1984 ’ਚ ਹਰਿਮੰਦਰ ਸਾਹਿਬ ’ਤੇ ਫ਼ੌਜੀ ਕਾਰਵਾਈ ਗਲਤ ਸੀ: ਚੰਨੀ
ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ
ਚੰਡੀਗੜ੍ਹ, 13 ਸਤੰਬਰ
ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ 1984 ’ਚ ਹਰਿਮੰਦਰ ਸਾਹਿਬ ’ਤੇ ਕੀਤੀ ਗਈ ਫ਼ੌਜੀ ਕਾਰਵਾਈ ‘ਗਲਤ’ ਸੀ ਅਤੇ ਉਨ੍ਹਾਂ ਦੀ ਪਾਰਟੀ ਇਸ ਲਈ ਮੁਆਫੀ ਵੀ ਮੰਗ ਚੁੱਕੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਸ ਸਮੇਂ ਭਾਜਪਾ ਅਤੇ ਆਰਐੱਸਐੱਸ ਨੇ ਹਰਮਿੰਦਰ ਸਾਹਬ ’ਤੇ ‘ਹਮਲੇ’ ਲਈ ਫ਼ੌਜ ਭੇਜਣ ਦਾ ਦਬਾਅ ਪਾਇਆ ਸੀ। ਚੰਨੀ ਨੇ ਇਹ ਟਿੱਪਣੀ ਇੱਥੇ ਪੱਤਰਕਾਰਾਂ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕੇਸ ਨਾਲ ਸਬੰਧਤ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕਾਂਗਰਸ ਨੇ ਅਜੇ ਤੱਕ ਟਾਈਟਲਰ ਨੂੰ ਪਾਰਟੀ ’ਚੋਂ ਕਿਉਂ ਨਹੀਂ ਕੱਢਿਆ, ਚੰਨੀ ਨੇ ਕਿਹਾ, ‘ਕਾਂਗਰਸ ਨੇ ਸਿੱਖ ਵਿਰੋਧੀ ਦੰਗਿਆਂ ਅਤੇ ਹਰਮਿੰਦਰ ਸਾਹਿਬ ’ਤੇ ਹੋਏ ਹਮਲੇ ਲਈ ਇਕ ਵਾਰ ਨਹੀਂ, ਕਈ ਵਾਰ ਮੁਆਫੀ ਮੰਗੀ ਹੈ। ਹਰਿਮੰਦਰ ਸਾਹਿਬ ’ਤੇ ਹਮਲਾ ਗਲਤ ਸੀ, ਕਾਂਗਰਸ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ।’ ਉਨ੍ਹਾਂ ਸਵਾਲ ਕੀਤਾ ਕਿ ਭਾਜਪਾ 10 ਸਾਲ ਸੱਤਾ ’ਚ ਰਹਿਣ ਦੇ ਬਾਵਜੂਦ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦੇ ਸਕੀ? ਇਸ ਦੌਰਾਨ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦਿੱਲੀ ਭਾਜਪਾ ਦੇ ਆਗੂ ਤਰਵਿੰਦਰ ਸਿੰਘ ਮਰਵਾਹਾ ਰਾਹੀਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਹੇਠਲੇ ਸਦਨ ਵਿੱਚ ਚੁਣੇ ਹੋਏ ਨੁਮਾਇੰਦੇ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਧਮਕਾਉਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਭਾਜਪਾ ਉਸ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫਲ ਰਹੀ। ਬਾਜਵਾ ਨੇ ਹਰਦੀਪ ਸਿੰਘ ਪੁਰੀ ਅਤੇ ਇਕਬਾਲ ਸਿੰਘ ਲਾਲਪੁਰਾ ਸਮੇਤ ਭਾਜਪਾ ਆਗੂਆਂ ’ਤੇ ਉਂਗਲ ਉਠਾਉਂਦਿਆਂ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀ ਸਿੱਖ ਕਿਸਾਨਾਂ ਨੂੰ ਖਾਲਿਸਤਾਨੀ ਅਤਿਵਾਦੀ ਕਹਿ ਕੇ ਬਦਨਾਮ ਕੀਤਾ ਗਿਆ ਤਾਂ ਉਨ੍ਹਾਂ ਨੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ।
ਰਾਹੁਲ ਦੇ ਬਿਆਨ ਦੀ ਹਮਾਇਤ
ਪ੍ਰਤਾਪ ਸਿੰਘ ਬਾਜਵਾ ਨੇ ਅਮਰੀਕਾ ਵਿਚ ਰਾਹੁਲ ਗਾਂਧੀ ਦੇ ਭਾਸ਼ਣ ਦੀ ਹਮਾਇਤ ਕਰਦਿਆਂ ਕਿਹਾ ਕਿ ਜਦੋਂ ਵੀ ਕੇਂਦਰ ਦੀ ਭਾਜਪਾ ਸਰਕਾਰ ਦਲਿਤਾਂ, ਘੱਟ ਗਿਣਤੀਆਂ ਜਾਂ ਹੋਰ ਕਮਜ਼ੋਰ ਵਰਗਾਂ ਸਮੇਤ ਸਮਾਜ ਦੇ ਕਿਸੇ ਵੀ ਵਰਗ ਨਾਲ ਬੇਇਨਸਾਫ਼ੀ ਕਰਨ ਦੀ ਹਿੰਮਤ ਕਰੇਗੀ ਤਾਂ ਕਾਂਗਰਸ ਪਾਰਟੀ ਇਨ੍ਹਾਂ ਲੋਕਾਂ ਨਾਲ ਡਟ ਕੇ ਖੜ੍ਹੀ ਹੋਵੇਗੀ। ਦੇਸ਼ ’ਚ ਇਸ ਸਮੇਂ ਹਾਲਾਤ ਅਜਿਹੇ ਹਨ ਕਿ ਲੋਕਾਂ ਨੂੰ ਭਾਸ਼ਾ, ਧਰਮ ਅਤੇ ਜਾਤ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਹੁਲ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਸੋਚ ਸਮਝ ਕੇ ਬਿਆਨ ਦੇਵੇ ਮਰਵਾਹਾ: ਸਾਬਕਾ ਮੰਤਰੀ ਘੜੂੰਆਂ
ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਨੇ ਕਿਹਾ ਕਿ ਭਾਜਪਾ ਆਗੂ ਤਰਵਿੰਦਰ ਸਿੰਘ ਮਰਵਾਹਾ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਰਵਾਹਾ ਨੂੰ ਇੱਕ ਵਾਰ ਔਰਤਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਇਹ ਭਾਜਪਾ ਆਗੂ ਮੁੜ ਗਲਤ ਬਿਆਨ ਦੇਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਮਰਵਾਹਾ ’ਚੋਂ ਇੱਕ ਸਾਜਿਸ਼ ਬੋਲ ਰਹੀ ਹੈ।