ਦੀਵਾਲੀ ਨਾਈਟ ਵਿੱਚ ਕਲਾਕਾਰਾਂ ਨੇ ਬੰਨ੍ਹਿਆ ਰੰਗ
ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 27 ਅਕਤੂਬਰ
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੰਮ ਕਰਨਗੇ। ਉਹ ਬੀਤੀ ਰਾਤ ਪ੍ਰੈਸ ਕਲੱਬ ਐਸਏਐਸ ਨਗਰ ਵੱਲੋਂ ਇੱਥੇ ਫੇਜ਼ ਛੇ ਵਿੱਚ ਮਨਾਈ ਦੀਵਾਲੀ ਨਾਈਟ ਦੀ ਸੰਗੀਤਕ ਸ਼ਾਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸਮਾਗਮ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੁਰਿੰਦਰ ਸਿੰਘ ਰੋਡਾ ਸੁਹਾਣਾ ਨੇ ਵੀ ਸ਼ਮੂਲੀਅਤ ਕੀਤੀ। ਸੱਭਿਆਚਾਰਕ ਸਮਾਗਮ ਵਿਚ ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਬਾਈ ਹਰਦੀਪ ਅਤੇ ਸਤਵੀਰ ਸੱਤੀ ਨੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸ ਮੌਕੇ ਅਦਾਕਾਰਾ ਪੂਨਮ ਸੂਦ, ਜਸਵਿੰਦਰ ਸਿੰਘ ਜੱਸੀ, ਉਦਯੋਗਪਤੀ ਮਨਜੀਤ ਸਿੰਘ ਖੁਰਲ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਤੇ ਜਨਰਲ ਸਕੱਤਰ ਪ੍ਰਦੀਪ ਸਿੰਘ ਹੈਪੀ ਨੇ ਸਾਰਿਆਂ ਦਾ ਧੰਨਵਾਦ ਕੀਤਾ।