ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਗਜ਼ਨੀ
ਇੰਫਾਲ, 4 ਸਤੰਬਰ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਜ ਸਵੇਰੇ ਮੁੜ ਤੋਂ ਅੱਗਜ਼ਨੀ ਦੀ ਘਟਨਾ ਵਾਪਰੀ ਜਦੋਂ ਸ਼ੱਕੀ ‘ਆਦਿਵਾਸੀ ਗ੍ਰਾਮ ਸਵੈ ਸੇਵਕਾਂ’ ਨੇ ਇੱਕ ਮਕਾਨ ਨੂੰ ਅੱਗ ਲਗਾ ਦਿੱਤੀ। ਦੂਜੇ ਪਾਸੇ ਦੋ ਦਿਨ ਪਹਿਲਾਂ ਡਰੋਨ ਨਾਲ ਸੁੱਟੇ ਗਏ ਬੰਬਾਂ ’ਚ ਇੱਕ ਸਥਾਨਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਜ਼ਖ਼ਮੀ ਹੋਣ ਮਗਰੋਂ ਸੇਨਜਾਮ ਚਿਰਾਂਗ ਦੇ ਵਾਸੀਆਂ ਦਾ ਇੱਕ ਵਰਗ ਆਪਣੇ ਘਰ ਛੱਡ ਕੇ ਨੇੜਲੇ ਭਾਈਚਾਰਕ ਹਾਲ ’ਚ ਪਨਾਹ ਲੈਣ ਲਈ ਮਜਬੂਰ ਹੋ ਰਿਹਾ ਹੈ।
ਪੁਲੀਸ ਨੇ ਦੱਸਿਆ ਕਿ ਜਿਰੀਬਾਮ ਜ਼ਿਲ੍ਹੇ ਦੇ ਜਾਕੁਰਧੋਰ ’ਚ ਤਿੰਨ ਕਮਰਿਆਂ ਵਾਲਾ ਮਕਾਨ ਇੱਕ ਸੇਵਾਮੁਕਤ ਪੁਲੀਸ ਅਧਿਕਾਰੀ ਦਾ ਸੀ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਿਛਲੀ ਹਿੰਸਾ ਮਗਰੋਂ ਪਰਿਵਾਰ ਨੇ ਇਹ ਮਕਾਨ ਖਾਲੀ ਕਰ ਦਿੱਤਾ ਸੀ। ਪੁਲੀਸ ਨੇ ਦੱਸਿਆ ਕਿ ਹਥਿਆਰਬੰਦ ਲੋਕਾਂ ਨੇ ਹਨੇਰੇ ਦਾ ਲਾਹਾ ਲੈਂਦਿਆਂ ਤੜਕੇ ਕਰੀਬ ਸਾਢੇ ਤਿੰਨ ਵਜੇ ਮਕਾਨ ’ਤੇ ਹਮਲਾ ਕੀਤਾ ਅਤੇ ਉਸ ਨੂੰ ਸਾੜ ਦਿੱਤਾ। ਦੂਜੇ ਪਾਸੇ ਡਰੋਨ ਹਮਲਿਆਂ ਮਗਰੋਂ ਘਰ ਛੱਡਣ ਵਾਲੇ ਸੇਨਜਮ ਚਿਰਾਂਗ ਪਿੰਡ ਦੇ ਵਤਮ ਗੰਭੀਰ ਨੇ ਦੱਸਿਆ ਕਿ ਲੰਘੇ ਸੋਮਵਾਰ ਨੂੰ ਡਿੱਗੇ ਇੱਕ ਬੰਬ ਨਾਲ ਉਸ ਦੇ ਘਰ ਦੀ ਛੱਤ ਤਬਾਹ ਹੋ ਗਈ। ਦੂਜੇ ਬੰਬ ਨਾਲ ਉਸ ਦੀਆਂ ਗਊਆਂ ਦਾ ਸ਼ੈੱਡ ਉੱਡ ਗਿਆ ਜਦਕਿ ਤੀਜੇ ਬੰਬ ਨਾਲ ਉਹ ਤੇ ਉਸ ਦਾ ਪੁੱਤ ਜ਼ਖ਼ਮੀ ਹੋ ਗਏ। -ਪੀਟੀਆਈ