Rahul Gandhi - ECI: ਰਾਹੁਲ ਗਾਂਧੀ ਦੇ ਮਹਾਰਾਸ਼ਟਰ ਚੋਣ ਧਾਂਦਲੀ ਦੇ ਦੋਸ਼ਾਂ ਨੂੰ ECI ਨੇ ‘ਬੇਬੁਨਿਆਦ’ ਦੱਸਿਆ
ਨਵੀਂ ਦਿੱਲੀ, 7 ਜੂਨ
ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ (LoP) ਰਾਹੁਲ ਗਾਂਧੀ ਵੱਲੋਂ ਮਹਾਰਾਸ਼ਟਰ ਚੋਣਾਂ ਵਿਚ ਹੇਰਾਫੇਰੀ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਚੋਣ ਕਮਿਸ਼ਨ ਨੇ ਇਨ੍ਹਾਂ ਨੂੰ ‘ਬੇਬੁਨਿਆਦ ਦੋਸ਼’ ਕਰਾਰ ਦਿੱਤਾ ਹੈ। ਇਹ ਗੱਲ ਚੋਣ ਕਮਿਸ਼ਨ (ECI) ਨੇ ਇਕ ਬਿਆਨ ਵਿਚ ਕਹੀ ਹੈ।
ਇਸ ਬਿਆਨ ਵਿਚ ਕਿਹਾ ਗਿਆ ਹੈ, "ਮਹਾਰਾਸ਼ਟਰ ਦੀਆਂ ਵੋਟਰ ਸੂਚੀਆਂ ਵਿਰੁੱਧ ਲਗਾਏ ਗਏ ਬੇਬੁਨਿਆਦ ਦੋਸ਼ ਕਾਨੂੰਨ ਦੇ ਸ਼ਾਸਨ ਦਾ ਅਪਮਾਨ ਹਨ। ਚੋਣ ਕਮਿਸ਼ਨ ਨੇ 24 ਦਸੰਬਰ 2024 ਨੂੰ INC ਨੂੰ ਦਿੱਤੇ ਆਪਣੇ ਜਵਾਬ ਵਿੱਚ ਇਹ ਸਾਰੇ ਤੱਥ ਸਾਹਮਣੇ ਲਿਆਂਦੇ ਸਨ, ਜੋ ਕਿ ECI ਦੀ ਵੈੱਬਸਾਈਟ 'ਤੇ ਉਪਲਬਧ ਹੈ।’’
ਚੋਣ ਕਮਿਸ਼ਨ ਨੇ ਕਿਹਾ, ‘‘ਅਜਿਹਾ ਜਾਪਦਾ ਹੈ ਕਿ ਇਨ੍ਹਾਂ ਸਾਰੇ ਤੱਥਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਮੁੱਦੇ ਵਾਰ-ਵਾਰ ਉਠਾਏ ਜਾ ਰਹੇ ਹਨ...।" ਚੋਣ ਕਮਿਸ਼ਨ ਨੇ ਕਿਹਾ ਕਿ ਗਲਤ ਜਾਣਕਾਰੀ ਫੈਲਾਉਣਾ ‘ਕਾਨੂੰਨ ਦਾ ਨਿਰਾਦਰ’ ਹੈ ਅਤੇ ਬਦਨਾਮ ਕਰਨ ਦੀਆਂ ‘ਪੂਰੀ ਤਰ੍ਹਾਂ ਬੇਤੁਕੀਆਂ’ ਕੋਸ਼ਿਸ਼ਾਂ ਹਨ।
ਬਿਆਨ ਵਿਚ ਹੋਰ ਕਿਹਾ ਗਿਆ ਹੈ, "ਕਿਸੇ ਵੀ ਵਿਅਕਤੀ ਵੱਲੋਂ ਫੈਲਾਈ ਜਾ ਰਹੀ ਕੋਈ ਵੀ ਗਲਤ ਜਾਣਕਾਰੀ ਨਾ ਸਿਰਫ਼ ਕਾਨੂੰਨ ਪ੍ਰਤੀ ਨਿਰਾਦਰ ਦੀ ਨਿਸ਼ਾਨੀ ਹੈ, ਸਗੋਂ ਉਨ੍ਹਾਂ ਦੀ ਆਪਣੀ ਸਿਆਸੀ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਹਜ਼ਾਰਾਂ ਪ੍ਰਤੀਨਿਧੀਆਂ ਦੀ ਬਦਨਾਮੀ ਵੀ ਕਰਦੀ ਹੈ ਅਤੇ ਚੋਣਾਂ ਦੌਰਾਨ ਅਣਥੱਕ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਲੱਖਾਂ ਚੋਣ ਸਟਾਫ ਨੂੰ ਨਿਰਾਸ਼ ਕਰਦੀ ਹੈ।’’
ਗ਼ੌਰਤਲਬ ਹੈ ਕਿ ਸ਼ਨਿੱਚਰਵਾਰ ਨੂੰ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਨਵੰਬਰ 2024 ਵਿੱਚ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ "ਧੋਖਾਧੜੀ" ਕੀਤੀ ਗਈ ਸੀ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੀ ਇਹੋ ਕੁਝ ਦੁਹਰਾਇਆ ਜਾਵੇਗਾ।
ਇਹ ਵੀ ਪੜ੍ਹੋ:
‘How to steal an election’ 2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪ੍ਰਿੰਟ: ਰਾਹੁਲ ਗਾਂਧੀ
ਐਕਸ X 'ਤੇ ਇੱਕ ਪੋਸਟ ਵਿੱਚ, ਗਾਂਧੀ ਨੇ ਇੱਕ ਅਖਬਾਰ ਵਿੱਚ ਪ੍ਰਕਾਸ਼ਿਤ ਆਪਣਾ ਲੇਖ ਸਾਂਝਾ ਕੀਤਾ, ਜਿਸ ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ‘ਹੇਰਾਫੇਰੀ’ ਦੀ ਵਿਆਖਿਆ ਕੀਤੀ ਗਈ ਹੈ। -ਏਐਨਆਈ
ECI, Election Commission, Maharashtra, Rahul Gandhi, Congress, Rigging, Match fixing, Congress