ਡਰੋਨ ਰਾਹੀਂ ਫ਼ਸਲਾਂ ’ਤੇ ਛਿੜਕਾਅ ਕਰੇਗੀ ਸਵੱਦੀ ਕਲਾਂ ਦੀ ਅਰਵਿੰਦਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 24 ਨਵੰਬਰ
ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਪਿੰਡ ਸਵੱਦੀ ਕਲਾਂ ਦੀ ਅਗਾਂਹਵੱਧੂ ਅਰਵਿੰਦਰ ਕੌਰ ਨੇ ਖੇਤਾਂ ’ਚ ਫ਼ਸਲਾਂ ’ਤੇ ਛਿੜਕਾਅ ਕਰਨ ਵਾਲੀ ਨਵੀਂ ਡਰੋਨ ਤਕਨੀਕ ਅਪਣਾ ਕੇ ਸਫਲਤਾ ਦੇ ਹੋਰ ਰਾਹ ਖੋਲ੍ਹ ਦਿੱਤੇ ਹਨ।
ਚੰਬਲ ਫਰਟੀਲਾਈਜ਼ਰ ਕੰਪਨੀ ਤੋਂ ਇਫਕੋ ਰਾਹੀਂ ਸਿਖਲਾਈ ਲੈ ਕੇ ਅਰਵਿੰਦਰ ਕੌਰ ਨੇ ਡਰੋਨ ਤਕਨੀਕ ਰਾਂਹੀ ਫ਼ਸਲਾਂ ’ਤੇ ਛਿੜਕਾਅ ਕਰਕੇ ਜਿੱਥੇ ਦਿਹਾਤੀ ਖਿੱਤੇ ਦੇ ਲੋਕਾਂ ਲਈ ਹੈਰਾਨੀ ਪੈਦਾ ਕੀਤੀ ਹੈ ਉੱਥੇ ਦਵਾਈ ਦਾ ਛਿੜਕਾਅ ਕਰਨ ਲਈ ਘੰਟਿਆਂ ਬੱਧੀ ਲੱਗਣ ਵਾਲਾ ਸਮਾਂ ਘੱਟ ਕੇ ਮਹਿਜ਼ ਮਿੰਟਾਂ ਦਾ ਰਹਿ ਗਿਆ ਹੈ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਚਲਾਏ ਜਾਂਦੇ ਸੈੱਲਫ ਹੈਲਪ ਗੁਰੱਪ ਦੀ ਮੈਂਬਰ ਅਰਵਿੰਦਰ ਨੇ ਦੱਸਿਆ ਕਿ ਇਸ ਸਬੰਧੀ ਟਰੇਨਿੰਗ ਲੈਣ ਲਈ ਉਸ ਨੂੰ ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ ਨੇ ਪ੍ਰੇਰਿਤ ਕੀਤਾ। ਫਿਰ ਉਸ ਨੂੰ ਗੁੜਗਾਂਓ, ਮਾਨੇਸਰ ਵਿੱਚ 10 ਦਿਨ ਦੀ ਸਿਖਲਾਈ ਲਈ ਚੰਬਲ ਫਰਟੀਲਾਈਜ਼ਰ ਕੰਪਨੀ ਵੱਲੋਂ ਭੇਜਿਆ ਗਿਆ। ਸਿਖਲਾਈ ਕੋਰਸ ਪੂਰਾ ਹੋਣ ਮਗਰੋਂ ਭਾਰਤ ਸਰਕਾਰ ਦੇ ਅਦਾਰੇ ਡਾਇਰੈਕਟਰ ਜਨਰਲ ਆਫ ਸਿਵਲ ਐਵੀ ਏਸ਼ਨ ਵੱਲੋਂ ਉਸ ਨੂੰ ਪਾਇਲਟ ਸਰਟੀਫਿਕੇਟ ਦਿੱਤਾ ਗਿਆ। ਇਸ ਖੇਤਰ ’ਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਅਰਵਿੰਦਰ ਕੌਰ ਜੀਵਨ ਸਾਥਣ ਜਗਰੂਪ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਛਿੜਕਾਅ ਦੀ ਤਕਨੀਕ ਕਿਸਾਨਾਂ ਲਈ ਕ੍ਰਾਂਤੀਕਾਰੀ ਕਦਮ ਹੈ, ਇਸ ਤਕਨੀਕ ਨੂੰ ਕਿਸਾਨ ਵੱਧ-ਤੋਂ-ਵੱਧ ਅਪਣਾ ਕੇ ਕੀਟਨਾਸ਼ਕ ਦਵਾਈਆਂ ਦੀ ਬੱਚਤ ਕਰ ਸਕਦੇ ਹਨ। ਡਰੋਨ ਨਾਲ ਹੋਣ ਵਾਲੇ ਖਰਚੇ ਸਬੰਧੀ ਉਸ ਨੇ ਦੱਸਿਆ ਕਿ ਦਵਾਈ ਦੇ ਖਰਚ ਤੋਂ ਇਲਾਵਾ 300 ਰੁਪਏ ਖਰਚਾ ਆਉਂਦਾ ਹੈ। ਉਸ ਨੇ ਕਿਹਾ ਕਿ ਪੇਂਡੂ ਔਰਤਾਂ ਇਹ ਕਿੱਤਾ ਆਸਾਨੀ ਨਾਲ ਅਪਣਾ ਸਕਦੀਆਂ ਹਨ। ਮੈਨੇਜਰ ਨਵਦੀਪ ਸਿੰਘ ਨੇ ਦੱਸਿਆ ਕਿ ਅਰਵਿੰਦਰ ਕੌਰ ਦਿਹਾਤੀ ਖੇਤਰ ਦੀਆਂ ਘਰੇਲੂ ਕੰਮਕਾਰ ਕਰਨ ਵਾਲੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਡਰੋਨ ਪਾਇਲਟ ਅਰਵਿੰਦਰ ਕੌਰ ਨੂੰ ਪਿੰਡ ਸਵੱਦੀ ਕਲਾਂ ਦੇ ਸਰਪੰਚ ਜਗਦੀਪ ਸਿੰਘ ਨੇ ਸਮੁੱਚੀ ਪੰਚਾਇਤ ਵੱਲੋਂ ਮੁਬਾਰਕਬਾਦ ਦਿੱਤੀ।
ਸੱਤ ਮਿੰਟਾਂ ਵਿੱਚ ਇੱਕ ਏਕੜ ਫਸਲ ’ਤੇ ਹੁੰਦਾ ਹੈ ਛਿੜਕਾਅ
ਇਸ ਖੇਤਰ ’ਚ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਅਰਵਿੰਦਰ ਕੌਰ ਜੀਵਨ ਸਾਥਣ ਜਗਰੂਪ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਛਿੜਕਾਅ ਦੀ ਤਕਨੀਕ ਕਿਸਾਨਾਂ ਲਈ ਕ੍ਰਾਂਤੀਕਾਰੀ ਕਦਮ ਹੈ, ਇਸ ਤਕਨੀਕ ਨੂੰ ਕਿਸਾਨ ਵੱਧ-ਤੋਂ-ਵੱਧ ਅਪਣਾ ਕੇ ਕੀਟਨਾਸ਼ਕ ਦਵਾਈਆਂ ਦੀ ਬੱਚਤ ਕਰ ਸਕਦੇ ਹਨ। ਅਰਵਿੰਦਰ ਨੇ ਦੱਸਿਆ ਕਿ ਇਸ ਤਕਨੀਕ ਨਾਲ ਇੱਕ ਏਕੜ ’ਚ 7 ਮਿੰਟ ਲੱਗਦੇ ਹਨ ਤੇ ਛਿੜਕਾਅ ਸਿੱਧਾ ਪੱਤਿਆਂ ’ਤੇ ਹੁੰਦਾ ਹੈ ਜਿਸਦਾ ਫਸਲ ਨੂੰ ਪੂਰਾ ਲਾਭ ਮਿਲਦਾ ਹੈ।