ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ: ਭਾਰਤ ਤੇ ਮਲੇਸ਼ੀਆ ਵਿਚਾਲੇ ਮੁਕਾਬਲਾ ਅੱਜ
ਹੁਲੁਨਬੂਈਰ (ਚੀਨ), 10 ਸਤੰਬਰ
ਪਹਿਲੇ ਦੋ ਮੈਚਾਂ ’ਚ ਮਿਲੀ ਜਿੱਤ ਤੋਂ ਉਤਸ਼ਾਹਿਤ ਮੌਜੂਦਾ ਚੈਂਪੀਅਨ ਭਾਰਤੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਭਲਕੇ ਇੱਥੇ ਮਲੇਸ਼ੀਆ ਖ਼ਿਲਾਫ਼ ਹੋਣ ਵਾਲੇ ਮੈਚ ’ਚ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਲਈ ਉਤਰੇਗੀ। ਭਾਰਤੀ ਟੀਮ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਲਈ ਮੈਦਾਨੀ ਗੋਲ ਨਾ ਕਰ ਸਕਣਾ ਚਿੰਤਾ ਦਾ ਵਿਸ਼ਾ ਸੀ। ਭਾਰਤ ਨੇ ਪੈਰਿਸ ਵਿੱਚ 15 ਗੋਲ ਕੀਤੇ ਸਨ ਪਰ ਇਨ੍ਹਾਂ ਵਿੱਚ ਸਿਰਫ਼ ਤਿੰਨ ਮੈਦਾਨੀ ਗੋਲ ਸ਼ਾਮਲ ਸਨ। ਹਾਲਾਂਕਿ ਮੌਜੂਦਾ ਟੂਰਨਾਮੈਂਟ ’ਚ ਟੀਮ ਨੌਜਵਾਨ ਸਟ੍ਰਾਈਕਰਾਂ ਨੇ ਇਨ੍ਹਾਂ ਚਿੰਤਾਵਾਂ ਨੂੰ ਕੁਝ ਹੱਦ ਤੱਕ ਘਟਾ ਦਿੱਤਾ ਹੈ। ਓਲੰਪਿਕ ਤੋਂ ਬਾਅਦ ਸੰਨਿਆਸ ਲੈ ਚੁੱਕੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਵੀ ਇਸ ਖੇਤਰ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਭਾਰਤੀ ਡਿਫੈਂਸ ਲਾਈਨ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਓਲੰਪਿਕ ਵਿੱਚ ਟੀਮ ਨੂੰ ਲਗਾਤਾਰ ਦੂਜਾ ਕਾਂਸੇ ਦਾ ਤਗ਼ਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਹੁਣ ਤੱਕ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਪਹਿਲੇ ਮੈਚ ਵਿੱਚ ਮੇਜ਼ਬਾਨ ਚੀਨ ਨੂੰ 3-0 ਨਾਲ ਹਰਾ ਕੇ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਅਗਲੇ ਮੈਚ ਵਿੱਚ ਉਸ ਨੇ ਜਾਪਾਨ ਨੂੰ 5-1 ਨਾਲ ਹਰਾਇਆ। ਭਾਰਤ ਨੇ ਹੁਣ ਤੱਕ ਅੱਠ ਗੋਲ ਕੀਤੇ ਹਨ, ਜਿਨ੍ਹਾਂ ’ਚੋਂ ਸੱਤ ਮੈਦਾਨੀ ਗੋਲ ਸ਼ਾਮਲ ਹਨ। ਮੌਜੂਦਾ ਲੈਅ ਦੇਖਦਿਆਂ ਭਾਰਤੀ ਟੀਮ ਇਹ ਟੂਰਨਾਮੈਂਟ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਉਹ ਇਸ ਤੋਂ ਪਹਿਲਾਂ ਚਾਰ ਵਾਰ ਚੈਂਪੀਅਨ ਰਹਿ ਚੁੱਕੀ ਹੈ। -ਪੀਟੀਆਈ