ਸਰਪੰਚੀ ਦੇ ਉਮੀਦਵਾਰ ’ਤੇ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਧਾਰੀਵਾਲ, 16 ਅਕਤੂਬਰ
ਪਿੰਡ ਬੱਲ ਵਿੱਚ ਸਰਪੰਚ ਦੀ ਚੋਣ ਨੂੰ ਲੈ ਕੇ ਚੱਲੀ ਗੋਲੀ ਅਤੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰਕੇ ਉਮੀਦਵਾਰ ਨੂੰ ਜ਼ਖਮੀ ਕਰ ਦੇਣ ਦੇ ਦੋਸ਼ ਹੇਠ ਥਾਣਾ ਧਾਰੀਵਾਲ ਵਿੱਚ ਅੱਠ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐੱਸਪੀ ਕੁਲਵੰਤ ਸਿੰਘ ਮਾਨ ਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਵਾਸੀ ਬੱਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਰਪੰਚੀ ਦਾ ਉਮੀਦਵਾਰ ਹੋਣ ਕਰਕੇ 14 ਅਕਤੂਬਰ ਦੀ ਰਾਤ ਨੂੰ ਸਲਾਹ ਮਸ਼ਵਰਾ ਕਰਕੇ ਸਮੇਤ ਸੇਵਾ ਸਿੰਘ, ਹਰਪ੍ਰੀਤ ਸਿੰਘ, ਰਾਜਬੀਰ ਸਿੰਘ, ਸਤਿੰਦਰਪਾਲ ਸਿੰਘ ਨਾਲ ਆਪਣੇ ਘਰਾਂ ਨੂੰ ਜਾਂਦੇ ਸਮੇਂ ਜਦੋਂ ਪਿੰਡ ਦੇ ਮਾਤਾ ਰਾਣੀ ਦੇ ਮੰਦਰ ਕੋਲ ਪੁੱਜੇ ਤਾਂ ਉਥੇ ਗਲੀ ਵਿੱਚ ਖੜ੍ਹੇ ਲਵਪ੍ਰੀਤ ਸਿੰਘ ਵਾਸੀ ਪਿੰਡ ਬੱਲ ਨੇ ਲਲਕਾਰਾ ਮਾਰਦਿਆਂ ਪਿਸਤੌਲ ਦੇ ਫਾਇਰ ਕੀਤੇੇ। ਇਸੇ ਦੌਰਾਨ ਰਾਜਿੰਦਰ ਸਿੰਘ, ਕੁਲਜੀਤ ਸਿੰਘ, ਸਤਿੰਦਰ ਸਿੰਘ ਤੇ ਜਗਜੀਤ ਸਿੰਘ ਵਾਸੀਆਨ ਪਿੰਡ ਬੱਲ ਨੇ ਦਸਤੀ ਰਵਾਇਤੀ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ। ਸੁਖਵਿੰਦਰ ਸਿੰਘ, ਵਿੱਕੀ ਤੇ ਰਵਿੰਦਰ ਸਿੰਘ ਵਾਸੀਆਨ ਬੱਲ ਨੇ ਵੀ ਉਸ ਦੀ ਕੁੱਟਮਾਰ ਕੀਤੀ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਏਐੱਸਆਈ ਬਲਬੀਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਅਨੁਸਾਰ ਲਵਪ੍ਰੀਤ ਸਿੰਘ, ਰਾਜਿੰਦਰ ਸਿੰਘ, ਕੁਲਜੀਤ ਸਿੰਘ, ਸਤਿੰਦਰ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਵਿੱਕੀ ਅਤੇ ਰਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।