ਬਾਂਦੀਪੋਰਾ ਵਿੱਚ ਫੌਜੀ ਵਾਹਨ ਖੱਡ ਵਿੱਚ ਡਿੱਿਗਆ, ਚਾਰ ਜਵਾਨ ਸ਼ਹੀਦ
ਸ੍ਰੀਨਗਰ, 4 ਜਨਵਰੀ
ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਇਕ ਵਾਹਨ ਦੇ ਖੱਡ ’ਚ ਡਿੱਗਣ ਕਾਰਨ ਚਾਰ ਫੌਜੀ ਸ਼ਹੀਦ ਹੋ ਗਏ ਤੇ ਇੱਕ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਐੱਸਕੇ ਪਾਯੇਨ ਨੇੜੇ ਫੌਜੀ ਵਾਹਨ ਸੜਕ ਤੋਂ ਤਿਲਕ ਕੇ ਖੱਡ ’ਚ ਡਿੱਗ ਗਿਆ। ਥਲ ਸੈਨਾ ਦੀ ਚਿਨਾਰ ਕੋਰ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਬਾਂਦੀਪੋਰਾ ਜ਼ਿਲ੍ਹੇ ’ਚ ਆਪਣਾ ਫਰਜ਼ ਨਿਭਾਉਂਦਿਆਂ ਭਾਰਤੀ ਫੌਜ ਦਾ ਇਕ ਵਾਹਨ ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਕਾਰਨ ਤਿਲਕ ਕੇ ਡੂੰਘੀ ਖੱਡ ’ਚ ਡਿੱਗ ਗਿਆ। ਪੋੋਸਟ ’ਚ ਕਿਹਾ ਗਿਆ, ‘‘ਜ਼ਖ਼ਮੀ ਜਵਾਨਾਂ ਨੂੰ ਸਥਾਨਕ ਕਸ਼ਮੀਰੀਆਂ ਦੇ ਸਹਿਯੋਗ ਨਾਲ ਮੈਡੀਕਲ ਸਹਾਇਤਾ ਲਈ ਉਥੋਂ ਫੌਰੀ ਕੱਢਿਆ ਗਿਆ, ਜਿਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਮੰਦਭਾਗੇ ਹਾਦਸੇ ’ਚ ਚਾਰ ਬਹਾਦਰ ਜਵਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਭਾਰਤੀ ਫੌਜ ਪੀੜਤ ਪਰਿਵਾਰਾਂ ਨਾਲ ਦਿਲੋਂ ਅਫ਼ਸੋਸ ਜਤਾਉਂਦੀ ਹੈ।’’ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਮਸਰਤ ਇਕਬਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਫੌਜੀਆਂ ਨੂੰ ਜਦੋਂ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਬਾਕੀ ਤਿੰਨ ਫੌਜੀਆਂ ਨੂੰ ਮੁੱਢਲੇ ਇਲਾਜ ਮਗਰੋਂ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ ਜਿਥੇ ਦੋ ਫੌਜੀਆਂ ਨੇ ਮਗਰੋਂ ਦਮ ਤੋੜ ਦਿੱਤਾ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੈਨਾ ਦੇ ਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਪ ਰਾਜਪਾਲ ਨੇ ਆਪਣੇ ਸੋਗ ਸੁਨੇਹੇ ’ਚ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਸੇਵਾ ਅਤੇ ਵਚਨਬੱਧਤਾ ਲਈ ਹਮੇਸ਼ਾ ਰਿਣੀ ਰਹੇਗਾ। -ਪੀਟੀਆਈ