ਸੁਆਹ ਦਾ ਮਾਮਲਾ: ਖੰਡ ਮਿੱਲ ਨੇ ਲਗਾਈ ਨਵੀਂ ਮਸ਼ੀਨਰੀ
ਲਾਜਵੰਤ ਸਿੰਘ
ਨਵਾਂਸ਼ਹਿਰ, 4 ਅਗਸਤ
ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਨੇ ਕਿਹਾ ਕਿ ਸਥਾਨਕ ਸਹਿਕਾਰੀ ਖੰਡ ਮਿੱਲ ਵਿੱਚ ਨਿੱਜੀ ਕੰਪਨੀ ਦੇ ਚੱਲਦੇ ਕੋ-ਜਨਰੇਸ਼ਨ ਪਾਵਰ ਪਲਾਂਟ ਵਿੱਚੋਂ ਉੱਡ ਕੇ ਸ਼ਹਿਰ ਵਾਸੀਆਂ ਉੱਤੇ ਡਿੱਗਦੀ ਖਤਰਨਾਕ ਸੁਆਹ ਨੂੰ ਬੰਦ ਕਰਾਉਣ ਦਾ ਸਿਹਰਾ ਜਥੇਬੰਦਕ ਅਤੇ ਤਿੱਖੇ ਸੰਘਰਸ਼ਾਂ ਨੂੰ ਜਾਂਦਾ ਹੈ।
ਮੰਚ ਦੀ ਮੀਟਿੰਗ ’ਚ ਕਨਵੀਨਰ ਜਸਬੀਰ ਦੀਪ ਨੇ ਕਿਹਾ ਕਿ ਸਰਾਇਆ ਕੰਪਨੀ ਲਿਮ. ਵਲੋਂ ਇਹ ਪਾਵਰ ਪਲਾਂਟ 2017 ਵਿੱਚ ਚਾਲੂ ਕੀਤਾ ਗਿਆ ਸੀ ਉਦੋਂ ਤੋਂ ਹੀ ਸ਼ਹਿਰ ਵਾਸੀਆਂ ਉੱਤੇ ਸੁਆਹ ਡਿੱਗਦੀ ਚਲੀ ਆ ਰਹੀ ਸੀ ਪਰ ਗੰਨਾ ਪਿੜਾਈ ਦੇ ਬੀਤੇ ਸੀਜ਼ਨ ਵਿੱਚ ਸੁਆਹ ਨੇ ਪਿੱਛਲੇ ਸਾਰੇ ਰਿਕਾਰਡ ਤੋੜ ਸੁੱਟੇ। ਸੁਆਹ ਤੋਂ ਪੀੜਤ ਲੋਕਾਂ ਲਈ ਸੁਆਹ ਦਾ ਮਸਲਾ ਇਕ ਭਖਵਾਂ ਮੁੱਦਾ ਬਣ ਗਿਆ ਸੀ, ਇਸ ਲਈ ਲੜਿਆ ਗਿਆ ਸੰਘਰਸ਼ ਅੰਤ ਜੇਤੂ ਹੋ ਕੇ ਨਿਕਲਿਆ। ਇਹ ਸੁਆਹ ਬੰਦ ਕਰਾਉਣ ਲਈ ਨਵਾਂਸ਼ਹਿਰ ਵਾਸੀਆਂ ਅਤੇ ਆਸ-ਪਾਸ ਦੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਕਰੀਬ ਚਾਰ ਮਹੀਨੇ ਲੰਮਾ ਤਿੱਖਾ ਘੋਲ ਲੜਿਆ।
ਮੀਟਿੰਗ ਵਿੱਚ ਪਾਵਰਕੌਮ ਵਲੋਂ ਡਿਜੀਟਲ ਮੀਟਰਾਂ ਦੀ ਥਾਂ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰ ਲਾਉਣ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਲੋਕਾਂ ਨੂੰ ਪਾਵਰਕੌਮ ਵਿਰੁੱਧ ਤਿੱਖੇ ਸੰਘਰਸ਼ ਦਾ ਸੱਦਾ ਦਿੱਤਾ ਗਿਆ। ਇਸ ਮੀਟਿੰਗ ਨੂੰ ਅਸ਼ਵਨੀ ਕੁਮਾਰ ਜੋਸ਼ੀ, ਸੋਹਨ ਸਿੰਘ ਸਲੇਮਪੁਰੀ, ਡਾਕਟਰ ਗੁਰਮਿੰਦਰ ਸਿੰਘ ਬਡਵਾਲ, ਵਿਵੇਕ ਮਾਰਕੰਡਾ, ਸਤੀਸ਼ ਕੁਮਾਰ ਲਾਲ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਸੁਤੰਤਰ ਕੁਮਾਰ, ਪਰਦੀਪ ਕੁਮਾਰ ਚਾਂਦਲਾਂ, ਜਸਵਿੰਦਰ ਸਿੰਘ ਜੱਸੀ ਸਾਬਕਾ ਐਮ.ਸੀ, ਪਰਵੀਨ ਕੁਮਾਰ ਨਿਰਾਲਾ, ਬਲਵੀਰ ਕੁਮਾਰ ਆਗੂ ਨੇ ਵੀ ਵਿਚਾਰ ਰੱਖੇ।
ਇਸ ਤੋਂ ਪਹਿਲਾਂ ਲੋਕ ਸੰਘਰਸ਼ ਮੰਚ ਦੇ ਆਗੂਆਂ ਨੇ ਮਿੱਲ ਵਿੱਚ ਜਾਕੇ ਪਾਵਰ ਪਲਾਂਟ ਦੇ ਪ੍ਰਧਾਨ ਐਸ.ਬੰਦੋਉਪਾਧਿਆਏ ਨਾਲ ਮੁਲਾਕਾਤ ਕੀਤੀ ਜਿਸ ਨੇ ਦੱਸਿਆ ਕਿ ਉਹਨਾਂ ਨੇ ਪਾਵਰ ਪਲਾਂਟ ਨੂੰ ਪੰਜ ਦਿਨ ਚਲਾ ਕੇ ਦੇਖਿਆ ਹੈ ਇਹਨਾਂ ਟਰਾਇਲ ਵਿੱਚ ਸੁਆਹ ਨਹੀਂ ਉੱਡੀ। ਉਹਨਾਂ ਦੱਸਿਆ ਕਿ ਸੁਆਹ ਉੱਡਣੋ ਹਟਾਉਣ ਲਈ ਬੈੱਟਸਕਰੱਬਰ ਦੀ ਨਵੀਂ ਮਸ਼ੀਨਰੀ ਅਤੇ ਹੋਰ ਨਵੀਂ ਮਸ਼ੀਨਰੀ ਲਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੁਆਹ ਨਹੀਂ ਡਿੱਗੇਗੀ।