇ ਕਿਹਾ, ‘‘ਮੁੱਖ ਮੰਤਰੀ ਨੇ ਉੱਥੇ ਅਸਥਾਈ ਤੌਰ ’ਤੇ ਰਹਿ ਰਹੇ 236 ਜਣਿਆਂ ਨਾਲ ਮੁਲਾਕਾਤ ਕੀਤੀ।’’ ਅਧਿਕਾਰਤ ਜਾਣਕਾਰੀ ਅਨੁਸਾਰ ਸੂਬੇ ਦੇ 29 ਜ਼ਿਲ੍ਹਿਆਂ ਦੇ 107 ਮਾਲ ਖੇਤਰਾਂ ਅਤੇ 3,535 ਪਿੰਡਾਂ ਦੇ ਕੁੱਲ 23,96,648 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਅਸਾਮ ਵਿੱਚ ਨੇਮਾਟੀਘਾਟ (ਜੋਰਹਾਟ) ਵਿੱਚ ਬ੍ਰਹਮਪੁੱਤਰ, ਤੇਜ਼ਪੁਰ (ਸੋਨਿਤਪੁਰ) ਅਤੇ ਧੁਬਰੀ, ਚੇਨਿਮਾਰੀ (ਡਿਬਰੂਗੜ੍ਹ) ਵਿੱਚ ਬੁਰਹਿਡੀਹਿੰਗ, ਦਿਖੌ (ਸ਼ਿਵਸਾਗਰ) ਵਿੱਚ ਧਨਸਿਰੀ, ਧਰਮਤੁਲ (ਨਾਗਾਓਂ) ਵਿੱਚ ਕੋਪਿਲੀ, ਕਰੀਮਗੰਜ ਵਿੱਚ ਕੁਸ਼ਿਆਰਾ ਅਤੇ (ਬੀ ਪੀ ਘਾਟ) ਕਛਾਰ ਵਿੱਚ ਬਰਾਕ ਨਦੀ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਦੌਰਾਨ ਸੂਬੇ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

Advertisement

ਗੋਗੋਈ ਵੱਲੋਂ ਅਸਾਮ ਹੜ੍ਹ ’ਤੇ ਟਿੱਪਣੀ ਲਈ ਸ਼ਾਹ ਦੀ ਆਲੋਚਨਾ

ਨਵੀਂ ਦਿੱਲੀ: ਕਾਂਗਰਸ ਨੇਤਾ ਗੌਰਵ ਗੋਗੋਈ ਨੇ ਅਸਾਮ ਵਿੱਚ ਹੜ੍ਹ ਨੂੰ ‘ਹੜ੍ਹ ਵਰਗੀ ਸਥਿਤੀ’ ਦੱਸਣ ਲਈ ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਗਿਆਨ ਅਤੇ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ ਕਿਉਂਕਿ ਹੜ੍ਹ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੋਗੋਈ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਾਹ ਨੇ ਅਸਾਮ ਵਿੱਚ ਹੜ੍ਹ ’ਤੇ ‘ਅਜੀਬ ਟਿੱਪਣੀ’ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰਬ-ਉੱਤਰ ਦੇ ਲੋਕਾਂ ਦੀ ਜਲਵਾਯੂ ਤਬਦੀਲੀ ਦੇ ਅਸਰ ਨਾਲ ਨਜਿੱਠਣ ’ਚ ਭਾਜਪਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਕਾਂਗਰਸ ਸੰਸਦ ਮੈਂਬਰ ਨੇ ਐਕਸ ’ਤੇ ਕਿਹਾ, ‘‘ਅਸਾਮ ਵਿੱਚ ਆਫਤ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਗਿਆਨ ਅਤੇ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ। ਹੜ੍ਹ ਕਾਰਨ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਪਰ ਫਿਰ ਵੀ ਮੰਤਰੀ ਮੌਜੂਦਾ ਆਫਤ ਨੂੰ ਹੜ੍ਹ ਵਰਗੀ ਸਥਿਤੀ ਦੱਸ ਰਹੇ ਹਨ।’’ -ਪੀਟੀਆਈ

Advertisement

ਰਾਹੁਲ ਗਾਂਧੀ ਅੱਜ ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ

ਕਾਂਗਰਸੀ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨਗੇ। ਪਾਰਟੀ ਆਗੂਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਮਣੀਪੁਰ ਜਾਣ ਸਮੇਂ ਸਵੇਰੇ ਅਸਾਮ ਦੇ ਕਛਾਰ ਜ਼ਿਲ੍ਹੇ ਵਿਚਲੇ ਸਿਲਚਰ ਸਥਿਤ ਕੁੰਭੀਗ੍ਰਾਮ ਹਵਾਈ ਅੱਡੇ ’ਤੇ ਪਹੁੰਚਣਗੇ। ਉਥੋਂ ਉਹ ਲਖੀਪੁਰ ਵਿੱਚ ਸਥਿਤ ਹੜ੍ਹ ਰਾਹਤ ਕੈਂਪ ਜਾਣਗੇ ਤੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਇਹ ਕੈਂਪ ਮਣੀਪੁਰ ਜਾਣ ਵਾਲੇ ਰਸਤੇ ’ਤੇ ਪੈਂਦਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਬਣਨ ਬਾਅਦ ਕਾਂਗਰਸੀ ਆਗੂ ਦਾ ਇਹ ਉੱਤਰ ਪੂਰਬ ਦਾ ਪਹਿਲਾ ਦੌਰਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement