ਕਸ਼ਮੀਰ ਵਿੱਚ ਵੱਖਵਾਦ ਦੇ ਬੀਜ ਧਾਰਾ 370 ਨੇ ਬੀਜੇ: ਸ਼ਾਹ
ਨਵੀਂ ਦਿੱਲੀ, 2 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਸ਼ਮੀਰ ਦੇ ਨੌਜਵਾਨਾਂ ਦੇ ਦਿਮਾਗ ਵਿਚ ਵੱਖਵਾਦ ਦਾ ਬੀਜ ਧਾਰਾ 370 ਨੇ ਬੀਜਿਆ ਤੇ ਨਰਿੰਦਰ ਮੋਦੀ ਸਰਕਾਰ ਨੇ ਵਾਦੀ ਵਿਚੋਂ ਅਤਿਵਾਦ ਨੂੰ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਪੂਰੀ ਤਰ੍ਹਾਂ ਭਾਰਤ ਨਾਲ ਜੋੜਨ ਵਿਚ ਧਾਰਾ 370 ਤੇ ਧਾਰਾ 35ਏ ਸਭ ਤੋਂ ਵੱਡਾ ਅੜਿੱਕਾ ਸਨ। ਸ਼ਾਹ ‘ਜੰਮੂ ਐਂਡ ਕਸ਼ਮੀਰ ਐਂਡ ਲੱਦਾਖ: ਥਰੂ ਦਾ ਏਜੀਜ਼’ ਕਿਤਾਬ ਰਿਲੀਜ਼ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਕਸ਼ਮੀਰ ਦੇ ਦੇਸ਼ ਦੇ ਬਾਕੀ ਹਿੱਸੇ ਨਾਲ ਸਬੰਧ ਦੀ ਗੱਲ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਕੁੱਲ ਆਲਮ ਦਾ ਇਕੋ-ਇਕ ਮੁਲਕ ਹੈ, ਜੋ ਭੂ-ਸਭਿਆਚਾਰਕ ਹੈ ਤੇ ਜਿਸ ਦੀਆਂ ਸਰਹੱਦਾਂ ਇਸ ਦੇ ਸਭਿਆਚਾਰ ਤੋਂ ਬਣੀਆਂ ਹਨ। ਸ਼ਾਹ ਨੇ ਕਿਹਾ ਕਿ ਭਾਰਤ ਨੂੰ ਭੂ-ਸਿਆਸੀ ਪਰਿਪੇਖ ਤੋਂ ਨਹੀਂ ਬਲਕਿ ਇਸ ਦੇ ਭਾਰਤੀ ਪਰਿਪੇਖ ਤੋਂ ਹੀ ਸਮਝਿਆ ਜਾ ਸਕਦਾ ਹੈ। ਇਸ ਮੌਕੇ ਕੇਂਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੇ ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ ਦੇ ਚੇਅਰਮੇੈਨ ਰਘੂਵੇਂਦਰ ਤੰਵਰ ਵੀ ਮੌਜੂਦ ਸਨ। -ਪੀਟੀਆਈ