For the best experience, open
https://m.punjabitribuneonline.com
on your mobile browser.
Advertisement

ਪਹੁੰਚੀ ਵਹੀ ਪੇ ਖ਼ਾਕ਼... ਉਰਫ਼ ਫ਼ਿਲਮ ਜ਼ਿੰਦਗੀ ਤਮਾਸ਼ਾ

07:09 AM Sep 24, 2023 IST
ਪਹੁੰਚੀ ਵਹੀ ਪੇ ਖ਼ਾਕ਼    ਉਰਫ਼ ਫ਼ਿਲਮ ਜ਼ਿੰਦਗੀ ਤਮਾਸ਼ਾ
Advertisement

ਮੋਨੀਕਾ ਕੁਮਾਰ

Advertisement

ਹੇਰਵਾ

ਬੰਦੇ ਨੂੰ ਪਤਾ ਨਹੀਂ ਹੁੰਦਾ, ਜਿਹੜੀ ਉਹ ਫ਼ਿਲਮ ਦੇਖਣ ਲੱਗਾ ਹੈ, ਉਹਦਾ ਉਹਦੇ ਦਿਲ ’ਤੇ ਕੀ ਅਸਰ ਹੋਣਾ ਹੈ। ‘ਜ਼ਿੰਦਗੀ ਤਮਾਸ਼ਾ’ ਫ਼ਿਲਮ ਦੀ ਚਰਚਾ ਬੜੀ ਸੀ; ਸੋ ਅਸੀਂ ਵੀ ਦੇਖ ਲਈ ਤੇ ਫ਼ਿਲਮ ਤਾਂ ਬਹੁਤ ਵਧੀਆ ਸੀ। ਪਰ ਉਹਦੇ ਨਾਲ਼ ਮੇਰੇ ਦਿਲ ਅੰਦਰ ਇਕ ਹੋਰ ਫ਼ਿਲਮ ਚਲਦੀ ਰਹੀ। ਜਿਵੇਂ ਫ਼ਿਲਮ ’ਚ ਕਿਰਦਾਰਾਂ ਨੇ ਬੋਲਣਾ ਸ਼ੁਰੂ ਕੀਤਾ, ਮੈਨੂੰ ਰੋਣ ਆਉਣ ਲੱਗ ਪਿਆ ਕਿ ਇਸ ਫ਼ਿਲਮ ’ਚ ਲੋਕ ਉਹ ਪੰਜਾਬੀ ਬੋਲ ਰਹੇ ਨੇ, ਜਿਹੜੀ ਸਾਡੇ ਘਰਾਂ ਦੀ ਪੰਜਾਬੀ ਹੈ। ਮੇਰਾ ਨਾਨਕਾ ਤੇ ਦਾਦਕਾ ਦੋਹੇਂ ਪਰਿਵਾਰ ਗੁੱਜਰਾਂਵਾਲ਼ਿਓਂ ਉੱਜੜ ਕੇ ਏਸ ਪੰਜਾਬ ਆ ਕੇ ਵਸੇ ਸੀ। ਇਹ ਨਹੀਂ ਕਹਿ ਸਕਦੇ ਪਾਕਿਸਤਾਨੋਂ ਆਏ ਸੀ, ਕਿਉਂਕਿ ਪਾਕਿਸਤਾਨ ਤਾਂ ਉਨ੍ਹਾਂ ਦੇ ਆਉਣ ਤੋਂ ਮਗਰੋਂ ਬਣਿਆ।
ਸਾਡੇ ਘਰਾਂ, ਰਿਸ਼ਤੇਦਾਰਾਂ ਤੇ ਹੋਰ ਰਫ਼ੂਜੀ ਗਵਾਂਢੀਆਂ ਮੁਹੱਲੇਦਾਰਾਂ ਦੀ ਪੰਜਾਬੀ ਲਹਿੰਦੇ ਪੰਜਾਬ ਵਾਲ਼ੀ ਪੰਜਾਬੀ ਚਲਦੀ ਸੀ। ਮੈਂ ਇਹੋ ਪੰਜਾਬੀ ਸਭ ਤੋਂ ਪਹਿਲਾਂ ਸੁਣੀ ਸੀ ਤੇ ਬੋਲੀ ਸੀ। ਜਿਵੇਂ ਜਿਵੇਂ ਮੇਰੀ ਦੁਨੀਆ ਵਸੀਹ ਹੋਈ ਤਾਂ ਬਿਲਕੁਲ ਵੱਖਰੀ ਟਕਸਾਲੀ ਕਿਸਮ ਦੀ ਪੰਜਾਬੀ ਸੁਣੀ ਜੋ ਮੈਂ ਸਿਖ ਤਾਂ ਲਈ, ਪਰ ਮੈਨੂੰ ਹਮੇਸ਼ਾ ਓਪਰਾ ਲੱਗਦਾ ਰਿਹਾ ਕਿ ਮੈਂ ਕੀ ਬੋਲੀ ਜਾਨੀਂ ਆਂ। ਪਰ ਜਿਵੇਂ ਹੋਰਨਾਂ ਲੋਕਾਂ ’ਚ ਰਲਣ ਲਈ ਮੈਨੂੰ ਜੋ ਵੀ ਸਿੱਖਣਾ ਜ਼ਰੂਰੀ ਲੱਗਾ, ਮੈਂ ਸਿੱਖਣ ਦੀ ਕੋਸ਼ਿਸ਼ ਕਰਦੀ ਰਹੀ।
ਸਵਾਲ ਇਹ ਹੈ ਕਿ ਲਹਿੰਦੇ ਪੰਜਾਬ ਦੀ ਪੰਜਾਬੀ ਕਿਹੜੀ ਪੰਜਾਬੀ ਹੈ? ਇਹਨੂੰ ਦੱਸਿਆ ਨਹੀਂ ਜਾ ਸਕਦਾ; ਮੈਂ ਸਮਝਾ ਨਹੀਂ ਸਕਦੀ, ਇਹ ਪੰਜਾਬੀ ਕਿਵੇਂ ਵੱਖਰੀ ਹੈ। ਗੱਲ ਸ਼ਬਦ ਜਾਂ ਸ਼ਬਦਜੋੜਾਂ ਦੇ ਵੱਖਰੇ ਹੋਣ ਦੀ ਨਹੀਂ; ਗੱਲ ਬੋਲਣ ਦੇ ਸੁਰ ਦੀ ਹੈ, ਗੱਲ ਬੋਲਣ ਦੇ ਅੰਦਾਜ਼ ਦੀ ਹੈ, ਸ਼ਬਦਾਂ ਉੱਪਰ ਕਿਵੇਂ ਜ਼ੋਰ ਪਾਉਣਾ ਤੇ ਸੁਰ ਨੂੰ ਕਿਵੇਂ ਲਾਹੁਣਾ ਤੇ ਗੱਲ ਮੁਕਾਉਣੀ- ਗੱਲ ਉਸ ਰਾਗ-ਸੰਗੀਤ ਦੀ ਹੈ, ਜੋ ਮੈਂ ਅਪਣੇ ਜਨਮ ਤੋਂ ਬਾਅਦ ਅਪਣੇ ਲੋਕਾਂ ਤੋਂ ਸੁਣਿਆ।
ਸਾਡੇ ਘਰਾਂ ਜਾਂ ਹੋਰ ਰਫ਼ੂਜੀ ਭਾਈਚਾਰੇ ਦੀ ਪੰਜਾਬੀ ਨਾ ਤਾਂ ਜੱਟ ਸਿੱਖਾਂ ਵਾਲ਼ੀ ਪੰਜਾਬੀ ਹੈ ਤੇ ਨਾ ਹਿੰਦੂ ਪੰਜਾਬੀਆਂ ਵਾਲ਼ੀ ਪੰਜਾਬੀ। ਇਹ ਉੱਜੜ ਕੇ ਆਇਆਂ ਦੀ ਪੰਜਾਬੀ ਹੈ ਜਿਸ ’ਤੇ ਇਸਲਾਮੀ ਰੰਗ ਚੜਿ੍ਹਆ ਹੋਇਆ ਹੈ। ਫ਼ਿਲਮ ਦੇ ਵਿਚ ਜਦੋਂ ਕਿਰਦਾਰ ਵੱਡੇ ਦਿਨ ਨਾਨ ਤੇ ਹਲਵਾ ਪਾ ਕੇ ਨਿਆਜ਼ ਵੰਡਣ ਜਾਂਦਾ ਹੈ, ਤਾਂ ਮੈਨੂੰ ਯਾਦ ਆਈ ਕਿ ਸਾਡੇ ਬਚਪਨ ਵਿਚ ਸਾਨੂੰ ਨਿਆਜ਼ ਬਾਰੇ ਬਹੁਤਾ ਪਤਾ ਸੀ ਕਿਉਂਕਿ ਨਕੋਦਰ ਸਾਡੇ ਘਰਾਂ ਲਾਗੇ ਬਹੁਤ ਮਸੀਤਾਂ ਸੀ ਜਿੱਥੇ ਨਿਆਜ਼ ਵੰਡੀ ਜਾਂਦੀ ਸੀ। ਮੰਦਰਾਂ ਗੁਰਦੁਆਰਿਆਂ ਦੇ ਪ੍ਰਸ਼ਾਦ ਬਾਰੇ ਤਾਂ ਸਗੋਂ ਸਾਨੂੰ ਬਾਅਦ ’ਚ ਵੱਧ ਪਤਾ ਲੱਗਾ।
ਸਾਡੇ ਘਰਾਂ ਦਾ ਜੀਵਨ ਧਾਰਮਿਕ ਨਹੀਂ, ਸਗੋਂ ਸਭਿਆਚਾਰਕ ਸੀ ਜਿਹਦੇ ਕਈ ਰੰਗ ਸੀ। ਭਾਵੇਂ ਸਭਿਆਚਾਰ ਧਰਮ ਦੇ ਸੰਸਕਾਰਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੈ, ਪਰ ਸਭਿਆਚਾਰ ਮੇਰੀ ਜਾਚੇ ਧਰਮ ਤੋਂ ਕਿਤੇ ਪਵਿੱਤਰ ਤੇ ਵਸੀਹ ਮਾਮਲਾ ਹੈ।
ਸਾਡੇ ਪਰਿਵਾਰ ਇਧਰ ਆ ਕੇ ਜੋ ਰਿਜ਼ਕ ਦੇ ਗੇੜਾਂ ਵਿਚ ਪਏ ਕਿ ਕੋਈ ਉਸ ਜੀਵਨ ਨੂੰ ਘੱਟ ਹੀ ਯਾਦ ਕਰਦਾ ਸੀ, ਜਿਹੜਾ ਉਨ੍ਹਾਂ ਉਥੇ ਗੁਜ਼ਾਰਿਆ, ਜਿਹਨੂੰ ਹੁਣ ਪਾਕਿਸਤਾਨ ਕਹਿੰਦੇ ਨੇ। 1977 ’ਚ ਮੇਰਾ ਜਨਮ ਹੋਇਆ, ਤਾਂ ਉਨ੍ਹਾਂ ਨੂੰ ਇੱਥੇ ਆਇਆਂ ਤੀਹ ਸਾਲ ਹੋ ਚੁੱਕੇ ਸੀ ਤੇ ਤਕਰੀਬਨ ਹਰ ਰਿਸ਼ੇਤਦਾਰ ਧੱਕੇ ਖਾ ਕੇ ਦਰ-ਦਰ ਭਟਕ ਕੇ ਕਿਸੇ ਨਾ ਕਿਸੇ ਪਿੰਡ ਸ਼ਹਿਰ ਨਵੇਂ ਸਿਰਿਓਂ ਅਪਣੀ ਜੜ੍ਹ ਲਾ ਚੁੱਕਾ ਸੀ ਤੇ ਅਪਣੀਆਂ ਜੜ੍ਹਾਂ ਤੋਂ ਵਿਛੋੜੇ ਦੀ ਗੱਲ ਤੋਂ ਜਿਵੇਂ ਚੁੱਪ ਹੀ ਵੱਟ ਲਈ ਸੀ। ਮੈਨੂੰ ਲਾਹੌਰ ਪਿਸ਼ੌਰ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਸੀ। ਇਸ ਲਈ ਮੈਂ ਕਈ ਵਾਰ ਅਪਣੇ ਦਾਦੇ ਤੋਂ ਜਾਂ ਤਾਇਆ ਜੀਆਂ ਤੋਂ ਹੋਰ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰਦੀ।
ਸਾਰੀ ਉਮਰ ਮੈਂ ਜਿਸ ਬੇਗਾਨਗੀ ਦੇ ਅਹਿਸਾਸ ਨਾਲ ਕੱਟੀ, ਮੈਨੂੰ ਪਤਾ ਨਹੀਂ ਸੀ ਆਖ਼ਿਰ ਇਸ ਬੇਗਾਨਗੀ ਇਸ ਹੇਰਵੇ ਇਸ ਦੁੱਖ ਦੀ ਵਜਾਹ ਕੀ ਹੈ। ਕੁਝ ਸਾਲ ਪਹਿਲਾਂ ਥੋੜ੍ਹੀ-ਥੋੜ੍ਹੀ ਸਮਝ ਆਉਣੀ ਸ਼ੁਰੂ ਹੋਈ; ਇਹ ਬਿਰਹਾ ਇਹ ਵਿਛੋੜਾ ਕੀ ਹੈ, ਜੋ ਹਰ ਵੇਲੇ ਮਨ ਭਿੱਜਿਆ ਰਹਿੰਦਾ।
ਕੁਝ ਸਾਲ ਪਹਿਲਾਂ ਅਮਰਜੀਤ ਚੰਦਨ ਨੇ ਮੈਨੂੰ ਕਿਹਾ ਕਿ ਸੰਤਾਲੀ ਦੇ ਉਜਾੜੇ ਦੀ ਸ਼ਾਇਰੀ ਦੀ ਕਿਤਾਬ ਬਣਾਉਣੀ ਹੈ, ਤੁਹਾਡੇ ਦੋਹੇਂ ਪਰਿਵਾਰ ਉਧਰੋਂ ਆਏ ਨੇ, ਤੂੰ ਉਨ੍ਹਾਂ ’ਤੇ ਕੁਝ ਲਿਖ। ਉਨ੍ਹਾਂ ਦੇ ਕਹਿਣ ਤੇ ਅਪਣੀਆਂ ਜੜ੍ਹਾਂ ਫਰੋਲਣ ਦੀ ਚਿਣਗ ਰਸਮੀ ਤੌਰ ’ਤੇ ਪਹਿਲੀ ਵਾਰ ਮੈਨੂੰ ਲੱਗੀ। ਮੈਂ ਪਹਿਲੀ ਵਾਰ ਉਚੇਚਾ ਅਪਣੇ ਤਾਇਆ ਜੀ ਤੋਂ ਸੰਤਾਲ਼ੀ ਦੀਆਂ ਗੱਲਾਂ ਪੁੱਛੀਆਂ। ਨਹੀਂ ਤਾਂ ਇਹ ਸਭ ਪਹਿਲਾਂ ਕੇਵਲ ਭਾਵੁਕ ਤੌਰ ’ਤੇ ਮੈਂ ਕਦੇ-ਕਦੇ ਪੁੱਛਦੀ ਹੁੰਦੀ ਸੀ।
ਨਾ ਪੰਜਾਬ ਦੇ ਹਿੰਦੂ ਭਾਈਚਾਰੇ ’ਚ ਜੀਅ ਲੱਗਦਾ, ਨਾ ਸਿੱਖਾਂ ’ਚ। ਕਿਉਂਕਿ ਲਹਿੰਦੇ ਪੰਜਾਬੋਂ ਉੱਜੜ ਕੇ ਆਇਆਂ ਦਾ ਸਭਿਆਚਾਰ ਕੁਝ ਹੋਰ ਚੀਜ਼ ਹੈ। ਸਾਡੀ ਪੰਜਾਬੀ ਸਾਡੀ ਬੋਲੀ ਵੱਖਰੀ ਹੈ। ਪਰਵਾਸੀਆਂ ਦਾ ਕੋਈ ਸਭਿਆਚਾਰ ਨਹੀਂ ਹੁੰਦਾ, ਉਹ ਵਸਣ ਦੇ ਵਸੀਲੇ ਨੂੰ ਕੁਝ ਵੀ ਨਵਾਂ ਸਿਖ ਲੈਂਦੇ ਨੇ ਤੇ ਉਹ ਰੀਤਾਂ-ਰਸਮਾਂ ਕਰਨ ਲੱਗ ਜਾਂਦੇ ਨੇ, ਜੋ ਉਨਾਂ ਨੂੰ ਨਵੀਂ ਜ਼ਮੀਨ ਨਾਲ਼ ਜੋੜ ਦੇਣ। ਇਸੇ ਤਰ੍ਹਾਂ ਉਹ ਅਪਣਾ ਜੀਉਣ ਸੌਖਾ ਕਰਦੇ ਨੇ। ਸਾਡੀ ਬਰਾਦਰੀ ਨੇ ਵੀ ਇਹੋ ਕੁਝ ਕੀਤਾ। ਬਹੁਤੇ ਲੋਕ ਤਾਂ ਇਸ ਵਿਛੋੜੇ ਨੂੰ ਭੁੱਲ ਕੇ ਦੁਨੀਆਦਾਰੀ ਤੇ ਹੋਰ ਭੰਬਲਭੂਸਿਆਂ ’ਚ ਪੈ ਚੁੱਕੇ ਨੇ।
ਅਮਰਜੀਤ ਚੰਦਨ ਦੀ ਚਿਣਗ ਲਾਉਣ ਮਗਰੋਂ ਤਾਂ ਜਿਵੇਂ ਮੈਂ ਦੱਬਿਆ ਕੋਈ ਦੁੱਖ ਸਹੇੜ ਲਿਆ। ਮੈਨੂੰ ਸਾਫ਼-ਸਾਫ਼ ਦਿਸਣ ਲੱਗਾ ਕਿ ਇਖ਼ਲਾਕ਼ੀ ਤੌਰ ’ਤੇ ਭਾਵੇਂ ਇਹ ਪੰਜਾਬ ਹੀ ਸਾਡੀ ਜਨਮਭੂਮੀ ਹੈ, ਪਰ ਸਾਡੀ ਬੋਲੀ ਸਾਡੀ ਪੰਜਾਬੀ ਦੀ ਜੜ੍ਹ ਕਿਤੇ ਹੋਰ ਲੱਗੀ ਹੋਈ ਹੈ। ਸਾਡਾ ਮੂਲ ਸਭਿਆਚਾਰ ਨਾ ਮਾਲਵੇ ਦਾ ਹੈ ਨਾ ਮਾਝੇ ਦਾ ਤੇ ਨਾ ਦੁਆਬੇ ਦਾ। ਅਸੀਂ ਰਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਸਾਡਾ ਅਪਣਾ ਰੰਗ ਕਦੇ-ਕਦੇ ਭਾਹ ਮਾਰ ਜਾਂਦਾ ਹੈ। ਇਸਲਾਮੀ ਰੰਗਤ ਵਾਲ਼ੇ ਨਿਆਜ਼ੀ ਸਭਿਆਚਾਰ ਤੋਂ ਵਿਛੜ ਕੇ ਅਸੀਂ ਭਲਾ ਕੀ ਕਮਾ ਲਿਆ?
ਕਨੇਡਾ ਆ ਕੇ ਮੈਂ ਅਪਣੇ ਹਮਸਫ਼ਰ ਨੂੰ ਪੁੱਛਦੀ ਹਾਂ ਕਿ ਲੋਕ ਕਨੇਡਾ ਨੂੰ ਜਿੰਨਾ ਮਰਜ਼ੀ ਧਿਆ ਲੈਣ, ਪਰ ਇੱਥੇ ਭਲਾ ਸਾਡਾ ਕੀ ਹੈ? ਪਰ ਇਸ ਦੂਹਰੇ ਪਰਵਾਸ ਦੀ ਮਾਰੀ ਅਸਲ ’ਚ ਇਹ ਪੁੱਛਦੀ ਹਾਂ: ਸਾਡਾ ਕਿਤੇ ਵੀ ਕੀ ਹੈ! ਸਾਡਾ ਕੇਵਲ ਬਿਰਹਾ ਹੈ, ਪਾਕਪੱਤਣ ਦਾ ਸ਼ਕਰਗੰਜ ਹੈ ਜੋ ਬਿਰਹਾ ਨੂੰ ਸੁਲਤਾਨ ਕਹਿੰਦਾ ਹੈ। ਲੋਕਾਂ ਬਿਰਹਾ ਵਿਸਾਰ ਦਿੱਤਾ ਤੇ ਬਿਰਹਾ ਤੋਂ ਬਿਨਾ ਮਸਾਣ ਜਿਹੇ ਤਨ ਵਿਚ ਚਾਹੇ ਜਿੰਨੀ ਰੌਣਕ ਲਾ ਲਵੋ।
ਕੁਝ ਸਾਲ ਪਹਿਲਾਂ ਮੇਰੇ ਪੁੱਛਣ ’ਤੇ ਮੇਰੇ ਤਾਇਆ ਜੀ ਨੇ ਉਧਰੋਂ ਆਉਣ ਵਾਲ਼ੇ ਦਿਨ ਦੀ ਵਿਥਿਆ ਦੱਸੀ। ਮੇਰੀ ਦਾਦੀ ਨੇ ਉਸ ਦਿਨ ਕੱਪੜੇ ਧੋਤੇ ਸੀ ਤੇ ਕੋਠੇ ’ਤੇ ਸੁੱਕਣੇ ਪਾਏ ਹੋਏ ਸੀ। ਰੌਲ਼ੇ ਤਾਂ ਪੈਂਦੇ ਪਏ ਸੀ; ਪਰ ਉਨ੍ਹਾਂ ਨੂੰ ਇਹ ਸਭ ਵਕ਼ਤੀ ਉਛਾਲ਼ ਲਗਦਾ ਸੀ, ਜਿਹੜਾ ਅੱਜ ਨਹੀਂ ਤੇ ਕੱਲ੍ਹ ਠੰਢਾ ਹੋ ਜਾਣਾ ਸੀ। ਫੇਰ ਕਾਹਲ਼ੀ ਪੈ ਗਈ ਕਿ ਅੱਜ ਘਰੋਂ ਨਿਕਲਣਾ ਪੈਣਾ, ਤਾਂ ਦਾਦਾ ਦਾਦੀ ਮਾੜਾ ਮੋਟਾ ਸਾਮਾਨ ਚੁੱਕ ਕੇ ਦੋ ਬੱਚਿਆਂ ਨੂੰ ਨਾਲ਼ ਲੈ ਕੇ ਤੁਰ ਪਏ ਕਿ ਚਾਰ ਦਿਨਾਂ ਨੂੰ ਵਾਪਸ ਆ ਹੀ ਜਾਣਾ। ਪਰ ਫੇਰ ਵਾਪਸੀ ਕਦੇ ਨਾ ਹੋਈ। ਮੇਰੇ ਤਾਇਆ ਜੀ ਦੱਸਦੇ ਕਿ ਦਾਦੀ ਕਈ ਵਾਰ ਇਹ ਕਹਿੰਦੀ ਰਹੀ ਕਿ ਉਹਨੇ ਤਾਂ ਰੱਸੀਆਂ ਤੋਂ ਕੱਪੜੇ ਵੀ ਨਹੀਂ ਲਾਹੇ।
ਮੈਂ ਕਈ ਵਾਰ ਲੋਕਾਂ ਦੇ ਕੋਠਿਆਂ ਜਾਂ ਵਿਹੜਿਆਂ ਵਿਚ ਕੱਪੜੇ ਸੁੱਕਦੇ ਵੇਖਦੀ ਜਾਂ ਆਪ ਕੱਪੜੇ ਸੁੱਕਣੇ ਪਾਂਦੀ, ਤਾਂ ਕਈ ਵਾਰ ਦਿਲ ਨੂੰ ਧੂਹ ਪੈਣ ਲੱਗਦੀ ਕਿ ਮੇਰੀ ਦਾਦੀ ਦੇ ਘਰ ਰੱਸੀਆਂ ’ਤੇ ਸੁੱਕਦੇ ਕੱਪੜਿਆਂ ਨੂੰ ਕੀਹਨੇ ਲਾਹਿਆ ਹੋਵੇਗਾ। ਬਸ ਇਕ ਖ਼ਿਆਲ ਆਉਂਦਾ ਕਿ ਇਹੋ ਜਿਹਾ ਧੋਖਾ ਕਿਸੇ ਨਾਲ਼ ਨਾ ਹੋਵੇ।
ਈ-ਮੇਲ: turtle-walks@gmail.com

Advertisement
Author Image

Advertisement
Advertisement
×