‘ਜਿਵੇਂ ਹੀ ਅਸੀਂ ਖ਼ੁਦਾਈ ਕਰਕੇ ਸੁਰੰਗ ’ਚ ਫਸੇ ਮਜ਼ਦੂਰਾਂ ਕੋਲ ਪੁੱਜੇ ਉਨ੍ਹਾਂ ਨੇ ਸਾਨੂੰ ਮੋਢਿਆਂ ’ਤੇ ਚੁੱਕ ਲਿਆ
ਉੱਤਰਕਾਸ਼ੀ (ਉਤਰਾਖੰਡ), 29 ਨਵੰਬਰ
‘ਰੈਟ ਹੋਲ ਮਾਈਨਿੰਗ’ ਤਕਨੀਕ ਦੇ ਮਾਹਿਰ ਫਿਰੋਜ਼ ਕੁਰੈਸ਼ੀ ਅਤੇ ਮੋਨੂੰ ਕੁਮਾਰ ਮਲਬੇ ਦੇ ਆਖਰੀ ਹਿੱਸੇ ਨੂੰ ਸਾਫ਼ ਕਰਨ ਤੋਂ ਬਾਅਦ ਉਤਰਾਖੰਡ ਵਿੱਚ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਮਿਲਣ ਵਾਲੇ ਪਹਿਲੇ ਵਿਅਕਤੀ ਸਨ। ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਗਏ 17 ਦਿਨਾਂ ਦੇ ਵੱਡੇ ਅਪਰੇਸ਼ਨ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਸਾਰੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਦਿੱਲੀ ਨਿਵਾਸੀ ਕੁਰੈਸ਼ੀ ਅਤੇ ਉੱਤਰ ਪ੍ਰਦੇਸ਼ ਦੇ ਕੁਮਾਰ 'ਰੈਟ-ਹੋਲ ਮਾਈਨਿੰਗ' ਤਕਨਾਲੋਜੀ ਮਾਹਿਰਾਂ ਦੀ 12 ਮੈਂਬਰੀ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੂੰ ਐਤਵਾਰ ਨੂੰ ਖੁਦਾਈ ਲਈ ਬੁਲਾਇਆ ਗਿਆ ਸੀ। ਦਿੱਲੀ ਦੇ ਖਜੂਰੀ ਖਾਸ ਦੇ ਨਿਵਾਸੀ ਕੁਰੈਸ਼ੀ ਨੇ ਦੱਸਿਆ, ‘ਜਦੋਂ ਅਸੀਂ ਮਲਬੇ ਦੇ ਆਖਰੀ ਹਿੱਸੇ 'ਤੇ ਪਹੁੰਚੇ ਤਾਂ ਉਹ (ਮਜ਼ਦੂਰ) ਸਾਨੂੰ ਸੁਣ ਸਕਦੇ ਸਨ। ਮਲਬਾ ਹਟਾਉਣ ਤੋਂ ਤੁਰੰਤ ਬਾਅਦ ਅਸੀਂ ਦੂਜੇ ਪਾਸੇ ਉਤਰ ਗਏ। ਮਜ਼ਦੂਰਾਂ ਨੇ ਮੇਰਾ ਧੰਨਵਾਦ ਕੀਤਾ, ਮੈਨੂੰ ਜੱਫੀ ਪਾ ਲਈ ਤੇ ਮੈਨੂੰ ਮੋਢਿਆਂ 'ਤੇ ਚੁੱਕ ਲਿਆ।’ ਕੁਰੈਸ਼ੀ ਨੇ ਕਿਹਾ ਕਿ ਉਹ ਵਰਕਰਾਂ ਨਾਲੋਂ ਜ਼ਿਆਦਾ ਖੁਸ਼ ਸਨ। ਕੁਰੈਸ਼ੀ ਦਿੱਲੀ ਸਥਿਤ ਰੌਕਵੈੱਲ ਐਂਟਰਪ੍ਰਾਈਜ਼ ਦਾ ਕਰਮਚਾਰੀ ਹੈ ਅਤੇ ਸੁਰੰਗ ਬਣਾਉਣ ਦੇ ਕੰਮ ਵਿੱਚ ਮਾਹਿਰ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਕੁਮਾਰ ਨੇ ਕਿਹਾ, ‘ਉਨ੍ਹਾਂ (ਮਜ਼ਦੂਰਾਂ) ਨੇ ਮੈਨੂੰ ਬਦਾਮ ਦਿੱਤੇ ਅਤੇ ਮੇਰਾ ਨਾਮ ਪੁੱਛਿਆ। ਇਸ ਤੋਂ ਬਾਅਦ ਹੋਰ ਸਹਿਕਰਮੀ ਵੀ ਅੰਦਰ ਆ ਗਏ ਤੇ ਅਸੀਂ ਕਰੀਬ ਘੱਧੇ ਘੰਟੇ ਤੱਕ ਉਥੇ ਰਹੇ। ਇਸ ਦੌਰਾਨ ਐੱਨਡੀਆਰਐੱਫ ਦੀ ਟੀਮ ਆ ਗਈ।’