‘ਆਪ’ ਨੂੰ ਜਾਅਲੀ ਕੰਪਨੀ ਰਾਹੀਂ ਚੰਦਾ ਦੇਣ ਵਾਲਾ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਆਮ ਆਦਮੀ ਪਾਰਟੀ ਨੂੰ 2 ਕਰੋੜ ਰੁਪਏ ਦਾਨ ਕਰਨ ਦੇ ਮਾਮਲੇ ’ਚ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਗ੍ਰਿਫ਼ਤਾਰ ਮੁਕੇਸ਼ ਸ਼ਰਮਾ ਨੇ ਫੰਡ ਦੇਣ ਲਈ ਇਕ ਜਾਅਲੀ ਕੰਪਨੀ ਬਣਾਈ ਸੀ। ਇਹ ਦਾਨ ਪਾਰਟੀ ਨੂੰ 2014 ਵਿੱਚ ਦਿੱਤਾ ਗਿਆ ਸੀ। ਪੁਲੀਸ ਨੇ ਮੁਕੇਸ਼ ਦੇ ਸੀਏ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਾਇਆ ਕਿ ਦਾਨ ਦੇ ਨਾਂ ’ਤੇ ਨਕਲੀ ਕੰਪਨੀਆਂ ਨਾਲ ਕਾਲੇ ਧਨ ਨੂੰ ਚਿੱਟਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜਾਅਲੀ ਕੰਪਨੀਆਂ ਦੀ ਸਹਾਇਤਾ ਨਾਲ 2 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਤੋਂ ਬਾਅਦ ਮੁਕੇਸ਼ ਸ਼ਰਮਾ ਨਾਮ ਦਾ ਵਿਅਕਤੀ ਆਇਆ ਤੇ ਕਿਹਾ ਕਿ ਉਸ ਦੀਆਂ ਕੰਪਨੀਆਂ ਅਸਲ ਹਨ ਤੇ ਉਸ ਨੇ ਆਮ ਆਦਮੀ ਪਾਰਟੀ ਨੂੰ ਦਾਨ ਕੀਤਾ ਹੈ। ਉੱਤਰ-ਪੂਰਬੀ ਦਿੱਲੀ ਦੇ ਰਹਿਣ ਵਾਲੇ ਮੁਕੇਸ਼ ਨੇ ਆਮ ਆਦਮੀ ਪਾਰਟੀ ਨੂੰ ਚਾਰ ਵੱਖ-ਵੱਖ ਕੰਪਨੀਆਂ ਦੇ ਨਾਮ ’ਤੇ 50 ਲੱਖ ਰੁਪਏ ਦਿੱਤੇ। ਮੁਕੇਸ਼ ਨੇ ਕਿਹਾ ਕਿ ਉਹ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਨਹੀਂ ਮਿਲੇ ਸਨ ਬਲਕਿ ਪਾਰਟੀ ਦੇ ਸਕੱਤਰ ਪੰਕਜ ਗੁਪਤਾ ਤੇ ਖਜ਼ਾਨਚੀ ਨੂੰ ਹੀ ਦਾਨ ਦਿੰਦੇ ਸਮੇਂ ਮਿਲੇ ਸਨ। ਇਸ ਦੇ ਨਾਲ ਹੀ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਸਰਕਾਰ ਬਣਨ ਤੋਂ ਬਾਅਦ ਫਰਜ਼ੀ ਕੰਪਨੀਆਂ ਨੂੰ ਠੇਕੇ ਦਿੱਤੇ ਸਨ।