ਵੋਟ ਮੰਗਤੇ
ਰਣਜੀਤ ਆਜ਼ਾਦ ਕਾਂਝਲਾ
ਝੰਡੀ ਵਾਲੀਆਂ ਘੁੰਮਦੀਆਂ ਵੇਖ ਕਾਰਾਂ
ਅੱਖਾਂ ਵੋਟਰਾਂ ਦੀਆਂ ਭਰਮਾਉਣ ਕਿੱਦਾਂ!
ਹੱਥ ਮਿਲਾ ਕੇ ਹੁੰਦੇ ਬਗਲਗੀਰ ਸੱਭੇ
ਚਿਰਾਂ ਤੋਂ ਵਿਛੜੇ ਜੱਫੀਆਂ ਪਾਉਣ ਜਿੱਦਾਂ!
ਬਣ ਆਏ ਭਿਖਾਰੀ ਹਾਂ ਦਰ ਤੁਹਾਡੇ
ਪਸ਼ੂ ਮਰੇ ’ਤੇ ਜਿਉਂ ਮੰਡਰਾਉਣ ਗਿੱਧਾਂ!
ਇੱਕ ਵਾਰ ਤੁਸੀਂ ਮੌਕਾ ਦਿਉ ਮੈਨੂੰ
ਪੈਰਾਂ ਹੇਠ ਫੇਰ ਮਿੱਟੀ ਦੇ ਵਾਂਗ ਮਿੱਧਾਂ!
ਸੰਪਰਕ: 94646-97781
* * *
ਲਾਰਿਆਂ ਦੀ ਰੁੱਤ
ਅਵਤਾਰ ਸਿੰਘ ਪੁਆਰ
ਰਾਜਨੀਤੀ ਦੇ ਅਨੋਖੇ ਝਲਕਾਰਿਆਂ ਦੀ ਰੁੱਤ।
ਫੇਰ ਆ’ਗੀ ਝੂਠੇ ਵਾਅਦਿਆਂ ਤੇ ਲਾਰਿਆਂ ਦੀ ਰੁੱਤ।
ਜਾਦੂ ਸ਼ਬਦਾਂ ਦਾ ਸਿੱਧੇ ਸਾਦੇ ਮਨਾਂ ਉੱਤੇ ਪਾ ਕੇ।
ਲੁੱਟ ਲੈਣਗੇ ਲੁਟੇਰੇ ਵੱਡੇ ਸੁਪਨੇ ਵਿਖਾ ਕੇ।
ਉੱਚੀ ਬੋਲਣਾ ਜੋ ਜਾਣਦੇ ਬੁਲਾਰਿਆਂ ਦੀ ਰੁੱਤ।
ਖ਼ੂਬ ਉੱਡਣੇ ਨੇ ਮਜ਼ਹਬਾਂ ਤੇ ਜ਼ਾਤਾਂ ਦੇ ਪਰਿੰਦੇ,
ਬਾਤ ਸੂਰਜਾਂ ਦੀ ਪਾਉਣਗੇ ਇਹ ਰਾਤਾਂ ਦੇ ਪਰਿੰਦੇ।
ਕਈ ਰੰਗਾਂ ਵਿੱਚ ਰੰਗੇ ਹੋਏ ਨਾਅਰਿਆਂ ਦੀ ਰੁੱਤ।
ਦਲਬਦਲੀ ਦੇ ਨਵੇਂ ਨਵੇਂ ਲੱਭ ਕੇ ਬਹਾਨੇ,
ਕੁਝ ਆਪਣੇ ਤੇ ਕੁਝ ਹੋ ਜਾਣਗੇ ਬੇਗਾਨੇ,
ਬੇੜੀ ਡੋਲਦੀ ਨੂੰ ਲੱਭਦੇ ਸਹਾਰਿਆਂ ਦੀ ਰੁੱਤ।
ਪਹਿਲਾਂ ਅੱਖ ਵਿੱਚ ਪਾਏ ਵੀ ਨਾ ਰੜਕੇ ਸੀ ਜਿਹੜੇ,
ਹੁਣ ਪੁਆਰ ਪਿਲਖਣੀ ਕਿਵੇਂ ਮਾਰਨਗੇ ਗੇੜੇ।
ਅਣਗੌਲੇ ਜਿਹੇ ਭੁੱਲਿਆਂ ਵਿਸਾਰਿਆਂ ਦੀ ਰੁੱਤ।
ਫੇਰ ਆ’ਗੀ ਝੂਠੇ ਵਾਅਦਿਆਂ ਤੇ ਲਾਰਿਆਂ ਦੀ ਰੁੱਤ।
ਸੰਪਰਕ: 94173-72986
* * *
ਰੁੱਤ ਅਨੋਖੀ ਆਈ!
ਤਰਲੋਚਨ ਸਿੰਘ ਦੁਪਾਲ ਪੁਰ
ਮਿਲ਼ੇ ਟਿਕਟ ਤਾਂ ਕਹਿਣ ਮਾਂ ਪਾਰਟੀ ਏ
ਨਹੀਂ ਕੁੱਛੜ ਵਿੱਚ ਕਿਸੇ ਦੇ ਹੋਰ ਹੁੰਦੇ।
ਸਿਰਫ਼ ਗੱਦੀ ਦੇ ਨਾਲ ਹੀ ਪ੍ਰੀਤ ਸਮਝੋ
ਕੁਰਸੀ ਚੰਦ ਤੇ ਲੀਡਰ ਚਕੋਰ ਹੁੰਦੇ।
ਹਾਈਕਮਾਡਾਂ ਵੀ ਦੇਖ ਕੇ ਦੰਗ ਹੋਈਆਂ
ਧੋਖਾ ਦੇਣ ਜਿਉਂ ਚੋਰਾਂ ’ਤੇ ਮੋਰ ਹੁੰਦੇ।
ਇਧਰੋਂ ਓਧਰ ਨੂੰ ਜਾਣ ਬੇਸ਼ਰਮ ਹੋ ਕੇ
ਖੁੱਲ੍ਹੇ ਇਨ੍ਹਾਂ ਲਈ ਦਲਾਂ ਦੇ ਡੋਰ ਹੁੰਦੇ।
ਲੋਕੀਂ ਸੋਚਦੇ ਕਰੀਏ ਯਕੀਨ ਕਿਸ ’ਤੇ
ਕੀ ਬੁੱਝੀਏ ਸਿਆਸਤਾਂ ਗੰਧਲ਼ੀਆਂ ਦੀ।
ਗਰਮੀ ਸਿਆਲ਼ ਬਰਸਾਤ ਤਾਂ ਦੇਖਦੇ ਹਾਂ
ਰੁੱਤ ਆਈ ਏ ਯਾਰੋ ਦਲਬਦਲੀਆਂ ਦੀ!
ਸੰਪਰਕ: 78146-92724
* * *
ਵੋਟਾਂ ਦਾ ਮੁੱਲ
ਸਰੂਪ ਚੰਦ ਹਰੀਗੜ੍ਹ
ਵੋਟਾਂ ਵਾਲਾ ਦੌਰ ਹੈ ਆਇਆ,
ਉਮੀਦਵਾਰ ਪਿੰਡ ਗੇੜਾ ਲਾਇਆ।
ਵੋਟਾਂ ਦੇ ਲਈ ਘਰ ਘਰ ਜਾਵੇ,
ਹੱਥ ਜੋੜ ਨਿਉਂ ਸੀਸ ਝੁਕਾਵੇ।
ਬਖਤੌਰ ਸਿਹੁੰ ਦੇ ਦਰ ’ਤੇ ਜਾਕੇ,
ਮਾਰੀ ’ਵਾਜ ਕੁੰਡਾ ਖੜਕਾ ਕੇ।
ਬਖਤੌਰ ਸਿਹੁੰ ਆ ਬੂਹਾ ਖੋਲ੍ਹਿਆ,
ਕਿਵੇਂ ਆਏ ਭਾਈ ਮੂੰਹੋਂ ਬੋਲਿਆ।
ਦੱਸਣ ਲੱਗਿਆ ਫ਼ਖ਼ਰ ਦੇ ਨਾਲ,
ਨਾਲ ਸੀ ਉਸਦੇ ਜਿਹੜਾ ਦਲਾਲ।
ਸਰਦਾਰ ਜੀ ਚੋਣਾਂ ਵਿੱਚ ਖੜ੍ਹੇ ਨੇ,
ਸੱਚੇ ਸੁੱਚੇ ਇਮਾਨਦਾਰ ਬੜੇ ਨੇ।
ਇਨ੍ਹਾਂ ਨੂੰ ਆਪਣੀ ਵੋਟ ਪਾਇਓ,
ਆਪਣੇ ਕੰਮ ਮੈਥੋਂ ਕਰਵਾਇਓ।
ਆਹ ਲਓ ਪੰਜ ਸੌ ਰਾਸ਼ਨ ਲਿਆਇਓ,
ਪਰ ਵੋਟ ਨਾ ਕਿਧਰੇ ਹੋਰ ਗਵਾਇਓ।
ਰਾਸ਼ਨ ਦੀ ਮੈਨੂੰ ਲੋੜ ਨਾ ਕਾਈ,
ਬਾਬੇ ਨੇ ਝੱਟ ਮੰਗ ਸੁਣਾਈ।
ਇੱਕ ਗਧਾ ਲੈ ਦਿਓ ਮੰਗ ਹੈ ਮੇਰੀ,
ਥੋਡੇ ਲਈ ਵੋਟ ਪੱਕੀ ਮੇਰੀ।
ਦੇਖਣ ਸੁਣ ਇੱਕ ਦੂਜੇ ਵੱਲ,
ਲਿਆ ਦਿਆਂਗੇਕਹਿੰਦੇ ਗਧਾ ਕੱਲ੍ਹ।
ਪਹੁੰਚੇ ਫਿਰ ਮੰਡੀ ਵਿੱਚ ਜਾ ਕੇ,
ਦੇਖਣ ਗਧੇ ਦਾ ਮੁੱਲ ਕਰਾ ਕੇ।
ਗਧੇ ਖੜ੍ਹੇ ਸੀ ਮਾੜੇ ਚੰਗੇ,
ਇੱਕ ਲੱਖ ਕੋਈ ਦੋ ਲੱਖ ਮੰਗੇ।
ਵਾਪਸ ਪਰਤੇ ਸੁਣ ਕੇ ਮੁੱਲ,
ਬੋਤੇ ਵਾਂਗ ਲਟਕਾਏ ਬੁੱਲ੍ਹ।
ਕਿਉਂ ਭਾਈ ਮੇਰਾ ਗਧਾ ਨ੍ਹੀਂ ਲਿਆਏ,
ਖਾਲੀ ਹੱਥ ਮੇਰੇ ਕੋਲੇ ਆਏ।
ਦੱਸਣ ਲੱਗੇ ਕਹਾਣੀ ਸਾਰੀ,
ਮੁੱਲ ਸੁਣ ਸਾਡੀ ਗਈ ਮੱਤ ਮਾਰੀ।
ਬਖਤੌਰੇ ਕਿਹਾ ਤੁਸੀਂ ਮਾਰੋ ਲੋਹੜਾ,
ਮੁੱਲ ਵੋਟ ਦਾ ਗਧੇ ਤੋਂ ਥੋੜ੍ਹਾ।
ਸਾਡੇ ਨਾਲੋਂ ਗਧਾ ਚੰਗਾ ਭਾਈ,
ਮਾਲਕ ਬਣਦੀ ਕੀਮਤ ਪਾਈ।
ਬਖਤੌਰ ਸਿਹੁੰ ਲੱਖ ਲਾਹਨਤਾਂ ਪਾਈਆਂ,
ਖਰੀਆਂ ਖਰੀਆਂ ਆਖ ਸੁਣਾਈਆਂ।
ਉਮੀਦਵਾਰ ਸੁਣ ਤਿੱਤਰ ਹੋਇਆ,
ਬਾਬੇ ਨੇ ਝੱਟ ਬੂਹਾ ਢੋਇਆ।
ਲੋਕੋ ਸੁਣੋ ਜ਼ਮੀਰ ਜਗਾਓ,
ਵੋਟ ਦਾ ਕੌਡੀ ਮੁੱਲ ਨਾ ਪਾਓ।
ਥੋਡੀ ਵੋਟ ਦਾ ਥੋਨੂੰ ਅਧਿਕਾਰ,
ਵਿਕਦੇ ਹੋ ਫੇਰ ਕਾਹਨੂੰ ਯਾਰ?
ਲਾਲਚ ਦੇ ਵਿੱਚ ਕਦੇ ਨਾ ਆਉਣਾ,
ਵਿਹਲੜਾਂ ਤੋਂ ਜੇ ਦੇਸ਼ ਬਚਾਉਣਾ।
ਸਰੂਪ ਚੰਦ ਗੱਲ ਸਿਰੇ ਹੈ ਚਾੜ੍ਹੀ,
ਕਿਸੇ ਲਈ ਚੰਗੀ ਕਿਸੇ ਮਾੜੀ।
ਸੰਪਰਕ: 99143-85202
* * *
ਖ਼ੁਸ਼ੀ ਤੋਂ ਖ਼ੁਸ਼ੀ ਤੱਕ
ਮਨਜੀਤ ਸਿੰਘ ਬੱਧਣ
ਕਿੰਨੇ ਖ਼ੁਸ਼ ਨੇ ਉਹ
ਚਾਅ ਹੈ ਜਿਨ੍ਹਾਂ ਨੂੰ
ਵੋਟਾਂ ਦਾ
ਲੋਕਾਂ ਦੀਆਂ ਵੋਟਾਂ ਦਾ
ਚਾਹੇ
ਆਪ ਇਸ ਦੌੜ ਵਿੱਚ ਨੇ
ਜਾਂ ਦੌੜਨ ਵਾਲੇ ਨਾਲ
ਖੜ੍ਹੇ ਨੇ
ਚਾਅ ਤਾਂ ਹੈ
ਲੋਕ ਰਾਜ ਦਾ ਥੰਮ੍ਹ
ਮਤ ਤੇ ਮਤਦਾਤਾ
ਇਨ੍ਹਾਂ ਦਾ ਸਵਾਰ
ਉਮੀਦਾਂ ਦੇਣ ਵਾਲਾ
ਸੇਵਕ ਅਖਵਾਉਣ ਵਾਲਾ
ਹਵਾ ਰੁਖ਼ ਵਾਚਦਾ
ਕੋਲ ਕਰਾਰ ਵੰਡਦਾ
ਵੋਟ ਹੱਕ ਹੈ
ਉਮੀਦ ਦੇਣ ਵਾਲੇ ਤੇ
ਰੱਖਣ ਵਾਲੇ ਦਾ
ਦੇਸ਼-ਦੇਸ਼ਾਂਤਰਾਂ ਵਿੱਚ
ਇਸ ਵਿਹਾਰ ਨੂੰ
ਲੋਕ-ਰਾਜ ਦਾ ਕੁੰਭ ਦੱਸਦੇ
ਰਾਮ-ਰਾਜ ਗਿਣਤੀ
ਦਾ ਮੁਥਾਜ ਨਾ ਹੁੰਦਾ
ਕੁਝ
ਹੋ ਸਕਦੈ ਬਹੁਤ ਕੁਝ
ਕੁਝ ਨਾ ਕੁਝ
ਜ਼ਰੂਰ ਹੈ
ਕਿਸੇ ਗ਼ਰੀਬ-ਗ਼ੁਰਬੇ ਨੂੰ
ਵਿਹਲ ਨਹੀਂ
ਦਿਹਾੜੀ ਦੀ ਚਿੰਤਾ
ਕਿਸੇ ਅਮੀਰ-ਅਮੂਰ ਨੂੰ
ਲੋੜ ਨਹੀਂ
ਕੁਝ ਅਜਿਹੇ ਵੀ
ਡਾਚੀ ਦੇ ਬੁੱਲ੍ਹਾਂ ਵਾਂਗ
ਨਾ ਹੇਠਾਂ ਨਾ ਅਸਮਾਨੀਂ
ਜੁਗਾਲੀ ਕਰਦੇ
ਝੱਗ ਉਗਲਦੇ
ਉਹ ਖ਼ੁਸ਼ ਨੇ
ਜੋ ਮਤ ਦੇ ਦਾਤਿਆਂ ਨੂੰ
ਭਰਮਾ ਰਹੇ
ਜੋ ਦਾਤੇ ਨੇ ਉਹ ਵੀ ਖ਼ੁਸ਼
ਚਾਹੇ ਦਾਨ ਦਿਵਸ ਦੀ
ਸੰਧਿਆ ਤੱਕ ਹੀ
ਕੁਝ ਖ਼ੁਸ਼ ਹਨ
ਕਿ
ਹੱਕ ਸਹੀ ਵਰਤ ਲਿਆ
ਉਮੀਦਾਂ ਦੇਣ ਵਾਲਾ
ਜਿੱਤ ਗਿਆ
ਕਿ ਹਰ ਗਿਆ
ਸੰਪਰਕ: 94176-35053
* * *
ਵੋਟ ਦੀ ਤਾਕਤ...
ਮਨਜੀਤ ਕੌਰ ਧੀਮਾਨ
ਲੋਕੋ ਵੋਟ ਦੀ ਤਾਕਤ ਪਹਿਚਾਣੋ,
ਐਵੇਂ ਨਾ ਇਹਨੂੰ ਵਾਧੂ ਬੋਝ ਜਾਣੋ।
ਜੇਕਰ ਅੱਜ ਜਾਗ ਕੇ ਪਾਈ ਵੋਟ,
ਫੇਰ ਹੱਸ ਖੇਡ ਕੇ ਜ਼ਿੰਦਗ਼ੀ ਮਾਣੋ।
ਲੋਕੋ ਵੋਟ...
ਜਿਹੜੇ ਵੰਡਦੇ ਸ਼ਰਾਬਾਂ, ਨਸ਼ੇ, ਸੂਟ,
ਉਨ੍ਹਾਂ ਤੋਂ ਪਾਸਾ ਵੱਟਣਾ ਹੀ ਚੰਗਾ।
ਜੋ ਅੱਜ ਖਰੀਦਣਗੇ ਤੁਹਾਡੀ ਵੋਟ,
ਕੱਲ੍ਹ ਨੂੰ ਕਰਨਗੇ ਕੋਈ ਦੰਗਾ।
ਚੰਦ ਸਿੱਕਿਆਂ ਦੀ ਖਣਕਾਰ ਸੁਣ,
ਨਾ ਖੇਹ ਫੇਰ ਪੰਜ ਸਾਲ ਛਾਣੋ।
ਲੋਕੋ ਵੋਟ...
ਜੇ ਮਿਲੇ ਅਧਿਕਾਰ ਸੰਵਿਧਾਨ ਤੋਂ,
ਤਾਂ ਕੁਝ ਫ਼ਰਜ਼ ਵੀ ਨਿਭਾਉਣੇ ਪੈਣੇ।
ਰੱਖਣੀ ਏ ਬਰਕਰਾਰ ਆਜ਼ਾਦੀ ਤਾਂ,
ਸਿੱਖ ਲਓ ਫਿਰ ਫ਼ੈਸਲੇ ਸਹੀ ਲੈਣੇ।
ਊਚ-ਨੀਚ, ਵੱਡਾ-ਛੋਟਾ ਛੱਡ ਕੇ,
ਇਮਾਨਦਾਰੀ ਦੀ ਜਿੱਤ ਠਾਣੋ।
ਲੋਕੋ ਵੋਟ...
ਚਮਚੇ ਬਣ ਪਿੱਛੇ ਘੁੰਮ ਫਿਰ ਕੇ,
’ਕੱਠਾ ਕਰ ਲਓਗੇ ਕਿੰਨਾ ਕੁ ਭਲਾ?
ਆਖ਼ਰ ਇਹ ਚਾਂਦਨੀ ਚਾਰ ਦਿਨ ਦੀ,
ਫਿਰ ਉਹੀ ਰੋਣੇ ਧੋਣੇ ਰਹਿਣੇ ਸਦਾ।
ਮੁਫ਼ਤੋ ਮੁਫ਼ਤੀ ਦੇ ਲਾਲਚ ਵਿੱਚ,
ਰਹਿ ਨਾ ਜਾਇਓ ਰੋਟੀ ਸੁੱਖ ਦੀ ਖਾਣੋਂ।
ਲੋਕੋ ਵੋਟ...
ਸੰਪਰਕ: 94646-33059
* * *
ਮੇਲਾ ਲੋਕਤੰਤਰ
ਪੋਰਿੰਦਰ ਸਿੰਗਲਾ ਢਪਾਲੀ
ਲੋਕਤੰਤਰ ਦਾ ਮੇਲਾ ਮਿੱਤਰੋ,
ਪੰਜ ਸਾਲ ਬਾਅਦ ਫੇਰ ਆਊ।
ਸੋਚ ਸਮਝ ਕੇ ਵੋਟਾਂ ਪਾਇਓ
ਸੋਚ ਤੁਹਾਡੀ ਹੀ ਰੰਗ ਲਿਆਊ।
ਨਾ ਵਿਕਿਓ ਨਾ ਪਿੱਛੇ ਲੱਗਿਓ,
ਆਪਣੀ ਜ਼ਮੀਰ ’ਤੇ ਪਹਿਰਾ ਰੱਖਿਓ।
ਕਿਸੇ ਡੇਰੇ ਜਾਂ ਧਰਮ ਦੇ ਨਾਂ ’ਤੇ,
ਆਪਣੀ ਵੋਟ ਨਾ ਐਵੇਂ ਸੁੱਟਿਓ।
ਅੱਜ ਦਾ ਦਿਨ ਤੁਸੀਂ ਵੋਟਰ ਬਾਦਸ਼ਾਹ,
ਤੋਹਾਡਾ ਫ਼ੈਸਲਾ ਯੁੱਗ ਬਦਲਾਊ।
ਸੋਚ ਸਮਝ ਕੇ ਵੋਟਾਂ ਪਾਇਓ
ਸੋਚ ਤੁਹਾਡੀ ਹੀ ਰੰਗ ਲਿਆਊ।
ਸਾਡੀ ਹੀ ਉੱਨ ਦੇ ਕੰਬਲ ਵੰਡ ਕੇ,
ਸਾਡੇ ’ਤੇ ਅਹਿਸਾਨ ਜਤਾਉਂਦੇ।
ਚਾਰ ਸਾਲ ਮਨ ਆਈਆਂ ਕਰਕੇ,
ਵੋਟਾਂ ਵੇਲੇ ਹਰਾ ਹਰਾ ਦਿਖਾਉਂਦੇ।
ਅੱਜ ਦਾ ਗਿਰਗਿਟ ਰੰਗ ਬਦਲ ਕੇ,
ਪੰਜਾਂ ਸਾਲਾਂ ਨੂੰ ਫਿਰ ਆਊ।
ਸੋਚ ਸਮਝ ਕੇ ਵੋਟਾਂ ਪਾਇਓ
ਸੋਚ ਤੁਹਾਡੀ ਹੀ ਰੰਗ ਲਿਆਊ।
ਆਪਣੀ ਆਪਣੀ ਰੋਟੀ ਸੇਕਣ
ਕਦੇ ਡੇਰੇ ਕਦੇ ਧਰਮ ਨੂੰ ਖ਼ਤਰਾ।
ਤੂੰ ਵੋਟਰ ਭਗਵਾਨ ਹੈਂ ਇੱਕ ਦਿਨ
ਆਪਣਾ ਰੰਗ ਦਿਖਾ ਦੇ ਮਿੱਤਰਾ।
ਤੇਰਾ ਅੱਜ ਦਾ ਸਹੀ ਫ਼ੈਸਲਾ
ਲੋਕ ਰਾਜ ਦੀ ਲਾਜ ਬਚਾਊ।
ਸੋਚ ਸਮਝ ਕੇ ਵੋਟਾਂ ਪਾਇਓ
ਸੋਚ ਤੁਹਾਡੀ ਹੀ ਰੰਗ ਲਿਆਊ।
ਸੰਪਰਕ: 95010-00276
* * *
ਵੋਟ
ਜਗਜੀਤ ਸਿੰਘ ਲੱਡਾ
ਡਰ ਨਾ ਕਿ ਧੁੱਪ ਦਾ ਬਹਾਨਾ ਲਾਵਾਂਗੇ।
ਅਸੀਂ ਭਾਈ! ਵੋਟ ਤਾਂ ਜ਼ਰੂਰ ਪਾਵਾਂਗੇ।
ਪੰਜ ਸਾਲਾਂ ਪਿੱਛੋਂ ਇਹ ਮਸਾਂ ਆਉਂਦੀਆਂ,
ਸਾਨੂੰ ਬਾਦਸ਼ਾਹ ਨੇ ਮਹਿਸੂਸ ਕਰਾਉਂਦੀਆਂ,
ਸੁਣਨੀ ਸਭ ਦੀ ਪਰ ਆਪਣੀ ਚਲਾਵਾਂਗੇ।
ਅਸੀਂ ਭਾਈ! ਵੋਟ ਤਾਂ ਜ਼ਰੂਰ ਪਾਵਾਂਗੇ।
ਪੰਜਾ, ਝਾੜੂ, ਤੱਕੜੀ ਵੀ ਸਭ ਠੀਕ ਨੇ,
ਹਾਥੀ, ਫੁੱਲ ਪਹੁੰਚ ਰਹੇ ਦਰਾਂ ਤੀਕ ਨੇ,
ਵਰਤਾਂਗੇ ਸਮਝ ਭਾਸ਼ਣ ਸੁਣੀ ਜਾਵਾਂਗੇ।
ਅਸੀਂ ਭਾਈ! ਵੋਟ ਤਾਂ ਜ਼ਰੂਰ ਪਾਵਾਂਗੇ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਮੰਨਾਂਗੇ,
ਲਾਲਚ ’ਚ ਆ ਕੇ ਨਾ ਕਾਨੂੰਨ ਭੰਨਾਂਗੇ,
ਪੀਣੀ ਨਾ ਸ਼ਰਾਬ ਨਾ ਪੈਸੇ ਖਾਵਾਂਗੇ।
ਅਸੀਂ ਭਾਈ! ਵੋਟ ਤਾਂ ਜ਼ਰੂਰ ਪਾਵਾਂਗੇ।
ਆਪਣੀ ਪਸੰਦ ਦੀ ਸਰਕਾਰ ਬਣਾ ਕੇ,
ਮਾਣਨੇ ਨੇ ਸੁੱਖ ਚੰਗੇ ਕੰਮ ਕਰਾ ਕੇ,
‘ਲੱਡੇ’ ਚੰਗੇ ਲੀਡਰ ਦੇ ਗੁਣ ਗਾਵਾਂਗੇ।
ਅਸੀਂ ਭਾਈ! ਵੋਟ ਤਾਂ ਜ਼ਰੂਰ ਪਾਵਾਂਗੇ।
ਸੰਪਰਕ: 98555-31045
* * *
ਕਿੱਥੇ ਗਏ ਮਸਲੇ...
ਹਰਪ੍ਰੀਤ ਪੱਤੋ
ਕਿੱਥੇ ਗਏ? ਅੱਜ ਮਸਲੇ ਪਾਣੀਆਂ ਦੇ,
ਇਨ੍ਹਾਂ ਦਿੱਤੇ ਕਾਸਤੋਂ ਛੋੜ ਮੀਆਂ।
ਮਿਹਣੋ ਮਿਹਣੀ ਲੀਡਰ ਹੋਈ ਜਾਂਦੇ,
ਇੱਕ ਕੁਰਸੀ ਦੀ ਲੱਗੀ ਹੋੜ ਮੀਆਂ।
ਭੋਲੀ ਜਨਤਾ ਜਾਵੇ ਭਾਵੇਂ ਖੂਹ ਢੱਠੇ,
ਇਹ ਸਟੇਜਾਂ ’ਤੇ ਕਰਦੇ ਚੌੜ ਮੀਆਂ।
ਵੋਟਾਂ ਲੈਣ ਤੱਕ ਪਖੰਡ ਬੜੇ ਕਰਦੇ,
ਪਿੱਛੋਂ ਕੱਢਣ ਫਿਰ ਘਰੋੜ ਮੀਆਂ।
ਹੋਰ ਸੁਣੋ! ਜਾਇਦਾਦ ਘੱਟ ਦੱਸਦੇ,
ਹੁੰਦੀ ਅਰਬਾਂ, ਦੱਸਣ ਕਰੋੜ ਮੀਆਂ।
ਸਰਕਾਰਾਂ ਚਾਹੀਦਾ ਬਾਕੀ ਜ਼ਬਤ ਕਰਕੇ,
ਪੂਰੀ ਕਰੇ ਲੋਕਾਂ ਦੀ ਲੋੜ ਮੀਆਂ।
ਚਿੱਟੇ ਭਗਵੇਂ ਲੁੱਟ ਲਿਆ ਦੇਸ਼ ਸਾਡਾ,
ਬਾਦਸ਼ਾਹ ਬਣਦੇ ਬੋਲ ਗਪੌੜ ਮੀਆਂ।
ਹਰਪ੍ਰੀਤ ਪੱਤੋ, ਸਿਆਸਤ ਕਰ ਗੰਧਲੀ,
ਨਾਲ ਥੁੱਕਾਂ ਬਣਾਉਣ ਪਕੌੜ ਮੀਆਂ।
ਸੰਪਰਕ: 94658-21417
* * *
ਕੀ ਆਖਾਂ ਤੈਨੂੰ?
ਗੁਰਮੀਤ ਸਿੰਘ ਮਦਨੀਪੁਰ
ਕੀ ਆਖਾਂ ਤੈਨੂੰ ਦੱਸ
ਧਰਤੀ ਦਿਆ ਪੁੱਤਰਾ ਓਏ
ਉਹਦੀ ਹਿੱਕ ’ਤੇ ਵੀ ਤੂੰ ਤਾਂ
ਅੱਗ ਨੂੰ ਬਾਲੀ ਜਾਂਦਾ ਏਂ
ਪੰਛੀ ਜਨੌਰ ਤੇ ਸਣੇ
ਬੋਟ ਆਲ੍ਹਣਿਆਂ ਦੇ
ਇੱਕੋ ਤੀਲ੍ਹੀ ਨਾਲ
ਰਾਖ ਬਣਾਈ ਜਾਂਦਾ ਏਂ
ਕੀਟ ਪਤੰਗੇ ਸੱਪ ਸੱਭੇ ਤਿਤਲੀਆਂ
ਸਣੇ ਗੰਡੋਏ ਮਿੱਤਰ ਮਿੱਟੀ ਦੇ
ਲਾਂਬੂ ਲਾਕੇ ਸੱਜਣਾ ਤੂੰ ਆਪੇ ਹੀ
ਹਰ ਵਰ੍ਹੇ ਦਫ਼ਨਾਈ ਜਾਂਦਾ ਏਂ
ਜਿਸ ਦੀ ਕੁੱਖ ’ਚੋਂ ਕੱਢਦਾ
ਮੋਤੀ ਹੀਰੇ ਫ਼ਸਲਾਂ ਦੇ
ਓਸੇ ਦੇ ਅਹਿਸਾਨ ਨੂੰ
ਲਟ ਲਟ ਜਲ਼ਾਈ ਜਾਂਦਾ ਏਂ
ਛਾਂ ਠੰਢੀ ਜੀਹਦੇ ਥੱਲੇ
ਬਹਿ ਕੇ ਆਰਾਮ ਕਰੇਂ
ਓਸੇ ਰੁੱਖ ਨੂੰ ਕਿਉਂ
ਝੁਲਸਾਈ ਜਾਂਦਾ ਏਂ
ਮੌਲ਼ਦੀ ਸੀ ਕਦੇ ਹਰਿਆਲੀ
ਬਾਬੇ ਨਾਨਕ ਦੀ ਜਿਸ ਧਰਤੀ ’ਤੇ
ਪੰਜ ਆਬ ਨੂੰ ਕਿਉਂ
ਰੁੰਡ ਮਰੁੰਡ ਬਣਾਈ ਜਾਂਦਾ ਏਂ
ਵੈਰੀ ਦੀ ਕੀ ਲੋੜ ਏ ਤੈਨੂੰ
ਦੱਸ ਖਾਂ ਭਲਾ
ਆਪਣੇ ਬਾਲਾਂ ਨਾਲ ਹੀ
ਵੈਰ ਕਮਾਈ ਜਾਂਦਾ ਏਂ
ਹੋ ਸੰਭਲ ਜਾਗ ਅੰਨਦਾਤੇ
ਕੁਝ ਤਾਂ ਹੋਸ਼ ਕਰ
ਆਪਣੇ ਹੀ ਅੱਗੇ ਨੂੰ
ਅੱਗ ’ਚ ਮੁਕਾਈ ਜਾਂਦਾ ਏਂ।
* * *
ਖੇਤਾਂ ਦੇ ਵਿੱਚ ਕਾਲਖ਼ ਹੋਈ
ਅਮਰਪ੍ਰੀਤ ਸਿੰਘ ਝੀਤਾ
ਖੇਤਾਂ ਦੇ ਵਿੱਚ ਕਾਲਖ਼ ਹੋਈ
ਜਾਪੇ ਮਾਨਵਤਾ ਹੈ ਮੋਈ।
ਧਰਤੀ ਨੂੰ ਉਹ ਆਖਣ ਮਾਤਾ,
ਅਗਨੀ ਭੇਟ ਕਰਨ ਮਾਂ ਸੋਈ।
ਲਾਲਚ ਦੇ ਵੱਸ ਹੋ ਕੇ ਬੰਦਾ,
ਬਣ ਜਾਂਦਾ ਨਰਕਾਂ ਦਾ ਢੋਈ।
ਦੇਖ ਅਗਨ ਨੇ ਲੂਹੀ ਧਰਤੀ,
ਤੈਨੂੰ ਤਰਸ ਰਤਾ ਨਾ ਕੋਈ।
ਨਾਸ਼ੁਕਰੇ ਨੇ ਰੁੱਖ ਜਦ ਸਾੜੇ,
ਰੁੱਖ ਤੋਂ ਉੱਜੜੀ ਬੁਲਬੁਲ ਰੋਈ।
ਧਰਤਿ ਹਰੀ ਤਾਂ ਹੈ ਖੁਸ਼ਹਾਲੀ,
ਇਸ ਵਿੱਚ ਬਰਕਤ ਦੇਖ ਸਮੋਈ।
‘ਅਮਰ’ ਕਹੇ ਨਾ ਸਾੜੋ ਧਰਤੀ,
ਸੰਗ ਸ਼ਰਮ ਦੀ ਸਾਂਭੋ ਲੋਈ।
ਸੰਪਰਕ: 97791-91447