ਵਿਦਰੋਹੀ ਲਫ਼ਜ਼ਾਂ ਦੀ ਸਿਰਜਕ ਅਰੁੰਧਤੀ ਰਾਏ
ਕ੍ਰਿਸ਼ਨ ਕੁਮਾਰ ਰੱਤੂ
ਵਿਦਰੋਹ ਦੀ ਆਵਾਜ਼ ਸਾਹਿਤ ਨੂੰ ਸਦੀਆਂ ਤੱਕ ਜਿਊਂਦਾ ਰੱਖਦੀ ਹੈ। ਭਾਰਤ ਦੀ ਚਰਚਿਤ ਲੇਖਿਕਾ ਅਰੁੰਧਤੀ ਰਾਏ ਨੂੰ ਦੁਨੀਆ ਦੇ ਵੱਕਾਰੀ ਸਾਹਿਤਕ ਪੁਰਸਕਾਰ ਪੈੱਨ ਪਿੰਟਰ ਲਈ ਚੁਣੇ ਜਾਣਾ ਆਜ਼ਾਦੀ ਨਾਲ ਜਿਊਣ ਦੀ ਹਾਮੀ ਆਵਾਜ਼ ਲਈ ਕੌਮਾਂਤਰੀ ਪੱਧਰ ’ਤੇ ਮਾਣ ਵਾਲੀ ਗੱਲ ਹੈ। ਇਸ ਐਲਾਨ ਨਾਲ ਭਾਰਤੀ ਲੇਖਕਾਂ ਵਿੱਚ ਆਧੁਨਿਕ ਲੇਖਣੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਜਾਗਰੂਕਤਾ ਵਧੇਗੀ।
ਅਰੁੰਧਤੀ ਰਾਏ ਦੁਨੀਆ ਤੇ ਖ਼ਾਸਕਰ ਭਾਰਤ ਦੇ ਉਨ੍ਹਾਂ ਲੇਖਕਾਂ ਵਿੱਚੋਂ ਇੱਕ ਹੈ ਜੋ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਫਿਲਮਾਂ, ਅਨੁਵਾਦ ਅਤੇ ਚਲੰਤ ਮਸਲਿਆਂ ਬਾਰੇ ਉਸ ਦੀਆਂ ਲਿਖਤਾਂ ਅਕਸਰ ਹੀ ਵਿਵਾਦਾਂ ਵਿੱਚ ਘਿਰਦੀਆਂ ਰਹਿੰਦੀਆਂ ਹਨ। ਇਹ ਪੁਰਸਕਾਰ ਉਸ ਦੀ ਝੋਲੀ ਉਦੋਂ ਪਿਆ ਹੈ ਜਦੋਂ ਇੱਕ ਭਾਸ਼ਣ ਦੇਣ ਕਾਰਨ ਉਸ ਖ਼ਿਲਾਫ਼ ਯੂ.ਏ.ਪੀ.ਏ. ਵਰਗੇ ਕਾਨੂੰਨ ਤਹਿਤ ਕੇਸ ਚਲਾਉਣ ਦਾ ਮਾਮਲਾ ਚਰਚਾ ਅਤੇ ਲੋਕਾਂ ਵਿੱਚ ਰੋਸ ਦਾ ਮੁੱਦਾ ਬਣਿਆ ਹੋਇਆ ਹੈ। ਭਾਵੇਂ ਅਰੁੰਧਤੀ ਰਾਏ ਖ਼ਿਲਾਫ਼ ਯੂ.ਏ.ਪੀ.ਏ ਤਹਿਤ ਕੇਸ ਦਰਜ ਕਰਨ ਦਾ ਭਾਰਤ ਵਿੱਚ ਵੀ ਵਿਰੋਧ ਹੋ ਰਿਹਾ ਹੈ ਪਰ ਕੌਮਾਂਤਰੀ ਪੱਧਰ ’ਤੇ ਅਜਿਹਾ ਮਾਣ ਹਾਸਲ ਹੋਣਾ ਅਦਭੁੱਤ ਹੈ।
ਆਪਣੀ ਪਹਿਲੀ ਪੁਸਤਕ ‘ਦਿ ਗੌਡ ਆਫ਼ ਸਮਾਲ ਥਿੰਗਜ਼’ ਲਈ ਬੁੱਕਰ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਅਜਿਹੀ ਭਾਰਤੀ ਲੇਖਿਕਾ ਹੈ ਜਿਸ ਦੀ ਲੇਖਣੀ ਵਿੱਚ ਸਹਿਜ ਭਾਸ਼ਾ, ਸਿੱਧਾ ਵਿਦਰੋਹ ਅਤੇ ਲੋਕਾਈ ਦੀ ਆਵਾਜ਼ ਦਾ ਤੱਤ ਮਿਲਦਾ ਹੈ।
ਹੁਣ ਉਹ ਦੁਨੀਆ ਦੇ ਉਨ੍ਹਾਂ ਲੇਖਕਾਂ ਵਿੱਚ ਸ਼ੁਮਾਰ ਹੋ ਗਈ ਹੈ ਜੋ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਅਤੇ ਲੋਕਾਈ ਦੀ ਆਵਾਜ਼ ਬਣਦੇ ਹਨ। ਇਸ ਐਲਾਨ ਨੇ ਭਾਰਤੀ ਲੇਖਕਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਦੇ ਸਵਾਲ ਨੂੰ ਕੌਮਾਂਤਰੀ ਮੰਚ ’ਤੇ ਲਿਆਂਦਾ ਹੈ। ਅਰੁੰਧਤੀ ਰਾਏ ਦੀਆਂ ਦੂਸਰੀਆਂ ਕਿਰਤਾਂ ਵਿੱਚ ਵੀ ਅਜਿਹਾ ਹੀ ਝਲਕਾਰਾ ਮਿਲਦਾ ਹੈ।
ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਦੂਰਦਰਸ਼ਨ ਕੇਂਦਰ, ਜੈਪੁਰ ਵਾਸਤੇ ਉਸ ਨਾਲ ਇੰਟਰਵਿਊ ਕੀਤੀ ਸੀ। ਉਸ ਮੁਲਾਕਾਤ ਵਿੱਚ ਉਸ ਨੇ ਕਿਹਾ ਸੀ ਕਿ ਸਾਰਾ ਮਸਲਾ ਮੀਡੀਆ ਅਤੇ ਉਸ ਸ਼ਨਾਖਤ ਦਾ ਹੈ ਜੋ ਹਮੇਸ਼ਾ ਤੁਹਾਨੂੰ ਟੈਲੀਵਿਜ਼ਨ ਦੀ ਸਕਰੀਨ ’ਤੇ ਮਿਲਦੀ ਹੈ।
ਆਪਣੇ ਖ਼ਾਸ ਅੰਦਾਜ਼ ਸਦਕਾ ਅਰੁੰਧਤੀ ਰਾਏ ਦੁਨੀਆ ਦੇ ਉਨ੍ਹਾਂ ਲੇਖਕਾਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਦੀ ਆਵਾਜ਼ ਨੂੰ ਕੌਮਾਂਤਰੀ ਮੰਚ ’ਤੇ ਇੱਕ ਦੇਸ਼ ਦੀ ਆਵਾਜ਼ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਲਈ ਉੱਠਦੀ ਆਵਾਜ਼ ਮੰਨਿਆ ਜਾਂਦਾ ਹੈ।
ਇਹ ਪੁਰਸਕਾਰ ਨੋਬੇਲ ਪੁਰਸਕਾਰ ਜੇਤੂ ਹੈਰਲਡ ਪਿੰਟਰ ਦੀ ਯਾਦ ਵਿੱਚ 2009 ਵਿੱਚ ਸ਼ੁਰੂ ਹੋਇਆ। ਇਹ ਪੁਰਸਕਾਰ ਅਜਿਹੇ ਮਾਣਮੱਤੇ ਲੇਖਕ ਦੀ ਯਾਦ ਨੂੰ ਸਮਰਪਿਤ ਹੈ ਜਿਸ ਨੇ ਆਪਣੀਆਂ ਲਿਖਤਾਂ ਨੂੰ ਸੱਤਾ ਦੇ ਖ਼ਿਲਾਫ਼ ਸੱਚ ਦੀ ਆਵਾਜ਼ ਲੋਕਾਈ ਤੱਕ ਪਹੁੰਚਾਉਣ ਦਾ ਜ਼ਰੀਆ ਬਣਾਇਆ ਸੀ।
ਉਸ ਨੇ ਆਪਣੇ ਪਹਿਲੇ ਅੰਗਰੇਜ਼ੀ ਨਾਵਲ ‘ਦਿ ਗੌਡ ਆਫ਼ ਸਮਾਲ ਥਿੰਗਜ਼’ ਸਦਕਾ ਕੌਮਾਂਤਰੀ ਪੱਧਰ ’ਤੇ ਨਿਵੇਕਲੀ ਪਛਾਣ ਬਣਾਈ। ਇਹ ਨਾਵਲ ਇੰਨਾ ਮਕਬੂਲ ਹੋਇਆ ਕਿ ਇਸ ਨੂੰ ਭਾਰਤ ਦੀਆਂ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਅਰੁੰਧਤੀ ਰਾਏ ਦਾ ਸਾਰਾ ਸਾਹਿਤ ਸਥਾਪਤੀ ਵਿਰੋਧੀ ਸੁਰ ਵਾਲਾ ਹੋਣ ਦੇ ਬਾਵਜੂਦ ਇਸ ਦਾ ਪਾਠਕ ਵਰਗ ਬਹੁਤ ਵਿਸ਼ਾਲ ਹੈ।
ਇਸ ਐਵਾਰਡ ਦੀ ਪ੍ਰਸਤਾਵਨਾ ਵਿੱਚ ਪੈੱਨ ਪਿੰਟਰ ਪੁਰਸਕਾਰ ਦੀ ਡਾਇਰੈਕਟਰ ਰੂਥ ਬਾਰਥਵਿਕ ਨੇ ਕਿਹਾ ਹੈ ਕਿ ਅਰੁੰਧਤੀ ਰਾਏ ਉਨ੍ਹਾਂ ਕਹਾਣੀਆਂ ਤੇ ਸ਼ਬਦਾਂ ਦੇ ਪ੍ਰਗਟਾਵੇ ਦਾ ਜਾਦੂ ਜਾਣਦੀ ਹੈ ਭਾਵ ਉਹ ਲੇਖਕ ਹੈ ਜੋ ਬੇਹੱਦ ਬੇਰਹਿਮੀ ਨਾਲ ਆਪਣੀਆਂ ਰਚਨਾਵਾਂ ਦਾ ਸੰਪਾਦਨ ਕਰਦੀ ਹੈ। ਉਹ ਮਨੁੱਖੀ ਆਜ਼ਾਦੀ ਤੇ ਹੱਕਾਂ ਦੀ ਗੱਲ ਨਿੱਠ ਕੇ ਕਰਦੀ ਹੈ।
ਬ੍ਰਿਟਿਸ਼ ਲਾਇਬ੍ਰੇਰੀ ਵੱਲੋਂ ਲੰਡਨ ਵਿਖੇ ਇੱਕ ਸਮਾਗਮ ਵਿੱਚ ਅਰੁੰਧਤੀ ਰਾਏ ਨੂੰ ਇਹ ਪੁਰਸਕਾਰ 10 ਅਕਤੂਬਰ 2024 ਨੂੰ ਦਿੱਤਾ ਜਾਵੇਗਾ। ਇਸ ਮੁਕਾਮ ਤੱਕ ਪਹੁੰਚਣ ਦੀ ਰਾਏ ਦੀ ਆਪਣੀ ਕਹਾਣੀ ਵੀ ਅਜਿਹੀ ਹੈ ਜਿਸ ’ਤੇ ਰਸ਼ਕ ਕੀਤਾ ਜਾ ਸਕਦਾ ਹੈ।
ਚੌਵੀ ਨਵੰਬਰ 1961 ਨੂੰ ਉੱਤਰ ਪੂਰਬੀ ਭਾਰਤ ਦੇ ਸ਼ਹਿਰ ਸ਼ਿਲੌਂਗ (ਮੇਘਾਲਿਆ) ਵਿੱਚ ਪੈਦਾ ਹੋਈ ਈਸਾਈ ਮਾਂ ਅਤੇ ਬੰਗਾਲੀ ਬਾਪ ਦੀ ਇਸ ਧੀ ਨੇ ਆਪਣਾ ਕਿਰਦਾਰ ਨਿਵੇਕਲਾ ਬਣਾਇਆ। ਉਸ ਨੇ ਫਿਲਮਾਂ ਵਿੱਚ ਕੰਮ ਕੀਤਾ। ਇਸ ਦੇ ਨਾਲ ਹੀ ਉਸ ਨੇ ਆਰਕੀਟੈਕਚਰ ਦਾ ਕੋਰਸ ਵੀ ਦਿੱਲੀ ਤੋਂ ਕੀਤਾ ਪਰ ਉਸ ਤੋਂ ਬਾਅਦ ਉਸ ਦਾ ਜੀਵਨ ਸਾਹਸ ਅਤੇ ਨਿਸ਼ਚੇ ਭਰਪੂਰ ਸਫਲਤਾ ਨਾਲ ਭਰਪੂਰ ਹੈ।
ਅਰੁੰਧਤੀ ਰਾਏ ਨੇ ‘ਨਰਮਦਾ ਬਚਾਓ ਅੰਦੋਲਨ’ ਅਤੇ ਭਾਰਤ ਦੇ ਉਨ੍ਹਾਂ ਹੋਰ ਅੰਦੋਲਨਾਂ ਵਿੱਚ ਵੀ ਕੰਮ ਕੀਤਾ ਹੈ ਜਿਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਵਾਸਤੇ ਖ਼ਤਰਾ ਦੱਸਿਆ ਜਾਂਦਾ ਹੈ। ਉਸ ਦੀਆਂ ਪੁਸਤਕਾਂ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ ਹੈ।
ਹਾਲ ਹੀ ਵਿੱਚ ਉਸ ਦੀ ਬੇਹੱਦ ਚਰਚਿਤ ਪੁਸਤਕ ‘ਅੰਬੇਡਕਰ ਗਾਂਧੀ ਡਿਬੇਟ’ ਪੜ੍ਹਦਿਆਂ ਉਸ ਦੀ ਵਿਚਾਰਧਾਰਾ ਦਾ ਪਤਾ ਲੱਗਦਾ ਹੈ।
ਉਸ ਨੇ ਸਮਾਨਾਂਤਰ ਸਿਨਮਾ ਦੀ ‘ਮੈਸੀ ਸਾਹਿਬ’ ਵਰਗੀ ਫਿਲਮ ਵਿੱਚ ਵੀ ਕੰਮ ਕੀਤਾ ਅਤੇ ਹੋਰ ਚੀਜ਼ਾਂ ਦੇ ਨਾਲ ਅਨੁਵਾਦ ਦੇ ਖੇਤਰ ਵਿੱਚ ਵੀ ਹੱਥ ਅਜ਼ਮਾਇਆ। ਫਿਲਮਸਾਜ਼ ਪ੍ਰਦੀਪ ਕ੍ਰਿਸ਼ਨ ਨਾਲ ਵਿਆਹ ਤੋਂ ਬਾਅਦ ਉਹ ਹਮੇਸ਼ਾ ਚਰਚਾ ਵਿੱਚ ਰਹੀ ਹੈ। ਇੱਕ ਮੁਲਾਕਾਤ ਵਿੱਚ ਉਸ ਨੇ ਜ਼ੋਰ ਕੇ ਇਹ ਗੱਲ ਆਖੀ ਕਿ ਭਾਰਤ ਦੇ ਪੁਰਾਣੇ ਰੂੜੀਵਾਦੀ ਨੇਤਾ ਵੀ ਆਪਣੇ ਆਪ ਨੂੰ ਸੁਪਰਸਟਾਰ ਸਮਝਦੇ ਰਹੇ ਅਤੇ ਝੁੱਗੀਆਂ ਝੌਂਪੜੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ।
ਉਹ ਤਿੱਖੇ ਸਵਾਲਾਂ ਦੇ ਜਵਾਬ ਵਿੱਚ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਅੱਜ ਵੀ ਗ਼ਰੀਬਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਆਪਣੇ ਨਿੱਜੀ ਜੀਵਨ ਬਾਰੇ ਵੀ ਉਹ ਖੁੱਲ੍ਹ ਕੇ ਬਿਆਨ ਕਰਦੀ ਹੈ। ਮੌਜੂਦਾ ਭਾਰਤੀ ਸਾਹਿਤ ਵਿੱਚ ਉਸ ਦੀਆਂ ਗੱਲਾਂ-ਬਾਤਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੀ ਦੇਖਿਆ ਗਿਆ ਹੈ।
ਉਸ ਨੂੰ ਇਹ ਪੁਰਸਕਾਰ ਮਿਲਣਾ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ ਨੂੰ ਚਰਚਾ ਵਿੱਚ ਲਿਆਉਣ ਦਾ ਜ਼ਰੀਆ ਬਣਿਆ ਹੈ।
ਪੈੱਨ ਪਿੰਟਰ ਪੁਰਸਕਾਰ ਦਾ ਐਲਾਨ ਹੋਣ ਮਗਰੋਂ ਉਹ ਅੱਜ ਵੀ ਇਹ ਮੰਨਦੀ ਹੈ ਕਿ ਆਜ਼ਾਦੀ ਤੋਂ ਬਾਅਦ ਬਹੁਤ ਕੁਝ ਬਦਲਿਆ ਹੈ ਪਰ ਨਿਆਂ ਅਤੇ ਨਕਸਲਬਾੜੀ ਲਹਿਰ ਤੋਂ ਲੈ ਕੇ ਆਜ਼ਾਦੀ ਦੇ ਰੌਲੇ ਵਿੱਚ ਆਮ ਲੋਕ ਕੁਚਲੇ ਗਏ ਹਨ ਅਤੇ ਇਸੇ ਕਰਕੇ ਹੀ ਉਸ ਨੇ ਕਸ਼ਮੀਰ ਬਾਰੇ ਅਜਿਹਾ ਬਿਆਨ ਦਿੱਤਾ। ਗਾਜ਼ਾ ਅਤੇ ਰੂਸ-ਯੂਕਰੇਨ ਯੁੱਧ ਜਿਹੇ ਮਸਲਿਆਂ ਦੇ ਦੌਰ ਵਿੱਚ ਅਰੁੰਧਤੀ ਰਾਏ ਨੂੰ ਪੈੱਨ ਪਿੰਟਰ ਪੁਰਸਕਾਰ ਮਿਲਣਾ ਧਰਵਾਸ ਦੀ ਗੱਲ ਵੀ ਹੈ।
* ਉੱਘਾ ਬ੍ਰਾਡਕਾਸਟਰ ਅਤੇ ਸਾਬਕਾ ਉਪ-ਮਹਾਨਿਰਦੇਸ਼ਕ, ਦੂਰਦਰਸ਼ਨ।
ਸੰਪਰਕ: 94787-30156