For the best experience, open
https://m.punjabitribuneonline.com
on your mobile browser.
Advertisement

... ਆਸਾ ਅੰਦੇਸਾ ਦੁਇ ਪਟ ਜੜੇ।।

08:34 AM Dec 17, 2023 IST
    ਆਸਾ ਅੰਦੇਸਾ ਦੁਇ ਪਟ ਜੜੇ।।
Advertisement

ਦੁਨੀਆ ਦੇ ਬਹੁਤ ਸਾਰੇ ਜਮਹੂਰੀ ਦੇਸ਼ਾਂ ਵਿਚ ਤਾਨਾਸ਼ਾਹੀ ਰੁਝਾਨਾਂ ਵਾਲੇ ਆਗੂਆਂ, ਕਾਰਪੋਰੇਟ ਅਦਾਰਿਆਂ ਤੇ ਨੌਕਰਸ਼ਾਹੀ ਦੇ ਗੱਠਜੋੜ ਨੇ ਅਜਿਹਾ ਰੂਪ ਧਾਰਨ ਕਰ ਲਿਆ ਹੈ ਜਿਸ ਨਾਲ ਇਨ੍ਹਾਂ ਦੇਸ਼ਾਂ ਦੀ ਸਿਆਸਤ ਵਿਚਲੀ ਜਮਹੂਰੀ ਜ਼ਮੀਨ (space) ਨੂੰ ਖ਼ਤਰਨਾਕ ਢੰਗ ਨਾਲ ਖ਼ੋਰਾ ਲੱਗਾ ਹੈ। ਕਈ ਚਿੰਤਕ ਇਹ ਸੁਝਾਅ ਦਿੰਦੇ ਆਏ ਹਨ ਕਿ ਇਨ੍ਹਾਂ ਨਿਜ਼ਾਮਾਂ ਵਿਚ ਪਾਰਟੀਆਂ ਦਾ ਬਦਲਾਉ ਤਾਂ ਹੁੰਦਾ ਹੈ ਪਰ ਜੀਵਨ ਦੇ ਹਾਲਾਤ ਵਿਚ ਕੋਈ ਬੁਨਿਆਦੀ ਤਬਦੀਲੀਆਂ ਨਹੀਂ ਆਉਂਦੀਆਂ। ਇਹ ਸੋਚ ਕੁਝ ਹੱਦ ਤੱਕ ਸਹੀ ਵੀ ਹੈ ਪਰ ਮੌਜੂਦਾ ਹਾਲਾਤ ਇਹ ਦੱਸਦੇ ਹਨ ਕਿ ਜਮਹੂਰੀ ਜ਼ਮੀਨ ਦਾ ਘਟਣਾ ਕੋਈ ਮਾਮੂਲੀ ਤੇ ਮਹੱਤਵਹੀਣ ਵਰਤਾਰਾ ਨਹੀਂ ਹੈ। ਇਹ ਸੋਚ ਕਿ ਸਰਮਾਏਦਾਰੀ ਨਿਜ਼ਾਮ ਜਮਹੂਰੀ ਜ਼ਮੀਨ ਨੂੰ ਇਕ ਸਾਜ਼ਿਸ਼ਮਈ ਤਰਕੀਬ, ਜਿਸ ਵਿਚ ਅਸਹਿਮਤੀ ਤੇ ਵਿਰੋਧ ਨੂੰ ਸਹਿੰਦੀ ਸਹਿੰਦੀ ਥਾਂ ਦਿੱਤੀ ਜਾ ਸਕੇ, ਵਜੋਂ ਕਾਇਮ ਰੱਖਣਾ ਚਾਹੁੰਦੇ ਹਨ, ਸਹੀ ਨਹੀਂ ਹੈ। ਜਮਹੂਰੀ ਜ਼ਮੀਨ ਮਿਹਨਤਕਸ਼ ਜਮਾਤਾਂ, ਜਾਤਾਂ, ਜਥੇਬੰਦੀਆਂ ਅਤੇ ਸੰਘਰਸ਼ਸ਼ੀਲ ਲੋਕ-ਸਮੂਹਾਂ ਦੀ ਕਮਾਈ ਹੁੰਦੀ ਹੈ; ਨਿਜ਼ਾਮ ਇਸ ਨੂੰ ਖ਼ੈਰਾਤ ਜਾਂ ਸਾਜ਼ਿਸ਼ਮਈ ਤਰਕੀਬ ਵਜੋਂ ਨਹੀਂ ਦਿੰਦਾ ਸਗੋਂ ਇਸ (ਜਮਹੂਰੀ ਜ਼ਮੀਨ) ’ਤੇ ਵੱਧ ਤੋਂ ਵੱਧ ਕਬਜ਼ਾ ਕਰਨਾ ਚਾਹੁੰਦਾ ਹੈ।
ਇਹ ਦਲੀਲ ਆਮ ਦਿੱਤੀ ਜਾਂਦੀ ਰਹੀ ਹੈ ਕਿ ਉਸ ਜਮਹੂਰੀ ਜ਼ਮੀਨ ਦਾ ਕੀ ਫ਼ਾਇਦਾ ਜਿਸ ’ਤੇ ਸਿਆਸਤ ਕਰ ਕੇ ਬੁਨਿਆਦੀ ਤਬਦੀਲੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ ਅਤੇ ਇਹ ਦਲੀਲ ਵੀ ਦਿੱਤੀ ਜਾਂਦੀ ਸੀ/ਹੈ ਕਿ ਜਮਹੂਰੀ ਜ਼ਮੀਨ ਮੁਹੱਈਆ ਕਰਨ ਦੀ ਸਿਆਸਤ ਜਮਾਤੀ ਚੇਤਨਾ ਨੂੰ ਖੁੰਢਿਆਂ ਕਰਦੀ ਹੈ। ਜਮਹੂਰੀ ਜ਼ਮੀਨ ਦੇ ਮਹੱਤਵ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਹਾਕਮ ਜਮਾਤਾਂ ਤੇ ਗੱਠਜੋੜ ਇਸ ’ਤੇ ਕਬਜ਼ਾ ਵਧਾਉਂਦੇ ਹਨ ਅਤੇ ਆਜ਼ਾਦ ਆਵਾਜ਼ਾਂ ਨੂੰ ਦਬਾਇਆ ਜਾਂਦਾ ਹੈ; ਇਹ ਵਰਤਾਰਾ ਗਲਾ-ਘੁੱਟਵੀਂ ਨਿਰਾਸ਼ਾ ਪੈਦਾ ਕਰਦਾ ਹੈ ਜਿਸ ਵਿਚ ਲੋਕ-ਪੱਖੀ ਸਿਆਸਤ ਕਰਨ ਦੀਆਂ ਸੰਭਾਵਨਾਵਾਂ ਪਿੱਛੇ ਪੈਂਦੀਆਂ ਹਨ। ਅਜਿਹੀਆਂ ਸਥਿਤੀਆਂ ਵਿਚ ਕੱਟੜਪੰਥੀ ਧਾਰਮਿਕ ਸੋਚਾਂ, ਅੰਧਰਾਸ਼ਟਰਵਾਦ ਅਤੇ ਨਿੱਜਵਾਦੀ ਸੋਚ ਨੂੰ ਲੋਕਾਂ ਦੇ ਮਨਾਂ ਵਿਚ ਵਸਾ ਕੇ ਉਸ ਨੂੰ ਲੋਕ-ਮਨ ਨੂੰ ਦਿਸ਼ਾ ਦੇਣ ਵਾਲੀ ਕੇਂਦਰੀ ਸੋਚ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਅਜਿਹਾ ਸਮਾਂ ਲੋਕ-ਪੱਖੀ ਸਿਆਸਤ ਕਰਨ ਵਾਲਿਆਂ ਲਈ ਬੇਹੱਦ ਨਿਰਾਸ਼ਾ ਦਾ ਸਮਾਂ ਹੋ ਸਕਦਾ ਹੈ। ਖੱਬੇ-ਪੱਖੀ ਹਲਕਿਆਂ ਵਿਚ ਵੈਂਡੀ ਬਰਾਊਨ ਨੇ ਇਸ ਨੂੰ ‘ਖੱਬੇ-ਪੱਖੀਆਂ ਦੀ ਲੰਮੀ ਉਦਾਸੀ (Left Melancholia)’ ਕਿਹਾ ਹੈ। ਪੱਛਮ ਵਿਚ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਤੇ ਇੰਗਲੈਂਡ ਦੀ ਪ੍ਰਧਾਨ ਮੰਤਰੀ ਮਾਰਗਰੈਟ ਥੈਚਰ ਦੀ ਅਗਵਾਈ ਵਿਚ ਅਜਿਹੀ ਸਿਆਸਤ ਹੋਂਦ ਵਿਚ ਆਈ ਸੀ ਜਿਸ ਦੇ ਆਧਾਰ ’ਤੇ 1990ਵਿਆਂ ਵਿਚ ਨਵ-ਉਦਾਰਵਾਦੀ (Neo-liberal) ਸੋਚ ਤੇ ਆਰਥਿਕ ਪ੍ਰਬੰਧ ਬਲਵਾਨ ਹੋਏ ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿਚ ਕਾਰਪੋਰੇਟ ਅਦਾਰਿਆਂ ਦੀ ਤਾਕਤ ਬਹੁਤ ਤੇਜ਼ੀ ਨਾਲ ਵਧੀ, ਮਿਹਨਤਕਸ਼ਾਂ ਤੇ ਮਜ਼ਦੂਰਾਂ ਦੀ ਸੰਗਠਿਤ ਤਾਕਤ ਘਟੀ ਅਤੇ ਇਸ ਦੇ ਨਾਲ ਹੀ ਸਿਆਸਤ ਵਿਚਲੀ ਜਮਹੂਰੀ ਜ਼ਮੀਨ ਨੂੰ ਤੇਜ਼ੀ ਨਾਲ ਖ਼ੋਰਾ ਲੱਗਾ। ਇਹ ਵਰਤਾਰਾ ਹੁਣ ਯੂਰੋਪ, ਅਮਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਦੇ ਬਹੁਗਿਣਤੀ ਦੇਸ਼ਾਂ ਵਿਚ ਹਾਵੀ ਹੋ ਗਿਆ ਹੈ।
ਆਸ਼ਾ-ਨਿਰਾਸ਼ਾ ਤੇ ਉਦਾਸੀ ਦੀ ਸਿਆਸਤ ਦਾ ਜਮਹੂਰੀ ਜ਼ਮੀਨ ਨੂੰ ਕਾਇਮ ਰੱਖਣ ਦੀ ਸਿਆਸਤ ਨਾਲ ਡੂੰਘਾ ਸਬੰਧ ਹੈ। ਜੇ ਜਮਹੂਰੀ ਜ਼ਮੀਨ ਥੋੜ੍ਹੀ ਮੋਕਲੀ/ਖੁੱਲ੍ਹੀ ਹੋਵੇ ਤਾਂ ਵਿਦਵਾਨਾਂ, ਪੱਤਰਕਾਰਾਂ, ਸਿਰਜਕਾਂ, ਚਿੰਤਕਾਂ ਤੇ ਕਲਾਕਾਰਾਂ ਨੂੰ ਵਿਚਾਰ-ਵਟਾਂਦਰੇ ਲਈ ਜ਼ਿਆਦਾ ਖੁੱਲ੍ਹ, ਆਜ਼ਾਦੀ ਤੇ ਮੌਕੇ ਮਿਲਦੇ ਹਨ; ਅਜਿਹਾ ਮਾਹੌਲ ਆਸਾਂ-ਉਮੀਦਾਂ ਦੀ ਸਿਆਸਤ ਦੇ ਸੰਸਾਰ ਨੂੰ ਜਨਮ ਦਿੰਦਾ, ਸੰਘਰਸ਼ ਵਿਚ ਯਕੀਨ ਰੱਖਣ ਵਾਲੇ ਸਾਹਿਤ ਤੇ ਕਲਾ ਦੀ ਸਿਰਜਣ-ਭੋਇੰ ਬਣਦਾ, ਲੋਕਾਂ ਨੂੰ ਆਪਣੇ ਵੱਲ ਖਿੱਚਦਾ ਅਤੇ ਉਨ੍ਹਾਂ ਨੂੰ ਹਾਂਦਰੂ ਸੋਚ ਤੇ ਸਿਆਸਤ ਦੇ ਭਾਈਵਾਲ ਬਣਾਉਂਦਾ ਹੈ। ਅਜਿਹੇ ਮਾਹੌਲ ਦੇ ਖੋਹੇ ਜਾਣ ਨਾਲ ਨਿਰਾਸ਼ਾ ਉਪਜਦੀ ਹੈ।
ਇਸ ਨਿਰਾਸ਼ਾ ਵਿਰੁੱਧ ਕਿਵੇਂ ਲੜਿਆ ਜਾਵੇ? ਗ਼ੈਰ-ਜਮਹੂਰੀ ਦਿਸ਼ਾ ਵੱਲ ਵਧ ਰਹੀ ਸਿਆਸਤ ਦੇ ਦੌਰ ਵਿਚ ਜਮਹੂਰੀ ਤੇ ਲੋਕ-ਪੱਖੀ ਸਿਆਸਤ ਨੂੰ ਕਿਵੇਂ ਕਾਇਮ ਰੱਖਿਆ ਜਾਵੇ? ਉਨ੍ਹਾਂ ਲੋਕ-ਸਮੂਹਾਂ, ਜਿਨ੍ਹਾਂ ਤੋਂ ਸਿਆਸੀ ਚੇਤਨਤਾ ਖੋਹ ਕੇ, ਉਨ੍ਹਾਂ ਦੇ ਮਨਾਂ ਵਿਚ ਧਾਰਮਿਕ ਕੱਟੜਤਾ ਤੇ ਸੌੜਾਪਣ ਭਰਿਆ ਜਾ ਰਿਹਾ ਹੋਵੇ, ਵਿਚ ਜਮਹੂਰੀ, ਧਰਮ ਨਿਰਪੱਖ ਤੇ ਅਗਾਂਹਵਧੂ ਸੋਚ ਕਿਵੇਂ ਸੰਚਾਰਿਤ ਕੀਤੀ ਜਾਵੇ? ਕੀ ਕੀਤਾ ਜਾਵੇ ਜਦੋਂ ਮਜ਼ਦੂਰਾਂ ਤੇ ਕਿਸਾਨਾਂ ਦੇ ਵੱਡੇ ਹਿੱਸੇ ਅਸੰਗਠਿਤ ਹੋਣ ਅਤੇ ਉਨ੍ਹਾਂ ਦੇ ਮਨਾਂ ਵਿਚ ਇਹ ਭਾਵਨਾ ਪੈਦਾ ਕਰ ਦਿੱਤੀ ਗਈ ਹੋਵੇ ਕਿ ਜਥੇਬੰਦ ਹੋਣ ਦਾ ਕੋਈ ਫ਼ਾਇਦਾ ਨਹੀਂ; ਜਦੋਂ ਇਸ ਸੋਚ ਦਾ ਪਸਾਰ ਵਧ ਰਿਹਾ ਹੋਵੇ ਕਿ ਨਿੱਜੀ ਆਰਥਿਕ ਸੁਰੱਖਿਆ ਤੋਂ ਵੱਧ ਇਸ ਦੁਨੀਆ ਵਿਚ ਹੋਰ ਕੋਈ ਚੀਜ਼ ਨਹੀਂ? ਅੱਜ ਇਹ ਸਵਾਲ ਲੋਕ-ਪੱਖੀ ਸਿਆਸਤਦਾਨਾਂ, ਸਿਰਜਕਾਂ, ਕਲਾਕਾਰਾਂ, ਸਮਾਜਿਕ ਕਾਰਕੁਨਾਂ ਅਤੇ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਦੇ ਰੂਬਰੂ ਹਨ।
ਮਜ਼ਦੂਰਾਂ ਤੇ ਕਿਸਾਨਾਂ ਵਿਚ ਨਿਰਾਸ਼ਾ ਦਾ ਇਕ ਕਾਰਨ ਸ਼ਾਇਦ ਇਹ ਵੀ ਹੈ ਕਿ ਕਈ ਦਹਾਕੇ ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਇਤਿਹਾਸਕ ਜਿੱਤ ਦੇ ਪਾਠ ਪੜ੍ਹਾਏ ਸਨ; ਅਜਿਹੇ ਪਾਠ ਸਮੇਂ ਦੀ ਲੋੜ ਅਤੇ ਉਸ ਸਮੇਂ ਦੀ ਵਿਚਾਰਧਾਰਕ ਸਮਝ ’ਚੋਂ ਉਪਜੇ ਸਨ ਪਰ ਜਿੱਤ ਦੇ ਇਨ੍ਹਾਂ ਪਾਠਾਂ ਦਾ ਖਾਸਾ ਮਕਾਨਕੀ ਸੀ/ਹੈ। ਜਦੋਂ ਇਤਿਹਾਸਕ ਤੌਰ ’ਤੇ ਜੇਤੂ ਹੋਣ ਦੀ ਮਦਿਰਾ ਬਹੁਤ ਲੰਮੇ ਸਮੇਂ ਲਈ ਪਿਆਈ ਗਈ ਹੋਵੇ ਤਾਂ ਅਸਫਲਤਾ ਦੇ ਮੰਜ਼ਰਾਂ ਨੂੰ ਵੇਖਣਾ ਤੇ ਉਨ੍ਹਾਂ ’ਚੋਂ ਗੁਜ਼ਰਨਾ ਹੋਰ ਕਲੇਸ਼ਮਈ ਤੇ ਨਿਰਾਸ਼ਾ ਦੇਣ ਵਾਲਾ ਬਣ ਜਾਂਦਾ ਹੈ; ਤੁਸੀਂ ਅਤੀਤ ਦੇ ਸੰਘਰਸ਼ਾਂ ਦੀਆਂ ਜਿੱਤਾਂ ’ਚੋਂ ਅੱਜ ਦੇ ਸੰਘਰਸ਼ਾਂ ਲਈ ਚਿਣਗਾਂ ਭਾਲਦੇ ਤੇ ਸੋਚ ਨੂੰ ਅਤੀਤ ਦੇ ਸਰਮਾਏ ਨਾਲ ਅਮੀਰ ਕਰਨਾ ਚਾਹੁੰਦੇ ਹੋ। ਅਤੀਤ ਦੇ ਜੇਤੂ ਦ੍ਰਿਸ਼ਾਂ ’ਚੋਂ ਕੁਝ ਸਹਾਇਤਾ ਤਾਂ ਮਿਲਦੀ ਹੈ ਪਰ ‘ਲੰਮੀ ਉਦਾਸੀ (melancholia)’ ਖ਼ਤਮ ਨਹੀਂ ਹੁੰਦੀ।
ਕੀ ਨਿਰਾਸ਼ਾ ਸਿਆਸੀ ਕਦਰਾਂ-ਕੀਮਤਾਂ ਦਾ ਨਿਰਮਾਣ ਕਰ ਸਕਦੀ ਹੈ? ਜੀਵਨ ਦੇ ਹਰ ਵਰਤਾਰੇ ਵਾਂਗ ਇਹ ਨਾਂਹ-ਪੱਖੀ ਤੇ ਹਾਂ-ਪੱਖੀ ਕਦਰਾਂ-ਕੀਮਤਾਂ ਉਸਾਰਦੀ ਹੈ। ਨਾਂਹ-ਪੱਖੀ ਦ੍ਰਿਸ਼ਟੀਕੋਣ ਤੋਂ ਇਹ ਹਾਲਾਤ ਅੱਗੇ ਗੋਡੇ ਟੇਕ ਦੇਣ ਦਾ ਸਬਕ ਦਿੰਦੀ ਹੈ ਪਰ ਹਾਂ-ਪੱਖੀ ਦ੍ਰਿਸ਼ਟੀਕੋਣ ਤੋਂ ਇਹ ਇਸ ਗੱਲ ਦੀ ਸੂਚਕ ਹੈ ਕਿ ਜਮਹੂਰੀ, ਲੋਕ-ਪੱਖੀ ਅਤੇ ਅਗਾਂਹਵਧੂ ਸਿਆਸਤ ਦੇ ਪੰਧ ਬਹੁਤ ਲੰਮੇ ਅਤੇ ਇਸ ਦੇ ਜ਼ਾਵੀਏ ਬਹੁਤ ਜਟਿਲ ਹਨ; ਇਸ ਨੂੰ ਸਿਰਫ਼ ਆਪਣੇ ਆਪ ਨੂੰ ਜੇਤੂ ਜਮਾਤ-ਪੱਖੀ ਕਰਾਰ ਦੇਣ ਅਤੇ ਨਾਅਰੇ ਮਾਰਨ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਨਾਅਰੇ ਵੀ ਜ਼ਰੂਰੀ ਹਨ ਪਰ ਨਿਰਾਸ਼ਾ ਵਿਰੁੱਧ ਲੜਾਈ ਬੌਧਿਕ ਤੇ ਹਕੀਕੀ ਪੱਧਰ ’ਤੇ ਡੂੰਘੇਰੀ ਪ੍ਰਤੀਬੱਧਤਾ ਦੀ ਮੰਗ ਕਰਦੀ ਹੈ। ਹਕੀਕੀ ਪੱਧਰ ’ਤੇ ਇਹ ਲੜਾਈ ਮਜ਼ਦੂਰਾਂ, ਕਿਸਾਨਾਂ ਅਤੇ ਲੋਕਾਂ ਦੇ ਹੋਰ ਵਰਗਾਂ ਦੇ ਸੰਗਠਿਤ ਹੋਣ ਵਿਚ ਹੈ; ਬੌਧਿਕ ਪੱਧਰ ’ਤੇ ਇਹ ਗ਼ਾਲਬ ਜਮਾਤਾਂ ਦੀ ਸੋਚ ਵਿਰੁੱਧ ਲੱਕ-ਤੋੜਵੀਂ ਬੌਧਿਕ ਮੁਸ਼ੱਕਤ ਦਾ ਸੱਦਾ ਦਿੰਦੀ ਹੈ; ਅਜਿਹੀ ਮੁਸ਼ੱਕਤ ਜਿਸ ਵਿਚ ਸੋਚ ਦੇ ਅਗਾਊਂ ਬਣਾਏ ਸਾਂਚਿਆਂ ਨੇ ਬਹੁਤਾ ਕੰਮ ਨਹੀਂ ਆਉਣਾ ਸਗੋਂ ਉਨ੍ਹਾਂ ਦੇ ਆਧਾਰ ’ਤੇ ਸਿਰਜੀ ਗਈ ਸਿਰਜਨਾਤਮਕ ਸੋਚ ਦੀ ਲੋੜ ਪੈਣੀ ਹੈ। ਜਮਹੂਰੀ ਜ਼ਮੀਨ ਅਤੇ ਸਿਆਸਤ ਨੂੰ ਕਾਇਮ ਰੱਖਣ ਲਈ ਮਜ਼ਦੂਰਾਂ, ਕਿਸਾਨਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੂੰ ਪੈਰ ਪੈਰ ’ਤੇ ਨਵੀਂ ਤਰ੍ਹਾਂ ਦੀਆਂ ਚੋਣਾਂ ਕਰਨੀਆਂ ਪੈਣੀਆਂ ਹਨ, ਨਵੀਂ ਤਰ੍ਹਾਂ ਦੇ ਦੋਸਤ, ਸਾਥੀ ਤੇ ਹਮਰਾਹ ਲੱਭਣੇ, ਨਵੀਂ ਤਰ੍ਹਾਂ ਦੇ ਵਿਚਾਰਧਾਰਕ ਪੁਲ ਬਣਾਉਣੇ ਅਤੇ ਨਵੀਂ ਤਰ੍ਹਾਂ ਦੀਆਂ ਸਾਂਝਾਂ ਸਿਰਜਣੀਆਂ ਪੈਣੀਆਂ ਹਨ; ਨਵੀਂ ਤਰ੍ਹਾਂ ਦੇ ਸ਼ਾਹੀਨ ਬਾਗ਼ਾਂ ਅਤੇ ਸਿੰਘੂ ਤੇ ਟਿੱਕਰੀ ਬਾਰਡਰਾਂ ਦੀ ਘਾੜਤ ਘੜਨੀ ਪੈਣੀ ਹੈ।
ਨਿਰਾਸ਼ਾ ਜਾਂ ਹਾਰ ਸਦੀਵੀ ਨਹੀਂ ਹੋ ਸਕਦੀ। ਫ਼ੈਜ਼ ਅਹਿਮਦ ਫ਼ੈਜ਼ ਦੇ ਇਹ ਸ਼ਬਦ, ‘ਲੰਮੀ ਹੈ ਗ਼ਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ’ ਇਹੀ ਸੁਨੇਹਾ ਦਿੰਦੇ ਹਨ ਤੇ ਫ਼ੈਜ਼ ਨੇ ਵਾਰ ਵਾਰ ਹੁੰਦੀਆਂ ਹਾਰਾਂ ਨੂੰ ਵੇਖ ਕੇ ਕਿਹਾ ਸੀ, ‘‘ਯਹ ਫ਼ਸਲ ਉਮੀਦੋਂ ਕੀ ਹਮਦਮ/ ਇਸ ਬਾਰ ਭੀ ਗਾਰਤ (ਬਰਬਾਦ) ਜਾਏਗੀ/ ਸਭ ਮਿਹਨਤ ਸੁਬਹੋ-ਸ਼ਾਮੋਂ ਕੀ/ ਅਬਕੇ ਭੀ ਅਕਾਰਥ ਜਾਏਗੀ/ ਖੇਤੀ ਕੇ ਕੋਨੋਂ-ਖੁਦਰੋਂ (ਹਰ ਕੋਨੇ ’ਚ) ਮੇਂ/ ਫਿਰ ਆਪਣੇ ਲਹੂ ਕੀ ਖਾਦ ਭਰੋ/ ਫਿਰ ਮਿੱਟੀ ਸੀਂਚੋ ਅਸ਼ਕੋਂ (ਹੰਝੂਆਂ) ਸੇ/ ਫਿਰ ਅਗਲੀ ਰੁੱਤ ਕੀ ਫ਼ਿਕਰ ਕਰੋ/ ... ਫਿਰ ਅਗਲੀ ਰੁੱਤ ਕੀ ਫ਼ਿਕਰ ਕਰੋ/ ਜਬ ਫਿਰ ਇਕ ਬਾਰ ਉੱਜੜਨਾ ਹੈ।’’ ਫ਼ੈਜ਼ ਨੇ ਇਹ ਸੁਨੇਹਾ ਵੀ ਦਿੱਤਾ ਸੀ ਕਿ ਸੰਘਰਸ਼ਾਂ ’ਚ ਹੁੰਦੀਆਂ ਹਾਰਾਂ ਤੇ ਨੁਕਸਾਨ ਵੀ ਸੰਘਰਸ਼ਸ਼ੀਲ ਲੋਕਾਂ ਦੀ ਕਮਾਈ ਹੁੰਦੇ ਹਨ, ‘‘ਜਿਸਮੋ-ਜਾਂ ਕਾ ਜ਼ਿਯਾਂ (ਨੁਕਸਾਨ) ਜੋ ਹੂਆ ਸੋ ਹੂਆ/ ਸੂਦ ਸੇ ਪੇਸ਼ਤਰ (ਪਹਿਲਾਂ/ਕੀਮਤੀ) ਹੈ ਜ਼ਿਯਾਂ ਔਰ ਭੀ/ ... ਔਰ ਭੀ ਤਲਖ਼ਤਰ ਇਮਤਹਾਂ ਔਰ ਭੀ।’’ ਜਮਹੂਰੀ ਤਾਕਤਾਂ ਤੇ ਲੋਕ-ਸਮੂਹਾਂ ਨੂੰ ਹੋਰ ਤਲਖ਼ ਇਮਤਿਹਾਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜ਼ਿੰਦਗੀ ਦੇ ਇਨ੍ਹਾਂ ਪਹਿਲੂਆਂ ਅਤੇ ਰੋਹ/ਸੰਘਰਸ਼ ਦੇ ਮਹੱਤਵ ਬਾਰੇ ਇਹ ਦੱਸਿਆ ਹੈ, ‘‘ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ।।’’ ਲੋਕ-ਰੋਹ ਨੇ ਹੀ ਲੋਕਾਂ ਦੇ ਰਖਵਾਲੇ ਬਣਨਾ ਹੈ। ਉਸ ਰੋਹ ਦੇ ਪਨਪਣ ਲਈ ਜਮਹੂਰੀ ਜ਼ਮੀਨ ਨੂੰ ਕਾਇਮ ਰੱਖਣਾ ਅਤਿਅੰਤ ਜ਼ਰੂਰੀ ਹੈ ਅਤੇ ਇਸ ਨੂੰ ਕਾਇਮ ਰੱਖਣ ਦੀ ਲੜਾਈ ਮਜ਼ਦੂਰ-ਕਿਸਾਨ ਜਥੇਬੰਦੀਆਂ ਦੇ ਆਗੂਆਂ, ਚਿੰਤਕਾਂ, ਵਿਦਵਾਨਾਂ, ਕਲਾਕਾਰਾਂ ਤੇ ਲੋਕ-ਸਮੂਹਾਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਹੈ; ਉਸ ਲਈ ਅਜਿਹੀ ਸੋਚ ਦੀ ਲੋੜ ਹੈ ਜੋ ਲੋਕ-ਸੰਘਰਸ਼ਾਂ ਵਿਚ ਜਿੱਤਾਂ ਦਾ ਤਸੱਵਰ ਪੇਸ਼ ਕਰਨ ਦੇ ਨਾਲ ਨਾਲ ਇਨ੍ਹਾਂ ਸੰਘਰਸ਼ਾਂ ’ਚ ਹੋਣ ਵਾਲੀਆਂ ਹਾਰਾਂ ਨੂੰ ਵੀ ਜੀਵਨ-ਚਿੰਤਨ ਦਾ ਹਿੱਸਾ ਬਣਾ ਸਕੇ। ਡਰੂਸਿਲਾ ਕੋਰਨਲ (Druscilla Cornell) ਅਨੁਸਾਰ, ‘‘ਅਸੀਂ ਹਾਰਾਂ ਬਾਰੇ ਅਗਾਊਂ ਹੀ ਨਹੀਂ ਜਾਣ ਸਕਦੇ। ਅਸੀਂ ਇਹ ਵੀ ਨਹੀਂ ਜਾਣ ਸਕਦੇ ਕਿ ਕਿਸੇ ਸੰਘਰਸ਼ ’ਚੋਂ ਕਿਹੋ ਜਿਹੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਅਸੀਂ ਸਿਰਫ਼ ਇਸ ਲਈ ਸੰਘਰਸ਼ ਨਹੀਂ ਕਰਦੇ ਕਿ ਅਸੀਂ ਜਿੱਤ ਜਾਈਏ ਜਾਂ ਸਾਨੂੰ ਜਿੱਤ ਦੀ ਆਸ ਹੈ; ਅਸੀਂ ਇਸ ਲਈ ਸੰਘਰਸ਼ ਕਰਦੇ ਹਾਂ ਕਿਉਂਕਿ ਅਸੀਂ ਅਜਿਹੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ ਜਿਹੜੀ ਇਨਸਾਨੀਅਤ ’ਤੇ ਆਧਾਰਿਤ ਹੋਵੇ ਅਤੇ ਜਿਸ ਨਾਲ ਅਸੀਂ ਹੋਰਨਾਂ ਨਾਲ ਸਾਂਝ ਪਾ ਕੇ ਨਵਾਂ ਸੰਸਾਰ ਬਣਾ ਸਕੀਏ।’’
ਸਿਆਸੀ ਪਾਰਟੀਆਂ ਨੇ ਜਿੱਤਣਾ ਤੇ ਹਾਰਨਾ ਹੈ ਅਤੇ ਕਈ ਪਾਰਟੀਆਂ ਤੇ ਜਥੇਬੰਦੀਆਂ ਨੇ ਜਨਮ ਲੈਣਾ ਤੇ ਖ਼ਤਮ ਹੋ ਜਾਣਾ ਹੈ ਪਰ ਲੋਕਾਂ ਦਾ ਆਪਣੇ ਜੀਵਨ ਨੂੰ ਸਕਾਰਾਤਮਕ ਬਣਾਉਣ ਦਾ ਸੰਘਰਸ਼ ਜਾਰੀ ਰਹਿਣਾ ਹੈ; ਕੁਝ ਸਮੇਂ ਲਈ ਕੁਝ ਵਿਗਾੜ ਮਨੁੱਖੀ ਜੀਵਨ ਦੀ ਇਸ ਤੋਰ ਨੂੰ ਧੀਮੀ ਤਾਂ ਕਰ ਸਕਦੇ ਹਨ ਪਰ ਉਸ ਨੂੰ ਰੋਕ ਨਹੀਂ ਸਕਦੇ।

Advertisement

- ਸਵਰਾਜਬੀਰ

Advertisement
Author Image

sukhwinder singh

View all posts

Advertisement
Advertisement
×