For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਖੇਡਾਂ: ਸਭ ਤੋਂ ਵੱਡੇ ਖੇਡ ਦਲ ਨਾਲ ਉਤਰਿਆ ਭਾਰਤ

07:50 AM Sep 23, 2023 IST
ਏਸ਼ਿਆਈ ਖੇਡਾਂ  ਸਭ ਤੋਂ ਵੱਡੇ ਖੇਡ ਦਲ ਨਾਲ ਉਤਰਿਆ ਭਾਰਤ
Advertisement

ਨਵਦੀਪ ਸਿੰਘ ਗਿੱਲ

Advertisement

ਅੱਜ ਤੋਂ ਹਾਂਗਜ਼ੂ ਵਿਖੇ ਸ਼ੁਰੂ ਹੋਈਆਂ 19ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਸਭ ਤੋਂ ਵੱਡੇ ਖੇਡ ਦਲ ਨਾਲ ਉਤਰਿਆ ਹੈ। 653 ਮੈਂਬਰੀ ਖੇਡ ਦਲ ਨਾਲ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਹੁਣ ਤਕ ਦਾ ਇਹ ਸਭ ਤੋਂ ਵੱਡਾ ਖਿਡਾਰੀ ਦਲ ਹੈ। ਇਸ ਵਿਚ 328 ਪੁਰਸ਼ ਤੇ 325 ਔਰਤਾਂ ਹਨ। ਇਸ ਦੇ ਨਾਲ ਹੀ ਭਾਰਤ ਛੇ ਹੋਰ ਮੁਲਕਾਂ ਦੇ ਨਾਲ ਸਾਰੀਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਵਾਲਾ ਮੁਲਕ ਵੀ ਬਣ ਗਿਆ। ਭਾਰਤ ਨੇ ਹੁਣ ਤਕ ਸਾਰੀਆਂ ਯਾਨੀ 18 ਏਸ਼ਿਆਈ ਖੇਡਾਂ ਵਿਚ ਹਿੱਸਾ ਲੈਂਦਿਆਂ 155 ਸੋਨੇ, 201 ਚਾਂਦੀ ਤੇ 316 ਕਾਂਸੀ ਦੇ ਤਮਗ਼ਿਆਂ ਸਣੇ ਕੁਲ 672 ਤਮਗ਼ੇ ਜਿੱਤੇ ਹਨ ਅਤੇ ਓਵਰ ਆਲ ਏਸ਼ਿਆਈ ਖੇਡਾਂ ਦੀ ਤਮਗ਼ਾ ਸੂਚੀ ਵਿਚ ਭਾਰਤ ਦਾ ਪੰਜਵਾਂ ਸਥਾਨ ਹੈ। ਪਿਛਲੀ ਵਾਰ ਜਕਾਰਤਾ ਵਿਖੇ 2018 ਵਿਚ ਹੋਈਆਂ 18ਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਨੇ 16 ਸੋਨੇ, 24 ਚਾਂਦੀ ਤੇ 30 ਕਾਂਸੀ ਦੇ ਤਮਗ਼ਿਆਂ ਨਾਲ ਕੁਲ 70 ਤਮਗ਼ੇ ਜਿੱਤੇ ਸਨ ਅਤੇ ਤਮਗ਼ਾ ਸੂਚੀ ਵਿਚ ਅੱਠਵਾਂ ਸਥਾਨ ਹਾਸਲ ਕੀਤਾ ਸੀ। ਜਕਾਰਤਾ ਵਿਖੇ ਭਾਰਤ ਨੇ ਸਭ ਤੋਂ ਵੱਧ ਅੱਠ ਸੋਨ ਤਮਗ਼ੇ ਇਕੱਲੀ ਅਥਲੈਟਿਕਸ ਵਿਚ ਜਿੱਤੇ ਸਨ; ਕੁਸ਼ਤੀ ਤੇ ਨਿਸ਼ਾਨੇਬਾਜ਼ੀ ਵਿੱਚ ਦੋ-ਦੋ ਅਤੇ ਟੈਨਿਸ, ਮੁੱਕੇਬਾਜ਼ੀ, ਰੋਇੰਗ ਤੇ ਬ੍ਰਿਜ ਵਿਚ ਇਕ-ਇਕ ਸੋਨ ਤਮਗ਼ਾ ਜਿੱਤਿਆ ਸੀ।
ਹਾਂਗਜ਼ੂ ਵਿਖੇ ਵੀ ਭਾਰਤੀ ਖੇਡ ਦਲ ਨੂੰ ਸਭ ਤੋਂ ਵੱਧ ਆਸਾਂ ਅਥਲੈਟਿਕਸ ਤੋਂ ਹਨ। ਭਾਰਤ ਦੇ ਸਭ ਤੋਂ ਵੱਧ 68 ਖਿਡਾਰੀ ਅਥਲੈਟਿਕਸ ਟੀਮ ਦਾ ਹਿੱਸਾ ਹਨ ਜਿਨ੍ਹਾਂ ਦੀ ਅਗਵਾਈ ਓਲੰਪਿਕ ਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਕਰ ਰਿਹਾ ਹੈ। ਨੀਰਜ ਦੇ ਨਾਲ ਹੋਰ ਜੈਵਲਿਨ ਖਿਡਾਰੀ, ਪੁਰਸ਼ਾਂ ਤੇ ਔਰਤਾਂ ਦੀ ਰਿਲੇਅ ਦੌੜ, ਸਟੀਪਲਚੇਜ, ਲੰਬੀ ਛਾਲ ਅਤੇ ਥਰੋਅ ਈਵੈਂਟਾਂ ਵਿਚ ਭਾਰਤ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਵਿਅਕਤੀਗਤ ਖੇਡਾਂ ਦੀ ਗੱਲ ਕਰੀਏ ਤਾਂ ਅਥਲੈਟਿਕਸ ਤੋਂ ਬਾਅਦ ਸਭ ਤੋਂ ਵੱਧ ਖਿਡਾਰੀ ਨਿਸ਼ਾਨੇਬਾਜ਼ੀ ਵਿਚ ਹਨ। 33 ਨਿਸ਼ਾਵੇਬਾਜ਼ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਨਿਸ਼ਾਨੇਬਾਜ਼ੀ ਖੇਡ ਬਾਹਰ ਰਹਿਣ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਇਸ ਵਾਰ ਏਸ਼ਿਆਈ ਖੇਡਾਂ ਵਿਚ ਆਪਣੇ ਜੌਹਰ ਦਿਖਾਉਣ ਲਈ ਉਤਾਵਲੇ ਹਨ। ਅਨੀਸ਼ ਬਨਵਾਲਾ, ਵਿਜੇਵੀਰ ਸਿੱਧੂ, ਮੇਹੁਲੀ ਘੋਸ਼, ਗਨੀਮਤ ਸੇਖੋਂ, ਰਾਜੇਸ਼ਵਰੀ ਕੁਮਾਰੀ ਅਤੇ ਸਿਫ਼ਤ ਕੌਰ ਸਮਰਾ ’ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਇਸ ਵਾਰ 33 ਖਿਡਾਰੀ ਰੋਇੰਗ ਵਿਚ ਆਪਣੀ ਜ਼ੋਰ ਅਜ਼ਮਾਇਸ਼ ਕਰਨਗੇ। ਪਿਛਲੇ ਚੈਂਪੀਅਨ ਸੁਖਮੀਤ ਸਿੰਘ ਸਮੇਤ ਕਈ ਪੰਜਾਬੀ ਖਿਡਾਰੀ ਇਸ ਖੇਡ ਵਿਚ ਖੇਡਦੇ ਨਜ਼ਰ ਆਉਣਗੇ।
ਕੁਸ਼ਤੀ ’ਚ 18 ਭਾਰਤੀ ਖਿਡਾਰੀ ਤਮਗ਼ਾ ਜਿੱਤਣ ਲਈ ਵਾਹ ਲਾਉਣਗੇ। ਬਜਰੰਗ ਪੂਨੀਆ, ਦੀਪਕ ਪੂਨੀਆ ਮੁੱਖ ਖਿੱਚ ਦਾ ਕੇਂਦਰ ਹੋਣਗੇ। ਤੀਰਅੰਦਾਜ਼ੀ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਭਾਰਤੀ ਤੀਰਅੰਦਾਜ਼ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਵਿਸ਼ਵ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਦੇ ਮੁਕਾਬਲਿਆਂ ਵਿਚ ਚੰਗੇ ਨਤੀਜੇ ਦੇਣ ਤੋਂ ਬਾਅਦ ਹੁਣ 16 ਤੀਰਅੰਦਾਜ਼ ਏਸ਼ਿਆਈ ਖੇਡਾਂ ਵਿਚ ਨਿਸ਼ਾਨੇ ਸੇਧਣਗੇ। ਪ੍ਰਨੀਤ ਕੌਰ ਦੀ ਅਗਵਾਈ ਹੇਠਲੀ ਮਹਿਲਾ ਕੰਪਾਊਂਡ ਟੀਮ ਵੱਡੀ ਦਾਅਵੇਦਾਰ ਹੈ। ਬੈਡਮਿੰਟਨ ਵਿਚ ਹਾਲਾਂਕਿ ਏਸ਼ੀਅਨ ਮੁਲਕਾਂ ਦੇ ਦਬਦਬੇ ਕਾਰਨ ਚੁਣੌਤੀ ਕਦੇ ਵੀ ਸੁਖਾਲੀ ਨਹੀਂ ਹੁੰਦੀ, ਪਰ ਫੇਰ ਵੀ 19 ਭਾਰਤੀ ਬੈਡਮਿੰਟਨ ਖਿਡਾਰੀ ਇਸ ਵਾਰ ਵੀ ਤਮਗ਼ੇ ਜਿੱਤਣ ਲਈ ਪਸੀਨਾ ਵਹਾਉਣਗੇ। ਪੀਵੀ ਸਿੰਧੂ, ਸ੍ਰੀਕਾਂਤ ਕਦਾਂਬੀ, ਐੱਚ.ਐੱਸ.ਪ੍ਰਣੋਏ, ਚਿਰਾਗ ਸ਼ੈਟੀ, ਰਾਣਿਕਰੈਡੀ ਤੋਂ ਇਲਾਵਾ ਥੌਮਸ ਕੱਪ ਜੇਤੂ ਪੁਰਸ਼ ਟੀਮ ਤੋਂ ਵੱਡੀਆਂ ਉਮੀਦਾਂ ਹਨ। ਪੰਜਾਬੀ ਖਿਡਾਰੀ ਧਰੁਵ ਕਪਿਲਾ ਡਬਲਜ਼ ਵਿਚ ਹਿੱਸਾ ਲੈ ਰਿਹਾ ਹੈ।
13 ਮੁੱਕੇਬਾਜ਼ ਵੀ ਤਮਗ਼ੇ ਜਿੱਤਣ ਲਈ ਰਿੰਗ ਵਿਚ ਉਤਰ ਰਹੇ ਹਨ। ਮਹਿਲਾ ਵਰਗ ਵਿੱਚ ਓਲੰਪਿਕ ਚੈਂਪੀਅਨ ਲਵਲੀਨਾ ਬੋਰਗੇਨ ਤੇ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ ਅਤੇ ਪੁਰਸ਼ ਮੱਕੇਬਾਜ਼ ਸ਼ਿਵ ਥਾਪਾ ਵੱਡੇ ਦਾਅਵੇਦਾਰ ਹਨ। ਵੇਟਲਿਫਟਿੰਗ ਵਿੱਚ ਸਿਰਫ਼ ਦੋ ਮਹਿਲਾ ਵੇਟਲਿਫਟਰ ਹਿੱਸਾ ਲੈ ਰਹੀਆਂ ਹਨ। ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਮੀਰਾਬਾਈ ਚਾਨੂੰ ਤੋਂ ਸੋਨੇ ਦਾ ਭਾਰ ਚੁੱਕਣ ਦੀ ਪੂਰੀ ਉਮੀਦ ਹੈ। ਟੇਬਲ ਟੈਨਿਸ ਵਿਚ 10 ਖਿਡਾਰੀ ਸਭ ਤੋਂ ਤਜਰਬੇਕਾਰ ਸ਼ਰਕ ਕਮਲ ਤੇ ਮਨਿਕਾ ਬੱਤਰਾ ਦੀ ਅਗਵਾਈ ਵਿਚ ਉਤਰਨਗੇ। ਇਸ ਤੋਂ ਇਲਾਵਾ ਸਕੂਐਸ਼, ਬ੍ਰਿਜ, ਟੈਨਿਸ, ਜੂਡੋ ਅਤੇ ਨਵੀਆਂ ਸ਼ਾਮਲ ਮਾਰਸ਼ਲ ਆਰਟ, ਈਸਪੋਰਟਸ ਖੇਡਾਂ ਵਿਚ ਵੀ ਭਾਰਤ ਨੂੰ ਤਮਗ਼ਾ ਜਿੱਤਣ ਦੀਆਂ ਉਮੀਦਾਂ ਹਨ।
ਟੀਮ ਖੇਡਾਂ ਦੀ ਗੱਲ ਕਰੀਏ ਤਾਂ ਹਾਕੀ, ਕ੍ਰਿਕਟ ਤੇ ਕਬੱਡੀ ਵਿਚ ਭਾਰਤ ਨੂੰ ਸਭ ਤੋਂ ਵੱਧ ਉਮੀਦਾਂ ਹਨ। ਓਲੰਪਿਕ ਤੇ ਰਾਸ਼ਟਰਮੰਡਲ ਖੇਡਾਂ ਦਾ ਤਮਗ਼ਾ ਜਿੱਤਣ ਅਤੇ ਏਸ਼ੀਅਨ ਚੈਂਪੀਅਨ ਟਰਾਫੀ ਦੀ ਜੇਤੂ ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਸੋਨ ਤਮਗ਼ੇ ਦੇ ਨਾਲ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ’ਤੇ ਟੇਕ ਰੱਖ ਰਹੀ ਹੈ। ਭਾਰਤ ਨੇ ਪਿਛਲੀ ਵਾਰ 2014 ਵਿਚ ਇੰਚੇਓਨ ਵਿਖੇ ਸੋਨ ਤਮਗ਼ਾ ਜਿੱਤਿਆ ਸੀ। ਇਸ ਵਾਰ ਭਾਰਤ ਦਾ ਟੀਮ ਦੀ ਫਾਰਮ ਅਤੇ ਦਰਜਾਬੰਦੀ ਦੇ ਹਿਸਾਬ ਨਾਲ ਸੋਨ ਤਮਗ਼ਾ ਜਿੱਤਣ ਦਾ ਸਭ ਤੋਂ ਮਜ਼ਬੂਤ ਦਾਅਵਾ ਹੈ। ਮਹਿਲਾ ਹਾਕੀ ਟੀਮ ਵੀ ਤਮਗ਼ੇ ਦੀ ਵੱਡੀ ਦਾਅਵੇਦਾਰ ਹੈ।
ਕ੍ਰਿਕਟ ਵਿਚ ਇਸ ਵਾਰ ਵਿਸ਼ਵ ਕੱਪ ਕਰਕੇ ਪੁਰਸ਼ ਵਰਗ ਵਿਚ ਪ੍ਰਮੁੱਖ ਟੀਮਾਂ ਹਿੱਸਾ ਨਹੀਂ ਲੈ ਰਹੀਆਂ। ਰਿਤੂਰਾਜ ਗਾਇਕਵਾੜ ਦੀ ਕਪਤਾਨੀ ਹੇਠ ਭਾਰਤੀ ਟੀਮ ਕੋਲ ਟਵੰਟੀ-20 ਦਾ ਚੰਗਾ ਤਜਰਬਾ ਹੈ। ਆਈ.ਪੀ.ਐੱਲ. ਦਾ ਤਜਰਬਾ ਵੀ ਕੰਮ ਆਵੇਗਾ ਅਤੇ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਅਰਸ਼ਦੀਪ ਸਿੰਘ ਦੀ ਮੌਜੂਦਗੀ ਵਿਚ ਭਾਰਤੀ ਪੁਰਸ਼ ਟੀਮ ਤਮਗ਼ੇ ਜਿੱਤਣ ਦੀ ਵੱਡੀ ਦਾਅਵੇਦਾਰ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਹਾਕੀ ਟੀਮ ਵੀ ਏਸ਼ਿਆਈ ਖੇਡਾਂ ਦੀਆਂ ਮਜ਼ਬੂਤ ਟੀਮਾਂ ਵਿਚੋਂ ਇਕ ਹੈ। ਕਬੱਡੀ ਵਿਚ ਭਾਰਤ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆਇਆ ਅਤੇ ਇਸ ਵਾਰ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਤੋਂ ਵੀ ਇਹੋ ਆਸਾਂ ਹਨ। ਹੋਰਨਾਂ ਟੀਮ ਖੇਡਾਂ ਵਿਚ ਭਾਰਤ ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਫੁਟਬਾਲ ਵਿਚ ਵੀ ਹਿੱਸਾ ਲੈ ਰਿਹਾ ਹੈ ਜਿਨ੍ਹਾਂ ਵਿਚ ਭਾਰਤ ਦੀ ਰੈਂਕਿੰਗ ਜ਼ਿਆਦਾ ਚੰਗੀ ਨਹੀਂ, ਪਰ ਦੇਸ਼ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਇਨ੍ਹਾਂ ਖੇਡਾਂ ਵਿਚ ਵੀ ਭਾਰਤੀ ਖੇਡ ਪ੍ਰੇਮੀਆਂ ਦੀ ਖ਼ਾਸ ਨਜ਼ਰ ਹੋਵੇਗੀ।
ਸੰਪਰਕ: 97800-36216

Advertisement

Advertisement
Author Image

sukhwinder singh

View all posts

Advertisement