ਸ਼ਿਲਪਾ ਸ਼ੈਟੀ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ ਬੌਲੀਵੁੱਡ ਅਦਾਕਾਰਾਂ ਨੇ ਕੀਤੇ ਯੋਗ ਆਸਣ
ਮੁੰਬਈ: ਬੌਲੀਵੁੱਡ ਹਸਤੀਆਂ ਆਪਣੇ ਚਾਹੁਣ ਵਾਲਿਆਂ ਨੂੰ ਫਿਟਨੈਸ ਸਬੰਧੀ ਪ੍ਰੇਰਿਤ ਕਰਨ ਲਈ ਕੋਈ ਮੌਕਾ ਨਹੀਂ ਖੁੰਝਦੀਆਂ। ਉਹ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਫਿਟ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਕਈ ਉੱਘੀਆਂ ਹਸਤੀਆਂ ਯੋਗ ਦਾ ਅਭਿਆਸ ਕਰਦੀਆਂ ਹਨ। ਉਹ ਸੋਸ਼ਲ ਮੀਡੀਆ ’ਤੇ ਪੋਸਟ ਅਤੇ ਵੀਡੀਓ ਸਾਂਝਾ ਕਰਕੇ ਦੂਜਿਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦੇ ਹਨ। ਦਸਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਕਈ ਫ਼ਿਲਮੀ ਹਸਤੀਆਂ ਨੇ ਯੋਗ ਪ੍ਰਤੀ ਆਪਣਾ ਪਿਆਰ ਦਰਸਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਅਦਾਕਾਰਾ ਕਿਆਰਾ ਅਡਵਾਨੀ ਨੇ ਇੰਸਟਾਗ੍ਰਾਮ ’ਤੇ ਯੋਗ ਕਰਦਿਆਂ ਆਪਣੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਹੈਪੀ ਯੋਗ ਡੇਅ।’ ਉਰਮਿਲਾ ਮਾਤੋਂਡਕਰ ਨੇ ਵੀ ਯੋਗ ਕਰਦੇ ਹੋਏ ਆਪਣੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਯੋਗ ਦੇ ਮਹੱਤਵ ਸਬੰਧੀ ਕੈਪਸ਼ਨ ਵੀ ਲਿਖੀ ਹੈ।
ਸ਼ਿਲਪਾ ਸ਼ੈਟੀ ਨੇ ਇਸ ਸਬੰਧੀ ਆਪਣੇ ਚਾਹੁਣ ਵਾਲਿਆਂ ਲਈ ਇੱਕ ਵਿਸ਼ੇਸ਼ ਸੁਨੇਹੇ ਨਾਲ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਸ ਨੇ ਯੋਗ, ਮਨ ਦੀ ਸ਼ਾਂਤੀ ਅਤੇ ਤੰਦਰੁਸਤ ਸਰੀਰ ਪ੍ਰਾਪਤ ਕਰਨ ਬਾਰੇ ਜਾਗਰੂਕਤਾ ਵਧਾਈ ਹੈ। ਅਦਾਕਾਰਾ ਨੇਹਾ ਧੂਪੀਆ ਨੇ ਵੀ ਯੋਗ ਕਰਦੇ ਹੋਏ ਆਪਣੀ ਤਸਵੀਰ ਸਾਂਝੀ ਕੀਤੀ ਹੈ। ਇਸ ਦੌਰਾਨ ਅਦਾਕਾਰ ਜੈਕੀ ਸ਼ਰਾਫ਼ ਨੇ ਵੀ ਮੁੰਬਈ ਵਿੱਚ ਯੋਗ ਕੀਤਾ। ਉਹ ਵੱਖ-ਵੱਖ ਯੋਗ ਆਸਣ ਅਤੇ ਮੈਡੀਟੇਸ਼ਨ ਕਰਦੇ ਹੋਏ ਨਜ਼ਰ ਆਏ। -ਏਐੱਨਆਈ
ਅਨੁਪਮ ਖੇਰ ਨੇ ਯੋਗ ਦਿਵਸ ਦੀਆਂ ਦਿੱਤੀਆਂ ਵਧਾਈਆਂ
ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਯੋਗ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਵਿਸ਼ੇਸ਼ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਹੈ। ਉਸ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਯੋਗ ਸਵੈ ਦੀ ਯਾਤਰਾ ਹੈ, ਤੁਹਾਡੇ ਦੁਆਰਾ, ਤੁਹਾਡੇ ਤੱਕ’’ ਕੌਮਾਂਤਰੀ ਯੋਗ ਦਿਵਸ ’ਤੇ ਤੁਹਾਨੂੰ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈਆਂ। -ਏਐੱਨਆਈ