ਰਿਸ਼ਵਤ ਦੇ ਦੋਸ਼ ਹੇਠ ਏਐੱਸਆਈ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 21 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏਐਸਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ 13 ਮਈ 2022 ਨੂੰ ਥਾਣਾ ਪਤਾਰਾ ਵਿੱਚ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ। ਗੁਰਪ੍ਰੀਤ ਸਿੰਘ ਤੇ ਉਸ ਦਾ ਭਰਾ ਅਮਨਪ੍ਰੀਤ ਸਿੰਘ 27 ਸਤੰਬਰ 2022 ਨੂੰ ਉਸ ਦੇ ਡੇਅਰੀ ਫਾਰਮ ’ਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿੱਚ 5 ਅਕਤੂਬਰ 2022 ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਕੇਸ ਵਿਰੁੱਧ ਐੱਸਐੱਸਪੀ ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖ਼ਾਸਤ ਦਿੱਤੀ। ਇਸ ’ਤੇ ਏਐਸਆਈ ਰਾਮ ਪ੍ਰਕਾਸ਼ ਨੂੰ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏਐਸਆਈ ਨੇ ਐਫਆਈਆਰ ਵਿੱਚੋਂ ਜਸਤੇਜ ਦਾ ਨਾਂ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਉਹ 30,000 ਰੁਪਏ ਲੈਣ ਲਈ ਮੰਨ ਗਿਆ। ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਏਐੱਸਆਈ ਨੂੰ ਰਿਸ਼ਵਤ ਲੈਂਦਿਆਂ ਮੌਕੇ ’ਤੇ ਕਾਬੂ ਕਰ ਲਿਆ। ਉਸ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿੱਚ ਕੇਸ ਦਰਜ ਕੀਤਾ ਗਿਆ ਹੈ।