ਪੰਜਾਬੀ ਸਾਹਿਤ ਸਭਾ ਵੱਲੋਂ ਕਿਰਪਾਲ ਕਜ਼ਾਕ ਨਾਲ ਸੰਵਾਦ
ਕੁਲਦੀਪ ਸਿੰਘ
ਨਵੀਂ ਦਿੱਲੀ, 11 ਮਈ
ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਵਿੱਚ ‘ਆਓ ਰਲ ਮਜਲਿਸ ਕਰੀਏ’ ਮਹੀਨੇਵਾਰ ਪ੍ਰੋਗਰਾਮ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਉੱਘੇ ਕਹਾਣੀਕਾਰ ਡਾ. ਕਿਰਪਾਲ ਕਜ਼ਾਕ ਨਾਲ ਡਾ. ਵਨੀਤਾ ਵੱਲੋਂ ਸੰਵਾਦ ਰਚਾਇਆ ਗਿਆ। ਡਾ. ਕਿਰਪਾਲ ਕਜ਼ਾਕ ਨੇ ਲੋਕਧਾਰਾ ਦੇ ਵੱਖ-ਵੱਖ ਪਹਿਲੂਆਂ ਅਤੇ ਲੇਖਕ ਦੀ ਦ੍ਰਿਸ਼ਟੀ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕ ਨੂੰ ਚੀਜ਼ਾਂ ਨੂੰ ਦੇਖਣਾ ਆਉਣਾ ਚਾਹੀਦਾ ਹੈ। ਉਸ ਦਾ ਆਪਣਾ ਨਜ਼ਰੀਆ ਹੋਣਾ ਜ਼ਰੂਰੀ ਹੈ ਅਤੇ ਲੇਖਕ ਦੀ ਇੱਕ ਵਿਸ਼ੇਸ਼ ਧਿਰ ਹੁੰਦੀ ਹੈ। ਉਸ ਨੂੰ ਦੱਬੇ-ਕੁਚਲੇ, ਦਲਿਤ-ਗਰੀਬ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਡਾ. ਵਨੀਤਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਸਲ ਕਲਾ ਉੱਥੇ ਹੁੰਦੀ ਹੈ ਜਿੱਥੇ ਔਖੀ ਤੋਂ ਔਖੀ ਗੱਲ ਨੂੰ ਸੌਖੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ। ਡਾ. ਕਜ਼ਾਕ ਨੇ ਕਿਹਾ ਕਿ ਅੱਜ ਕੱਲ੍ਹ ਸਾਡੇ ਵਿੱਚ ਕਿਸੇ ਰਚਨਾ ਨੂੰ ਰੱਦ ਕਰਨ ਦੀ ਹਿੰਮਤ ਖਤਮ ਹੋ ਗਈ ਹੈ। ਪੰਜਾਬੀ ਸਾਹਿਤ ਵਿੱਚ ਚੁੱਪ ਦੀ ਸਾਜਿਸ਼ ਇੰਨੀ ਘੜੀ ਜਾ ਚੁੱਕੀ ਹੈ ਕਿ ਹੁਣ ਚੰਗੀ ਰਚਨਾ ਦੀ ਗੱਲ ਵੀ ਘੱਟ ਹੀ ਹੁੰਦੀ ਹੈ। ਆਲੋਚਨਾ ਦਾ ਪੱਧਰ ਡਿੱਗ ਚੁੱਕਾ ਹੈ। ਇਸ ਮੌਕੇ ਡਾ. ਰਵੇਲ ਸਿੰਘ, ਡਾ. ਕੁਲਵੀਰ ਗੋਜਰਾ, ਗੁਰਭੇਜ ਸਿੰਘ ਗੁਰਾਇਆ, ਡਾ. ਰਜਨੀ ਬਾਲਾ, ਡਾ. ਹਰਵਿੰਦਰ ਸਿੰਘ, ਨਛੱਤਰ, ਅਮੀਆ ਕੁੰਵਰ, ਡਾ. ਕੁਲਦੀਪ ਕੌਰ ਪਾਹਵਾ, ਡਾ. ਵਿਨੈਨੀਤ ਕੌਰ, ਡਾ. ਰਣਜੀਤ ਸਿੰਘ, ਜਗਤਾਰਜੀਤ ਸਿੰਘ, ਫਿਲਮਕਾਰ ਤਰਸੇਮ, ਸੁਰਿੰਦਰ ਸਿੰਘ ਓਬਰਾਏ ਸ਼ਾਮਲ ਹੋਏ। ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਜਲਿਸ ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਹੋਇਆ ਕਰੇਗੀ ਅਤੇ ਵੰਨ-ਸੁਵੰਨੇ ਪ੍ਰੋਗਰਾਮਾਂ ਵਿੱਚ ਵੱਡੀਆਂ ਸਾਹਿਤਕ ਸਖ਼ਸ਼ੀਅਤਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।