ਨਸ਼ੀਲੇ ਪਦਾਰਥਾਂ ਸਣੇ ਦੋ ਲੁਧਿਆਣਾ ਵਾਸੀ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਅਮਰਜੀਤ ਸਿੰਘ ਵਾਸੀ ਪਿੰਡ ਲਿਬੜਾ ਜ਼ਿਲ੍ਹਾ ਲੁਧਿਆਣਾ ਤੇ ਰਘਬੀਰ ਸਿੰਘ ਵਾਸੀ ਪਿੰਡ ਬਾਹੋ ਮਾਜਰਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 56 ਕਿੱਲੋਗਰਾਮ ਚੂਰਾ ਪੋਸਤ ਤੇ 440 ਗ੍ਰਾਮ ਅਫੀਮ ਬਰਾਮਦ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਅਪਰਾਧ ਸ਼ਾਖਾ ਇਕ ਦੇ ਇੰਚਾਰਜ ਐੱਸਆਈ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਉਮਰੀ ਚੌਕ ਜੀਟੀ ਰੋਡ ਫਲਾਈਓਵਰ ਪੁਲ ਥੱਲੇ ਮੌਜੂਦ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਇਸ ਸਬੰਧੀ ਕਾਰਵਾਈ ਕੀਤੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਵਰਧਮਾਨ ਸਿਟੀ ਕੁਰੂਕਸ਼ੇਤਰ ਕੋਲ ਲੇ ਬਾਈ ਰੈਸਟ ਖੇਤਰ ਵਿੱਚ ਟਰੱਕ ਨੰਬਰ ਪੀਬੀ 11 ਬੀਵਾਈ 4028 ਖੜ੍ਹਾ ਹੈ, ਜਿਸ ਦੇ ਕੈਬਿਨ ਵਿੱਚ ਟਰੱਕ ਡਰਾਈਵਰ ਅਮਰਜੀਤ ਸਿੰਘ ਅਤੇ ਕਲੀਨਰ ਰਘਬੀਰ ਸਿੰਘ ਬੈਠੇ ਹਨ। ਦੋਵੇਂ ਮੱਧ ਪ੍ਰਦੇਸ਼ ਤੋਂ ਕਾਫੀ ਮਾਤਰਾ ਵਿੱਚ ਚੂਰਾ ਪੋਸਤ ਤੇ ਅਫੀਮ ਆਪਣੇ ਟੱਰਕ ਵਿੱਚ ਛੁਪਾ ਕੇ ਲਿਆਉਂਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਟਰੱਕ ਡਰਾਈਵਰ ਅਮਰਜੀਤ ਸਿੰਘ ਤੇ ਕਲੀਨਰ ਰਘਬੀਰ ਸਿੰਘ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਡੀਐੱਸਪੀ ਸਿਟੀ ਕੁਰੂਕਸ਼ੇਤਰ ਨੂੰ ਮੌਕੇ ਤੇ ਬੁਲਾ ਕੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚੋਂ 56 ਕਿਲੋਗਰਾਮ ਚੂਰਾ ਪੋਸਤ ਤੇ 440 ਗ੍ਰਾਮ ਅਫੀਮ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।