ਏਐੱਸਆਈ ਬੋਹੜ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਜਸਵੰਤ ਜੱਸ
ਫ਼ਰੀਦਕੋਟ, 3 ਸਤੰਬਰ
ਗੈਂਗਸਟਰ ਤੋਂ ਚੈੱਕ ਰਾਹੀਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਘਿਰੇ ਏਐੱਸਆਈ ਬੋਹੜ ਸਿੰਘ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ। ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਨੇ ਪੁਲੀਸ ਅਧਿਕਾਰੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਉਸ ਦੀ ਅਰਜ਼ੀ ਰੱਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਸੀ। ਮਗਰੋਂ ਐੱਸਐੱਸਪੀ ਫਰੀਦਕੋਟ ਨੇ ਬੋਹੜ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਏਐੱਸਆਈ ਬੋਹੜ ਸਿੰਘ ਨੇ ਅਦਾਲਤ ਵਿੱਚ ਦਰਖਾਸਤ ਦੇ ਕੇ ਦੋਸ਼ ਲਾਏ ਹਨ ਕਿ ਵਿਧਾਨ ਸਭਾ ਦੇ ਸਪੀਕਰ ਦੇ ਭਰਾ ਬਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਉਸ ਨੂੰ ਫੋਨ ’ਤੇ ਗਾਲ਼੍ਹਾਂ ਕੱਢੀਆਂ ਸਨ ਅਤੇ ਧਮਕੀਆਂ ਦਿੱਤੀਆਂ ਸਨ। ਅਦਾਲਤ ਨੇ ਸਪੀਕਰ ਦੇ ਭਰਾ ਵੱਲੋਂ ਕਥਿਤ ਤੌਰ ’ਤੇ ਪੁਲੀਸ ਅਧਿਕਾਰੀ ਨੂੰ ਗਾਲ੍ਹਾਂ ਕੱਢਣ ਵਾਲੀ ਕਾਲ ਰਿਕਾਰਡਿੰਗ ਵੀ ਸੁਣੀ। ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਬੋਹੜ ਸਿੰਘ ਨੇ ਕਿਹਾ ਕਿ ਅਸਲ ਵਿੱਚ ਅਨੰਤਦੀਪ ਸਿੰਘ ਸ਼ਿਕਾਇਤਕਰਤਾ ਕੁਲਤਾਰ ਸਿੰਘ ਸੰਧਵਾਂ ਦਾ ਖਾਸ ਬੰਦਾ ਹੈ। ਇਸ ਲਈ ਜਿਸ ਦਿਨ ਪਰਚਾ ਦਰਜ ਹੋਇਆ ਹੈ, ਉਸ ਦਿਨ ਦੀਆਂ ਮੋਬਾਈਲ ਫੋਨਾਂ ’ਤੇ ਹੋਈ ਗੱਲਬਾਤ ਅਦਾਲਤ ਵਿੱਚ ਪੇਸ਼ ਕਰਵਾਈ ਜਾਵੇ। ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਪਰਚਾ ਦਰਜ ਹੋਣ ਤੋਂ ਪਹਿਲਾਂ ਮੁਦਈ ਦੀ ਸਿਆਸੀ ਆਗੂਆਂ ਨਾਲ ਕੀ ਗੱਲਬਾਤ ਹੋਈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਦਈ ਜਿਸ ਤਰੀਕ ਨੂੰ ਪੈਸੇ ਦੇਣ ਦਾ ਦਾਅਵਾ ਕਰ ਰਿਹਾ ਹੈ, ਉਸ ਦਿਨ ਉਹ ਜੇਲ੍ਹ ਦੀ ਗਾਰਦ ਵਿੱਚ ਤਾਇਨਾਤ ਸੀ ਅਤੇ ਕਿਸੇ ਵੀ ਤਰ੍ਹਾਂ ਮੁਦਈ ਤੋਂ ਪੈਸੇ ਲੈਣ ਦਾ ਕੋਈ ਮਤਲਬ ਨਹੀਂ ਬਣਦਾ।