ਭਾਜਪਾ ਲਈ ਮੁਸੀਬਤ ਬਣ ਸਕਦੀ ਹੈ ਅਸ਼ਵਨੀ ਸ਼ਰਮਾ ਦੀ ਚੁੱਪ
ਦੀਪਕਮਲ ਕੌਰ
ਜਲੰਧਰ, 22 ਜੁਲਾਈ
ਭਾਜਪਾ ਦਾ ਸੂਬਾ ਪ੍ਰਧਾਨ ਬਦਲਣ ਦਾ ਮਾਮਲਾ ਅੰਦਰੋਂ ਅੰਦਰੀ ਧੁਖ ਰਿਹਾ ਹੈ। ਭਾਜਪਾ ਦੇ ਨਵੇਂ ਬਣੇ ਪ੍ਰਧਾਨ ਨੂੰ ਹਾਲੇ ਤਕ ਭਾਜਪਾ ਦੇ ਪੁੁਰਾਣੇ ਆਗੂਆਂ ਤੇ ਵਰਕਰਾਂ ਨੇ ਸਵੀਕਾਰ ਨਹੀਂ ਕੀਤਾ ਹੈ, ਜਿਸ ਲਈ ਹਾਲੇ ਹੋਰ ਸਮਾਂ ਲੱਗ ਸਕਦਾ ਹੈ। ਇਸ ਮਾਮਲੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਵਜੋਂ ਹਟਾਏ ਗਏ ਅਸ਼ਵਨੀ ਸ਼ਰਮਾ ਨੇ ਵੀ ਚੁੱਪ ਵੱਟ ਲਈ ਹੈ, ਜੋ ਕਈ ਸਵਾਲ ਖੜ੍ਹੇ ਕਰ ਰਹੀ ਹੈ।
ਵਰਨਣਯੋਗ ਹੈ ਕਿ ਭਾਜਪਾ ਲੀਡਰਸ਼ਿਪ ਨੇ ਸੂਬੇ ਵਿੱਚ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਵਜੋਂ ਹਟਾ ਕੇ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਹੈ, ਜਿਸ ਕਾਰਨ ਪਾਰਟੀ ਦੇ ਟਕਸਾਲੀ ਵਰਕਰ ਨਿਰਾਸ਼ ਹਨ। ਇਹ ਵੀ ਚਰਚਾ ਹੈ ਕਿ ਅਸ਼ਵਨੀ ਸ਼ਰਮਾ ਤੱਕ ਆਮ ਆਦਮੀ ਪਾਰਟੀ ਵਲੋਂ ਪਹੁੰਚ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮੰਤਰੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਦੋ ਵਿਧਾਇਕ ਹਨ, ਜਨਿ੍ਹਾਂ ਵਿਚ ਅਸ਼ਵਨੀ ਸ਼ਰਮਾ ਪਠਾਨਕੋਟ ਅਤੇ ਜੰਗੀ ਲਾਲ ਮੁਕੇਰੀਆਂ ਤੋਂ ਵਿਧਾਇਕ ਹਨ।
ਸ੍ਰੀ ਸ਼ਰਮਾ ਨੇ ਭਾਜਪਾ ਨੂੰ ਛੱਡਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਭਾਜਪਾ ਦੇ ਸਿਧਾਂਤਾਂ ’ਤੇ ਚਲਦੇ ਆਏ ਹਨ ਜਿਸ ਬਾਰੇ ਸਾਰੇ ਭਲੀ-ਭਾਂਤ ਜਾਣੂ ਹਨ। ਇਸ ਕਰ ਕੇ ਉਹ ਅਜਿਹਾ ਕਦਮ ਚੁੱਕਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇਹ ਵੀ ਪਤਾ ਲੱਗਾ ਹੈ ਕਿ ਅਜਿਹੀਆਂ ਕਨਸੋਆਂ ਮਿਲਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਵੱਲੋਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਗਵਾਂ ਪਾਰਟੀ ਦੇ ਵਰਕਰਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਸਾਰੇ ਜ਼ਿਲ੍ਹਿਆਂ ਵਿੱਚ ਆਪਣੀ ਟੀਮ ਬਣਾਉਣਗੇ ਤੇ ਅਸ਼ਵਨੀ ਸ਼ਰਮਾ ਨਾਲ ਜੁੜੇ ਵੱਡੀ ਗਿਣਤੀ ਵਰਕਰ ਵੀ ਸ਼ਰਮਾ ਦਾ ਹੀ ਸਾਥ ਦੇਣਗੇ ਤੇ ਪਾਰਟੀ ਛੱਡਣ ਦੀ ਨੌਬਤ ਤੋਂ ਬਾਅਦ ਸਮੀਕਰਨ ਬਦਲ ਸਕਦੇ ਹਨ। ਭਾਜਪਾ ਦੇ ਇਕ ਆਗੂ ਨੇ ਦੱਸਿਆ ਕਿ ਨਗਰ ਨਿਗਮ, ਪੰਚਾਇਤ ਤੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਅਜਿਹੀ ਹਾਲਤ ਵਿਚ ਭਾਜਪਾ ਵੱਡੇ ਪੱਧਰ ’ਤੇ ਵਰਕਰਾਂ ਵਲੋਂ ਪਾਰਟੀ ਛੱਡਣ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੇਗੀ। ਜ਼ਿਕਰਯੋਗ ਹੈ ਕਿ ਜਦੋਂ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਤਾਜਪੋਸ਼ੀ ਹੋਈ ਸੀ ਤਾਂ ਭਾਜਪਾ ਦਾ ਵੋਟਾਂ ਦਾ ਗਰਾਫ ਵਧਣ ਦੀ ਸੰਭਾਵਨਾ ਸੀ ਪਰ ਸਾਬਕਾ ਸੂਬਾ ਪ੍ਰਧਾਨ ਦੀ ਚੁੱਪੀ ਕਾਰਨ ਨਵੀਆਂ ਚੁਣੌਤੀਆਂ ਆ ਖੜ੍ਹੀਆਂ ਹੋਣ ਦੇ ਆਸਾਰ ਹਨ।