For the best experience, open
https://m.punjabitribuneonline.com
on your mobile browser.
Advertisement

ਜਿਉਂ-ਜਿਉਂ ਸੂਰਜ ਚੜ੍ਹਦਾ ਗਿਆ ਵੋਟਾਂ ਪੈਣ ਦੀ ਗਿਣਤੀ ਵਧਦੀ ਗਈ

10:22 AM Oct 06, 2024 IST
ਜਿਉਂ ਜਿਉਂ ਸੂਰਜ ਚੜ੍ਹਦਾ ਗਿਆ ਵੋਟਾਂ ਪੈਣ ਦੀ ਗਿਣਤੀ ਵਧਦੀ ਗਈ
Advertisement

ਦਵਿੰਦਰ ਸਿੰਘ
ਯਮੁਨਾਨਗਰ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਈਆਂ। ਇਸ ਦੌਰਾਨ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ’ਤੇ ਸ਼ਾਮ 5 ਵਜੇ ਤੱਕ 67.93 ਫੀਸਦੀ ਵੋਟਿੰਗ ਹੋਈ । ਵੋਟਿੰਗ ਲਈ ਜ਼ਿਲ੍ਹੇ ਵਿੱਚ 979 ਪੋਲਿੰਗ ਸਟੇਸ਼ਨ ਬਣਾਏ ਗਏ ਸਨ । ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਕੁੱਲ 9 ਲੱਖ 6 ਹਜ਼ਾਰ 271 ਵੋਟਰਾਂ ਵਿੱਚੋਂ ਕਰੀਬ 70 ਫੀਸਦੀ ਵੋਟਰਾਂ ਨੇ ਵੋਟ ਦੀ ਵਰਤੋਂ ਕੀਤੀ। ਅੰਕੜਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਸਥਿਤ ਚਾਰ ਵਿਧਾਨ ਸਭਾਵਾਂ ਵਿੱਚ ਸਵੇਰੇ 9 ਵਜੇ ਤੱਕ ਵੋਟਿੰਗ ਫ਼ੀਸਦ ਥੋੜ੍ਹੀ ਮੱਠੀ ਰਹੀ ਅਤੇ ਇਹ 9.27 ਫ਼ੀਸਦੀ ਰਹੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਵੋਟ ਫ਼ੀਸਦ ਵੀ ਵਧਣ ਲੱਗੀ । ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਤੱਕ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਔਸਤ ਮਤਦਾਨ 25.56 ਫੀਸਦੀ ਅਤੇ ਦੁਪਹਿਰ 1 ਵਜੇ ਤੱਕ ਵਧ ਕੇ ਔਸਤਨ 42.08 ਫ਼ੀਸਦੀ ਹੋ ਗਿਆ। ਯਮੁਨਾਨਗਰ ਜ਼ਿਲ੍ਹੇ ਵਿੱਚ ਦੁਪਹਿਰ 3 ਵਜੇ ਕਰੀਬ 56.79 ਫੀਸਦੀ ਵੋਟਿੰਗ ਹੋਈ। ਮਗਰੋਂ ਸ਼ਾਮ 4 ਵਜੇ ਤੱਕ ਜ਼ਿਲ੍ਹੇ ਵਿੱਚ 54.95 ਅਤੇ ਸ਼ਾਮ 5 ਵਜੇ ਤੱਕ 61.34 ਫੀਸਦੀ ਵੋਟਿੰਗ ਹੋ ਚੁੱਕੀ ਸੀ। ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਤੱਕ ਜਗਾਧਰੀ ਵਿਧਾਨ ਸਭਾ ਵਿੱਚ 73.90 ਫੀਸਦ, ਰਾਦੌਰ ਵਿੱਚ 62.30, ਸਢੌਰਾ ਵਿੱਚ 70.30 ਫੀਸਦ ਅਤੇ ਯਮੁਨਾਨਗਰ ਵਿਧਾਨ ਸਭਾ ‘ਚ 64.88 ਫੀਸਦ ਵੋਟਾਂ ਪਈਆਂ। ਵੋਟਾਂ ਦੌਰਾਨ ਜ਼ਿਲ੍ਹੇ ਭਰ ਦੇ ਬਾਜ਼ਾਰ ਬੰਦ ਰਹੇ। ਜਗਾਧਰੀ ਦੀ 102 ਸਾਲਾ ਅੰਗੂਰੀ ਨੇ ਵੀ ਆਪਣੀ ਵੋਟ ਪਾਈ, ਆਜ਼ਾਦ ਨਗਰ ਦੀ 98 ਸਾਲਾ ਕੇਲਾ ਦੇਵੀ ਅਤੇ ਗੋਬਿੰਦਪੁਰੀ ਦੀ 95 ਸਾਲਾ ਵੀਰਾਂਵਾਲੀ ਨੇ ਵੀ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਪਾਈ। ਹਰਿਆਣਾ ਦੇ ਖੇਤੀ ਮੰਤਰੀ ਕੰਵਰਪਾਲ ਨੇ ਪੋਲਿੰਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਪਾਈ। ਇਸ ਦੇ ਨਾਲ ਹੀ ਸ਼ਹਿਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਕਾਂਗਰਸੀ ਉਮੀਦਵਾਰ ਰਮਨ ਤਿਆਗੀ, ਸਾਬਕਾ ਵਿਧਾਇਕ ਸ਼ਿਆਮ ਸਿੰਘ ਰਾਣਾ, ਵਿਧਾਇਕ ਡਾ. ਬਿਸ਼ਨਲਾਲ ਸੈਣੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਵੋਟਾਂ ਪਾਈਆਂ।

Advertisement

ਹਰੇਕ ਵਰਗ ਵਿੱਚ ਆਪਣੇ ਨੁਮਾਇੰਦੇ ਚੁਣਨ ਦਾ ਚਾਅ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਜ਼ਿਲ੍ਹਾ ਕੁਰੂਕਸ਼ੇਤਰ ਦੀਆਂ ਚਾਰ ਵਿਧਾਨ ਸਭਾ ਖੇਤਰਾਂ ਵਿੱਚ ਵੋਟਾਂ ਨੂੰ ਲੈ ਕੇ ਨੌਜਵਾਨਾਂ, ਬਜ਼ੁਰਗਾਂ ਮਹਿਲਾਵਾਂ, ਦਿਵਿਆਂਗਾਂ ਤੇ ਹੋਰਾਂ ਵਿੱਚ ਵੀ ਸਵੇਰ ਤੋਂ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਰ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 810 ਮਤਦਾਨ ਕੇਂਦਰਾਂ ਤੋਂ ਇਲਾਵਾ 16 ਥਾਵਾਂ ਤੇ ਸਪੈਸ਼ਲ ਬੂਥ ਬਣਾਏ ਗਏ ਸਨ। ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਾਲ ਭਵਨ ਪਬਲਿਕ ਸਕੂਲ ਵਿੱਚ ਬਣਾਏ ਗਏ ਮਾਡਲ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਆਏ ਵੋਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਕੀਤੀ ਗਈ ਸਹੂਲਤ ਦੀ ਸ਼ਲਾਘਾ ਕੀਤੀ। ਅਜਮੇਰ ਕੌਰ (75) ,ਹਰਜਿੰਦਰ ਕੌਰ(72), ਬਚਨ ਸਿੰਘ (80) ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣਾ ਵੋਟ ਪਾ ਕੇ ਬਹੁਤ ਖੁਸ਼ੀ ਹੋਈ ਹੈ। ਦ ਕਈਆਂ ਨੇ ਵੋਟ ਪਾਉਣ ਉਪਰੰਤ ਸੈਲਫੀ ਪੁਆਇੰਟ ’ਤੇ ਸੈਲਫੀ ਵੀ ਖਿਚਵਾਈ। ਵੋਟਰ ਸੁਨੀਤਾ ਨੇ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਪੰਜ ਸਾਲ ਮਗਰੋਂ ਆਉਂਦਾ ਹੈ। ਵੋਟ ਦੀ ਵਰਤੋਂ ਕਰਕੇ ਉਹ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਾਂ। ਨੌਜਵਾਨਾਂ ਵਿੱਚ ਵੀ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਨਜ਼ਰ ਆਇਆ।

Advertisement

Advertisement
Author Image

Advertisement