For the best experience, open
https://m.punjabitribuneonline.com
on your mobile browser.
Advertisement

ਬੋਹਣੀ

08:31 AM Jan 25, 2024 IST
ਬੋਹਣੀ
Advertisement

ਵਰਿੰਦਰ ਸ਼ਰਮਾ

Advertisement

ਬਿੰਦਰ ਬਾਬਾ ਹਰ ਰੋਜ਼ ਆਪਣੀ ਝੌਂਪੜੀ ਵਿੱਚੋਂ ਬਾਹਰ ਆ ਕੇ ਆਪਣੇ ਦਿਨ ਦੀ ਸ਼ੁਰੂਆਤ ਮਨਮੋਹਨ ਹਲਵਾਈ ਦੀ ਦੁਕਾਨ ਤੋਂ ਚਾਹ ਦੀ ਪਿਆਲੀ ਪੀ ਕੇ ਕਰਦਾ। ਫਿਰ ਸਾਰਾ ਦਿਨ ਘੁੰਮਦਿਆਂ ਲੋਕਾਂ ਤੋਂ ਭੀਖ ’ਚ ਸਿਰਫ਼ ਇੱਕ ਰੁਪਿਆ ਹੀ ਲੈਂਦਾ। ਜੇਕਰ ਕੋਈ ਕਿਸੇ ਦਿਨ ਉਸ ਨੂੰ ਨਾ ਮਿਲਦਾ ਤਾਂ ਉਹ ਅਗਲੇ ਦਿਨ ਉਸ ਤੋਂ ਰੁਪਿਆ ਲੈ ਕੇ ਹੀ ਜਾਂਦਾ। ਇੱਕ ਇੱਕ ਰੁਪਏ ਨਾਲ ਉਸ ਨੇ ਬਹੁਤ ਸਾਰਾ ਧਨ ਇਕੱਠਾ ਕਰ ਲਿਆ। ਭਰੋਸੇਯੋਗ ਵਸੀਲਿਆਂ ਮੁਤਾਬਿਕ ਉਹ ਵਿਆਜ ’ਤੇ ਲੋਕਾਂ ਨੂੰ ਪੈਸੇ ਉਧਾਰ ਦਿੰਦਾ ਸੀ। ਘਰ, ਬਾਜ਼ਾਰ ਤੋਂ ਇਲਾਵਾ ਬਿੰਦਰ ਬਾਬਾ ਸਰਕਾਰੀ ਦਫ਼ਤਰਾਂ ’ਚ ਵੀ ਭੀਖ ਮੰਗਣ ਚਲਾ ਜਾਂਦਾ।
ਅਸੀਂ ਕਈ ਵਾਰ ਉਸ ਨੂੰ ਇਹ ਧੰਦਾ ਛੱਡਣ ਨੂੰ ਕਹਿੰਦੇ ਤਾਂ ਉਹ ਹੱਸ ਕੇ ਟਾਲ ਦਿੰਦਾ। ਅਸੀਂ ਸੋਚਿਆ ਕਿ ਕਿਸੇ ਨੂੰ ਮੁਫ਼ਤ ਦਾ ਖਾਣ ਦੀ ਆਦਤ ਪੈ ਜਾਵੇ ਤਾਂ ਉਸ ਨੂੰ ਨਸੀਹਤ ਦੇਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਪਰ ਉਸ ਨੇ ਸਾਨੂੰ ਆਪ ਬੀਤੀ ਸੁਣਾਈ। ਬਿੰਦਰ ਬਾਬੇ ਨੇ ਦੱਸਿਆ ਕਿ ਬਚਪਨ ’ਚ ਹੀ ਉਸ ਦੇ ਮਾਪੇ ਮਰ ਗਏ। ਇਸ ਲਈ ਪੜ੍ਹਾਈ ਛੱਡ ਕੇ ਇਸ ਪਾਸੇ ਤੁਰ ਪਿਆ ਅਤੇ ਫਿਰ ਚਾਹ ਕੇ ਵੀ ਇਹ ਧੰਦਾ ਨਹੀਂ ਛੱਡ ਸਕਿਆ। ਹਾਲਾਤ ਨੇ ਮਜਬੂਰ ਕਰ ਦਿੱਤਾ ਸੀ।
ਇੱਕ ਦੁਪਹਿਰ ਉਹ ਭੀਖ ਮੰਗਦਾ-ਮੰਗਦਾ ਸਾਡੇ ਕੋਲ ਆ ਗਿਆ। ਮੈਂ ਅਤੇ ਜਗਤਾਰ ਵਿਹਲੇ ਬੈਠੇ ਸੀ। ਸਵੇਰ ਤੋਂ ਕੋਈ ਵੀ ਗਾਹਕ ਨਹੀਂ ਸੀ ਆਇਆ। ਬਿੰਦਰ ਨੇ ਆਉਂਦਿਆਂ ਹੀ ਰੁਪਏ ਦੀ ਮੰਗ ਕੀਤੀ। ਅਸੀਂ ਪਹਿਲਾਂ ਹੀ ਖਿੱਝੇ ਹੋਏ ਸੀ। ਅਸੀਂ ਕਿਹਾ, ‘‘ਬਾਬਾ, ਅਸੀਂ ਸਵੇਰ ਦੀ ਅਜੇ ਤੱਕ ਬੋਹਣੀ ਹੀ ਨਹੀਂ ਕੀਤੀ।’’ ਬਿੰਦਰ ਹੱਸਿਆ ਅਤੇ ਕਹਿਣ ਲੱਗਿਆ, ‘‘ਵਾਹ ਬਈ ਵਾਹ! ਤੁਹਾਡੇ ਨਾਲੋਂ ਮੈਂ ਹੀ ਚੰਗਾ ਹਾਂ ਜਿਸ ਨੇ ਹੁਣ ਤੱਕ 65 ਰੁਪਏ ਇਕੱਠੇ ਕਰ ਲਏ ਹਨ। ਢੱਠੇ ਖੂਹ ’ਚ ਜਾਵੇ ਤੁਹਾਡੀ ਪੜ੍ਹਾਈ।’’ ਮੈਂ, ਜਗਤਾਰ ਅਤੇ ਸਾਡੇ ਨਾਲ ਬੈਠੇ ਸਾਥੀ ਮਨ ਮਸੋਸ ਕੇ ਰਹਿ ਗਏ। ਸਾਨੂੰ ਬਹੁਤ ਸ਼ਰਮ ਆਈ। ਬਾਬਾ ਬੋਲਿਆ, ‘‘ਉਦਾਸ ਨਾ ਹੋਵੋ ਪੁੱਤਰੋ, ਕੋਈ ਗੱਲ ਨਹੀਂ। ਦਰਅਸਲ, ਸਾਡਾ ਸਿੱਖਿਆ ਤੰਤਰ ਹੀ ਠੀਕ ਨਹੀਂ । ਦੇਸ਼ ਦਾ ਪੂਰਾ ਢਾਂਚਾ ਹੀ ਵਿਗੜਿਆ ਹੋਇਆ ਹੈ।’’ ਸਾਨੂੰ ਜਾਪਿਆ ਜਿਵੇਂ ਉਸ ਨੂੰ ਅਨਪੜ੍ਹ ਹੋਣ ਦੇ ਬਾਵਜੂਦ ਸਾਡੇ ਤੋਂ ਵੱਧ ਜਾਣਕਾਰੀ ਹੋਵੇ।
ਸੰਪਰਕ: 94172-80333
* * *

ਵਿਗਿਆਨਕ ਚੇਤਨਾ

ਸੁਮੀਤ ਸਿੰਘ
ਇੱਕ ਦਿਨ ਐਤਵਾਰ ਨੂੰ ਮੈਂ ਆਪਣੇ ਘਰ ਦੇ ਬਾਹਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਗਲੀ ਵਿੱਚ ਘਰਾਂ ਦੇ ਬੂਹੇ ਖੜਕਾਉਂਦੇ ਕੁਝ ਅਣਪਛਾਤੇ ਅਤੇ ਪਾਖੰਡੀ ਕਿਸਮ ਦੇ ਸਾਧ ਹੱਥ ਵਿੱਚ ਰਸੀਦ ਬੁੱਕ ਫੜੀ ਮੇਰੇ ਵੱਲ ਆਏ ਅਤੇ ਕਹਿਣ ਲੱਗੇ, “ਸਰਦਾਰ ਜੀ, ਅਸੀਂ ਸ਼ਹਿਰ ਦੇ ਬਾਹਰਵਾਰ ਇੱਕ ਵੱਡਾ ਧਾਰਮਿਕ ਸਥਾਨ ਉਸਾਰਨ ਜਾ ਰਹੇ ਹਾਂ ਜਿੱਥੇ ਹਰ ਮਹੀਨੇ ਵਿਸ਼ਾਲ ਧਾਰਮਿਕ ਸਮਾਗਮ ਹੋਇਆ ਕਰਨਗੇ ਅਤੇ ਅਤੁੱਟ ਲੰਗਰ ਵੀ ਵਰਤਿਆ ਕਰੇਗਾ। ਇਸ ਲਈ ਤੁਸੀਂ ਵੀ ਦੋ ਸੌ ਇਕਵੰਜਾ ਰੁਪਏ ਦੀ ਭੇਟਾ ਕਰਵਾਓ। ਇਹ ਦਾਨ ਪੁੰਨ ਕੀਤਾ ਤੁਹਾਡੇ ਅਗਲੇ ਜਨਮ ਵਿੱਚ ਕੰਮ ਆਵੇਗਾ।” ਇੱਕ ਨੇ ਮੇਰਾ ਨਾਮ ਪੁੱਛਦਿਆਂ ਪੈੱਨ ਕੱਢ ਲਿਆ ਅਤੇ ਪਰਚੀ ਕੱਟਣ ਲੱਗਾ।
ਮੈਂ ਉਨ੍ਹਾਂ ਨੂੰ ਬੜੇ ਦਲੀਲਪੂਰਵਕ ਢੰਗ ਨਾਲ ਜਵਾਬ ਦਿੰਦਿਆਂ ਕਿਹਾ, “ਭਾਈ ਸਾਹਿਬ, ਸਾਡੇ ਮੁਲਕ ਦੇ ਕਰੋੜਾਂ ਗ਼ਰੀਬ ਲੋਕਾਂ ਨੂੰ ਫੌਰੀ ਤੌਰ ’ਤੇ ਸਿੱਖਿਆ, ਸਿਹਤ, ਮਕਾਨ, ਰੁਜ਼ਗਾਰ, ਬਿਜਲੀ ਅਤੇ ਸਾਫ਼ ਪਾਣੀ ਦੀਆਂ ਬੁਨਿਆਦੀ ਸਹੂਲਤਾਂ ਦੀ ਬੇਹੱਦ ਲੋੜ ਹੈ। ਸਿਰਫ਼ ਧਾਰਮਿਕ ਸਥਾਨਾਂ ਦੀ ਉਸਾਰੀ ਜਾਂ ਧਾਰਮਿਕ ਸਮਾਗਮ ਕਰ ਕੇ ਇਹ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਵੈਸੇ ਵੀ ਸਾਡੇ ਦੇਸ਼ ਵਿੱਚ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਨਾਲੋਂ ਧਾਰਮਿਕ ਸਥਾਨਾਂ ਦੀ ਗਿਣਤੀ ਪਹਿਲਾਂ ਹੀ ਕਿਤੇ ਬਹੁਤ ਜ਼ਿਆਦਾ ਹੈ ਅਤੇ ਕਰੋੜਾਂ ਲੋਕ ਬਿਨਾਂ ਛੱਤ ਦੇ ਦਿਨ ਕੱਟ ਰਹੇ ਹਨ, ਪਰ ਉੱਤੋਂ ਤੁਹਾਡੇ ਵਰਗੇ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਧਾਰਮਿਕ ਸਥਾਨ ਉਸਾਰੀ ਜਾ ਰਹੇ ਨੇ।” ਉਨ੍ਹਾਂ ਇੱਕ ਦੂਜੇ ਵੱਲ ਇੰਜ ਵੇਖਿਆ ਜਿਵੇਂ ਕਿ ਉਨ੍ਹਾਂ ਦੀ ਕੋਈ ਚੋਰੀ ਫੜੀ ਗਈ ਹੋਵੇ।
ਇਸ ਤੋਂ ਪਹਿਲਾਂ ਕਿ ਉਹ ਮੇਰੀਆਂ ਦਲੀਲਾਂ ਦਾ ਕੋਈ ਜਵਾਬ ਦਿੰਦੇ, ਮੈਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਵੇਖੋ ਭਾਈ ਸਾਹਿਬ, ਜੇਕਰ ਤੁਸੀਂ ਕੋਈ ਚੈਰੀਟੇਬਲ ਹਸਪਤਾਲ, ਸਕੂਲ, ਬਿਰਧ ਆਸ਼ਰਮ ਖੋਲ੍ਹਣੇ ਜਾਂ ਗ਼ਰੀਬ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਮਦਦ ਕਰਨੀ ਏ ਤਾਂ ਬੇਸ਼ੱਕ ਮੇਰੀ ਪੰਜ ਸੌ ਦੀ ਪਰਚੀ ਕੱਟ ਦਿਓ, ਪਰ ਕਿਸੇ ਧਾਰਮਿਕ ਸਥਾਨ ਦੀ ਉਸਾਰੀ ਲਈ ਮੇਰੇ ਵੱਲੋਂ ਤੁਹਾਨੂੰ ਕੋਰੀ ਨਾਂਹ ਹੈ।”
ਇੰਨਾ ਸੁਣਦਿਆਂ ਹੀ ਉਹ ਪਾਖੰਡੀ ਸਾਧ ਬਿਨਾਂ ਕੁਝ ਕਹੇ ਗਲੀ ’ਚੋਂ ਤੁਰਦੇ ਬਣੇ।
ਸੰਪਰਕ: 76960-30173
* * *

ਕਿਸਮਤ ਆਪੋ-ਆਪਣੀ

ਬਰਜਿੰਦਰ ਕੌਰ ਬਿਸਰਾਓ
ਹਰਬੰਸ ਤੇ ਮੋਹਨਜੀਤ ਦੋਵੇਂ ਸਕੂਲ ਸਮੇਂ ਤੋਂ ਪੱਕੇ ਦੋਸਤ ਸਨ। ਦੋਵਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਪਹਿਲਾਂ ਹਰਬੰਸ ਪੜ੍ਹਨ ਲਿਖਣ ਦੇ ਬਾਵਜੂਦ ਬੇਰੁਜ਼ਗਾਰ ਹੋਣ ਕਰਕੇ ਪਹਿਲਾਂ ਖੇਤੀਬਾੜੀ ਕਰਦਾ ਸੀ, ਪਰ ਉਸ ਨੂੰ ਸਰਕਾਰੀ ਨੌਕਰੀ ਮਿਲਣ ਕਰਕੇ ਉਹ ਪਰਿਵਾਰ ਸਮੇਤ ਸ਼ਹਿਰ ਰਹਿਣ ਲੱਗ ਪਿਆ ਸੀ। ਓਧਰ ਮੋਹਨਜੀਤ ਨੇ ਵੀ ਪੜ੍ਹਾਈ ਪੂਰੀ ਕਰ ਕੇ ਵਿਦੇਸ਼ ਦਾ ਰੁਖ਼ ਕਰ ਲਿਆ ਸੀ। ਉਸ ਨੇ ਮਿਹਨਤ ਕਰ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ। ਪਰਮਾਤਮਾ ਦੀ ਕਿਰਪਾ ਨਾਲ ਉਸ ਦਾ ਆਪਣਾ ਕਾਰੋਬਾਰ ਬਹੁਤ ਵਧੀਆ ਚੱਲ ਪਿਆ ਸੀ। ਕੁਝ ਵਰ੍ਹਿਆਂ ਵਿੱਚ ਹੀ ਉਹ ਕਾਫ਼ੀ ਅਮੀਰ ਲੋਕਾਂ ਵਿੱਚ ਗਿਣਿਆ ਜਾਣ ਲੱਗਿਆ। ਇੱਧਰ ਹਰਬੰਸ ਨੇ ਵੀ ਆਪਣਾ ਘਰ-ਬਾਰ ਵਧੀਆ ਬਣਾ ਲਿਆ ਸੀ। ਉਸ ਦੇ ਤਿੰਨ ਬੱਚੇ ਸਨ ਤੇ ਵਧੀਆ ਸਕੂਲਾਂ ਵਿੱਚ ਪੜ੍ਹ ਰਹੇ ਸਨ। ਦੋਵਾਂ ਮਿੱਤਰਾਂ ਦੀ ਆਪਸ ਵਿੱਚ ਅਕਸਰ ਗੱਲਬਾਤ ਹੁੰਦੀ ਰਹਿੰਦੀ। ਮੋਹਨਜੀਤ ਨੇ ਵਿਆਹ ਤੋਂ ਕੁਝ ਵਰ੍ਹੇ ਬਾਅਦ ਤੱਕ ਤਾਂ ਇਸ ਗੱਲ ਨੂੰ ਬਹੁਤਾ ਗੌਲ਼ਿਆ ਨਹੀਂ ਕਿ ਉਸ ਦੇ ਘਰ ਕੋਈ ਔਲਾਦ ਨਹੀਂ ਹੋਈ ਸੀ। ਪਰ ਹੁਣ ਵਿਆਹ ਤੋਂ ਬਾਅਦ ਕਾਫ਼ੀ ਸਾਲ ਲੰਘਣ ਕਾਰਨ ਉਸ ਨੂੰ ਬਹੁਤ ਕਮੀ ਮਹਿਸੂਸ ਹੋਣ ਲੱਗੀ ਸੀ। ਉਸ ਨੇ ਔਲਾਦ ਪ੍ਰਾਪਤੀ ਲਈ ਆਪਣਾ ਅਤੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਦੀ ਕੋਈ ਕਸਰ ਨਾ ਛੱਡੀ। ਆਖ਼ਰ ਡਾਕਟਰਾਂ ਨੇ ਉਸ ਨੂੰ ਸਾਫ਼ ਕਹਿ ਦਿੱਤਾ ਸੀ ਕਿ ਇਲਾਜ ਕਰਨ ਦੀ ਉਨ੍ਹਾਂ ਵੱਲੋਂ ਕੋਈ ਕਮੀ ਨਹੀਂ ਛੱਡੀ ਗਈ ਸੀ, ਹੁਣ ਤਾਂ ਪਰਮਾਤਮਾ ਨੂੰ ਜੇ ਮਨਜ਼ੂਰ ਹੋਇਆ ਤਾਂ ਹੀ ਝੋਲੀ ਵਿੱਚ ਇਹ ਖ਼ੁਸ਼ੀ ਪੈ ਸਕਦੀ ਹੈ।
ਮੋਹਨਜੀਤ ਦੇ ਸਾਥੀਆਂ ਦੇ ਬੱਚੇ ਕਾਲਜ ਵੀ ਜਾਣ ਲੱਗ ਪਏ ਸਨ। ਉਸ ਨੂੰ ਆਪਣੇ ਆਪ ਨੂੰ ਜਾਪਦਾ ਕਿ ਉਹ ਆਪਣੇ ਸਾਥੀਆਂ ਤੋਂ ਇੱਕ ਪੀੜ੍ਹੀ ਪਿੱਛੇ ਹੋ ਗਿਆ ਸੀ ਤੇ ਨਾਲ ਹੀ ਉਸ ਨੂੰ ਵਧਦੀ ਉਮਰ ਕਰਕੇ ਹੋਰ ਇੰਤਜ਼ਾਰ ਕਰਨਾ ਬੇਮਤਲਬ ਜਾਪ ਰਿਹਾ ਸੀ। ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਬੱਚਾ ਗੋਦ ਲੈਣ ਲਈ ਸੋਚਿਆ ਤੇ ਰਿਸ਼ਤੇਦਾਰਾਂ ਨੂੰ ਇਸ ਗੱਲ ਤੋਂ ਬੇਖ਼ਬਰ ਰੱਖਣਾ ਚਾਹੁੰਦੇ ਸਨ। ਇੱਕ ਦਿਨ ਉਸ ਨੇ ਸਵੇਰੇ ਸਵੇਰੇ ਹਰਬੰਸ ਨੂੰ ਫ਼ੋਨ ਕੀਤਾ ਤੇ ਆਪਣੇ ਦਿਲ ਦੀ ਗੱਲ ਉਸ ਨਾਲ ਸਾਂਝੀ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਇੰਡੀਆ ਵਿੱਚ ਹੀ ਕਿਸੇ ਨਵਜੰਮੇ ਬੱਚੇ ਨੂੰ ਗੋਦ ਲੈ ਕੇ ਆਪਣੇ ਘਰ ਪੈਦਾ ਹੋਇਆ ਲਿਖਵਾਉਣਾ ਚਾਹੁੰਦੇ ਸਨ। ਹਰਬੰਸ ਨੇ ਗੱਲ ਦੀ ਹਾਮੀ ਭਰਦਿਆਂ ਕਿਹਾ ਕਿ ਉਹ ਇਸ ਸਬੰਧ ਵਿੱਚ ਉਨ੍ਹਾਂ ਦੀ ਗੁਪਤ ਤੌਰ ’ਤੇ ਮਦਦ ਜ਼ਰੂਰ ਕਰੇਗਾ।
ਇਸ ਗੱਲ ਨੂੰ ਛੇ ਮਹੀਨੇ ਬੀਤ ਗਏ ਸਨ। ਅਚਾਨਕ ਇੱਕ ਦਿਨ ਹਰਬੰਸ ਦੇ ਘਰ ਦੀ ਬਗੀਚੀ ਨੂੰ ਵੇਖਣ ਆਉਂਦਾ ਮਾਲੀ ਉਸ ਨੂੰ ਆਖਣ ਲੱਗਿਆ, ‘‘ਸਰਦਾਰ ਜੀ... ਮੁਝੇ ਕੁਛ ਪੈਸੇ ਉਧਾਰ ਚਾਹੀਏ ਥੇ... ਤੀਨ ਹਜ਼ਾਰ ਚਾਹੀਏ ਥੇ...!’’
‘‘...ਰਾਮਰੱਖੇ ...ਕੀ ਲੋੜ ਪੈ ਗਈ ਤੈਨੂੰ ਪੈਸਿਆਂ ਦੀ...?’’ ਹਰਬੰਸ ਨੇ ਪੁੱਛਿਆ।
‘‘ਸਰਦਾਰ ਜੀ, ਮੇਰੀ ਬੀਵੀ ਕੋ ਅਗਲੇ ਹਫ਼ਤੇ ਬੱਚਾ ਹੋਨੇ ਵਾਲਾ ਹੈ। ਡਾਕਟਰ ਨੇ ਬਤਾਇਆ ਹੈ ਕਿ ਜੁੜਵਾਂ ਬੱਚੇ ਹੋਨੇ ਹੈਂ...!’’ ਮਾਲੀ ਰਾਮਰੱਖਾ ਬੋਲਿਆ।
ਹਰਬੰਸ ਇਕਦਮ ਬੋਲਿਆ, ‘‘ਓਏ... ਚਾਰ ਜਵਾਕ ਪਹਿਲਾਂ ਨੇ... ਹੁਣ ਹੋਰ... ਗ਼ਰੀਬੀ ਤਾਂ ਫਿਰ ਆਪੇ ਆਉਣੀ ਐਂ...!’’ ਜੇਬ ਵਿੱਚੋਂ ਕੱਢ ਕੇ ਉਸ ਨੇ ਉਸ ਨੂੰ ਤਿੰਨ ਹਜ਼ਾਰ ਰੁਪਏ ਦੇ ਦਿੱਤੇ।
ਓਧਰੋਂ ਮੋਹਨਜੀਤ ਦਾ ਫ਼ੋਨ ਆਇਆ ਤੇ ਉਹ ਹਰਬੰਸ ਨੂੰ ਪੁੱਛਣ ਲੱਗਿਆ ਕਿ ਜੋ ਕੰਮ ਉਸ ਨੇ ਕਿਹਾ ਸੀ ਉਸ ਬਾਰੇ ਉਸ ਨੇ ਕੁਝ ਸੋਚਿਆ ਕਿ ਨਹੀਂ...।
ਹਰਬੰਸ ਦੇ ਦਿਮਾਗ਼ ਵਿੱਚ ਰਾਮਰੱਖਾ ਤੇ ਮੋਹਨਜੀਤ ਘੁੰਮ ਰਹੇ ਸਨ। ਉਸ ਦੇ ਦਿਮਾਗ਼ ਵਿੱਚ ਬਹੁਤ ਸਾਰੀਆਂ ਨਵੀਆਂ ਸੋਚਾਂ ਉਪਜਦੀਆਂ... ਉਸ ਦੀਆਂ ਸੋਚਾਂ ਨੇ ਉਸ ਦੇ ਮਨ ਵਿੱਚ ਖੌਰੂ ਪਾਇਆ ਹੋਇਆ ਸੀ।
ਅਗਲੇ ਦਿਨ ਮਾਲੀ ਆਇਆ ਤਾਂ ਰਾਮਰੱਖੇ ਨੇ ਉਸ ਨੂੰ ਇੱਕ ਪਾਸੇ ਲਿਜਾਂਦੇ ਹੋਏ ਆਖਿਆ, ‘‘ਰਾਮ ਰੱਖੇ... ਤੇਰੇ ਦੋ ਬੱਚੇ ਹੋਨੇ ਹੈਂ... ਏਕ ਬੱਚਾ ਕਿਸੀ ਅਮੀਰ ਆਦਮੀ ਕੋ ਗੋਦ ਲੇਨਾ ਹੈ...। ਦੇਖ, ਤੂੰ ਸਮਝ ਵੋ ਬੱਚਾ ਮੁਝੇ ਦੇਗਾ...। ਉਸ ਕੀ ਮੇਰੀ ਜ਼ਿੰਮੇਵਾਰੀ ਹੈ। ਵੋ ਤੇਰੇ ਬਾਕੀ ਬੱਚੋਂ ਸੇ ਅੱਛਾ ਹੀ ਰਹੇਗਾ...। ਤੂ ਯੇ ਸੋਚਨਾ ਕਿ ਤੁਮ੍ਹਾਰੇ ਘਰ ਮੇਂ ਏਕ ਹੀ ਬੱਚਾ ਹੂਆ ਹੈ...!’’
ਮਾਲੀ ਝਟਪਟ ਮੰਨ ਗਿਆ ਤੇ ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਚੁੱਪ-ਚੁਪੀਤੇ ਇੱਕ ਬੱਚਾ ਦੇਣ ਲਈ ਹਾਂ ਕਰ ਦਿੱਤੀ। ਓਧਰ ਹਰਬੰਸ ਨੇ ਮੋਹਨਜੀਤ ਨੂੰ ਸਾਰੀ ਗੱਲ ਦੱਸੀ ਤਾਂ ਮੋਹਨਜੀਤ ਆਪਣੀ ਪਤਨੀ ਨਾਲ ਆ ਕੇ ਦਿੱਲੀ ਰੁਕ ਗਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਉਹ ਇੰਡੀਆ ਆਏ ਹੋਏ ਸਨ। ਚਾਰ ਦਿਨ ਬਾਅਦ ਮਾਲੀ ਦੀ ਪਤਨੀ ਨੇ ਜੌੜੀਆਂ ਧੀਆਂ ਨੂੰ ਜਨਮ ਦਿੱਤਾ ਤੇ ਵਾਅਦੇ ਮੁਤਾਬਿਕ ਇੱਕ ਬੱਚਾ ਹਰਬੰਸ ਸਿੰਘ ਤੇ ਉਸ ਦੀ ਪਤਨੀ ਨੂੰ ਦੇ ਗਏ। ਓਧਰੋਂ ਮੋਹਨਜੀਤ ਤੇ ਉਸ ਦੀ ਪਤਨੀ ਨੇ ਉਹ ਬੱਚੀ ਗੋਦ ਲੈ ਕੇ ਸਰਕਾਰੀ ਕਾਗਜ਼ਾਂ ਵਿੱਚ ਆਪਣੇ ਘਰ ਪੈਦਾ ਹੋਈ ਲਿਖਾ ਦਿੱਤਾ ਸੀ। ਰਾਮਰੱਖਾ ਤੇ ਉਸ ਦੀ ਪਤਨੀ ਇਸ ਗੱਲੋਂ ਬੇਖ਼ਬਰ ਸਨ ਕਿ ਉਨ੍ਹਾਂ ਦੀ ਧੀ ਕਿਸ ਨੇ ਗੋਦ ਲਈ ਸੀ।
ਮੋਹਨਜੀਤ ਤੇ ਉਸ ਦੀ ਪਤਨੀ ਦੋ ਮਹੀਨੇ ਸ਼ਹਿਰ ਵਿੱਚ ਹੀ ਰੁਕੇ ਤੇ ਬੱਚੀ ਨੂੰ ਲੈ ਕੇ ਵਾਪਸ ਵਿਦੇਸ਼ ਚਲੇ ਗਏ। ਵਿਦੇਸ਼ ਜਾ ਕੇ ਉਸ ਨੇ ਆਪਣੇ ਘਰ ਬੱਚਾ ਹੋਣ ਦੀ ਖੁਸ਼ਖਬਰੀ ਸਾਰੇ ਰਿਸ਼ਤੇਦਾਰਾਂ ਨੂੰ ਦਿੱਤੀ। ਮੋਹਨਜੀਤ ਦੇ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਖ਼ੁਸ਼ੀ ਹੋਈ ਕਿ ਉਸ ਦੇ ਵਿਹੜੇ ਵਿੱਚ ਵੀ ਬੱਚੀ ਦੀ ਕਿਲਕਾਰੀਆਂ ਦੀ ਗੂੰਜ ਗੂੰਜਣ ਲੱਗੀ ਸੀ। ਮਾਲੀ ਰਾਮਰੱਖਾ ਆਪਣੇ ਵਾਅਦੇ ਦਾ ਐਨਾ ਪੱਕਾ ਨਿਕਲਿਆ ਕਿ ਉਸ ਨੇ ਕਦੇ ਵੀ ਹਰਬੰਸ ਸਿੰਘ ਤੋਂ ਨਹੀਂ ਪੁੱਛਿਆ ਕਿ ਉਹ ਬੱਚੀ ਕਿਸ ਨੂੰ ਦਿੱਤੀ ਹੈ ਕਿਉਂਕਿ ਉਹ ਸੋਚਦਾ ਸੀ ਜਿੱਥੇ ਵੀ ਹੋਵੇਗੀ ਮੇਰੇ ਘਰ ਨਾਲੋਂ ਤਾਂ ਵਧੀਆ ਹੀ ਪਲਦੀ ਹੋਵੇਗੀ। ਮੋਹਨਜੀਤ ਦੀ ਧੀ ਦਾ ਪਾਲਣ ਪੋਸ਼ਣ ਰਾਜਕੁਮਾਰੀਆਂ ਵਾਂਗ ਹੁੰਦਾ ਸੀ ਤੇ ਉਹ ਕਰੋੜਾਂ ਦੀ ਜਾਇਦਾਦ ਦੀ ਇਕਲੌਤੀ ਵਾਰਸ ਸੀ। ਜਿਉਂ ਜਿਉਂ ਉਹ ਵੱਡੀ ਹੋ ਰਹੀ ਸੀ ਉਸ ਦਾ ਗੋਰਾ ਰੰਗ ਤੇ ਖਾਣ ਪੀਣ ਖੁੱਲ੍ਹਾ ਹੋਣ ਕਰਕੇ ਕੱਦ ਕਾਠ ਕਾਫ਼ੀ ਨਿਕਲ ਰਿਹਾ ਸੀ। ਸਕੂਲ ਵਿੱਚ ਅੰਗਰੇਜ਼ਾਂ ਦੇ ਬੱਚਿਆਂ ਨਾਲ ਪੜ੍ਹਾਈ ਕਰਦੀ ਉਨ੍ਹਾਂ ਵਰਗੀ ਹੀ ਅੰਗਰੇਜ਼ੀ ਬੋਲਦੀ। ਚਾਹੇ ਉਹ ਤੇਰ੍ਹਾਂ ਵਰ੍ਹਿਆਂ ਦੀ ਹੀ ਸੀ, ਵੇਖਣ ਵਾਲਾ ਉਸ ਨੂੰ ਅਠਾਰਾਂ ਵਰ੍ਹਿਆਂ ਤੋਂ ਘੱਟ ਨਹੀਂ ਸਮਝਦਾ ਸੀ। ਓਧਰ ਉਸ ਦੇ ਨਾਲ ਦੀ ਜੰਮੀ ਕੁੜੀ ਮਾਲੀ ਦੇ ਘਰ ਗ਼ਰੀਬੀ ਦੇ ਮਾਹੌਲ ਕਾਰਨ ਭੁੱਖਮਰੀ ਕਰਕੇ ਸੁੱਕੇ ਤੀਲ੍ਹੇ ਵਰਗੇ ਸਰੀਰ ਅਤੇ ਮੈਲ਼ੇ ਕੁਚੈਲੇ ਕੱਪੜਿਆਂ ਵਿੱਚ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਜਾਂਦੀ। ਹਰਬੰਸ ਸਿੰਘ ਜਦ ਵੀ ਵੇਖਦਾ, ਉਸ ਦੇ ਮਨ ਵਿੱਚ ਆਪਮੁਹਾਰੇ ਹੀ ਖ਼ਿਆਲ ਆਉਂਦਾ ਕਿ ਇਸੇ ਨੂੰ ਤਾਂ ਕਹਿੰਦੇ ਨੇ ਕਿ ਹਰ ਬੱਚਾ ਆਪੋ ਆਪਣੀ ਕਿਸਮਤ ਲੈ ਕੇ ਜੰਮਦਾ ਹੈ। ਉਹ ਕਈ ਵਾਰ ਸੋਚਦਾ ਕਿ ਉਸ ਨੇ ਇਹ ਕੰਮ ਕਰਕੇ ਸੱਚਮੁੱਚ ਵੱਡਾ ਪੁੰਨ ਖੱਟ ਲਿਆ ਸੀ।
ਸੰਪਰਕ: 99889-01324
* * *

ਇਹ ਤਾਂ ਅਮਰੋ ਹੀ ਸੀ...

ਸਤਨਾਮ ਸ਼ਦੀਦ
ਸਿਆਣੇ ਕਹਿੰਦੇ ਹੁੰਦੇ ਨੇ ਕਿ ਬੰਦੇ ਦੀ ਜ਼ਿੰਦਗੀ ਦਾ ਪਹਿਲਾ ਪਹਿਰ ਸੌਖਾ ਲੰਘੇ ਤਾਂ ਪਿਛਲਾ ਪਹਿਰ ਔਖਾਂ ਨਾਲ ਲੰਘਾਉਣਾ ਪੈਂਦਾ ਹੈ ਤੇ ਜੇ ਪਹਿਲਾ ਪਹਿਰ ਔਖਾਂ ਭਰਿਆ ਹੋਵੇ ਤਾਂ ਪਿਛਲੇ ਪਹਿਰ ਸੁੱਖ ਮਿਲ ਜਾਂਦਾ ਹੈ। ਪਰ ਕਈ ਲੋਕ ਪਤਾ ਨੀ ਕਿਹੜੀ ਤਪਣੀ ਮਿੱਟੀ ਦੇ ਬਣੇ ਹੁੰਦੇ ਨੇ ਕਿ ਉਨ੍ਹਾਂ ਨੂੰ ਨਾ ਤਾਂ ਪਹਿਲੇ ਪਹਿਰ ਤੇ ਨਾ ਪਿਛਲੇ ਪਹਿਰ ਸੁੱਖ ਮਿਲਦਾ ਹੈ। ਪਤਾ ਨਹੀਂ ਰੱਬ ਸ਼ਾਇਦ ਜ਼ਿੰਦਗੀ ਦੇ ਸਾਰੇ ਦੁੱਖਾਂ ਦਰਦਾਂ ਦਾ ਬੋਝ ਉਨ੍ਹਾਂ ਦੇ ਮੋਢਿਆਂ ’ਤੇ ਲੱਦ ਦਿੰਦਾ ਬਈ ਢੋਂਹਦਾ ਫਿਰ।
ਨਿੱਕੇ ਨਿੱਕੇ ਹੁੰਦਿਆਂ ਤੋਂ ਹੀ ਆਪਣੀ ਅੱਖੀਂ ਦੇਖਦੇ ਅਤੇ ਬੇਬੇ ਹੋਰਾਂ ਤੋਂ ਕੰਨੀਂ ਸੁਣਦੇ ਆਏ ਹਾਂ ਕਿ ਆਹ ਅਮਰੋ ਤਾਈ, ਵਿਚਾਰੀ ਜਦੋਂ ਦੀ ਵਿਆਹੀ ਏ, ਇਹਦੇ ਸਿਰ ਤੋਂ ਗੋਹੇ ਦੀ ਟੋਕਰੀ ਨਹੀਂ ਉਤਰੀ। ਸ਼ਰਾਬੀ ਕਬਾਬੀ ਘਰਵਾਲਾ ਮਾੜੀ ਮਾੜੀ ਗੱਲ ’ਤੇ ਸੋਟੀ ਫੜ ਕੇ ਕੁੱਟ ਸੁੱਟਦਾ। ਕਿੰਨੇ ਵਾਰੀ ਤਾਂ ਬੀਬੀ ਹੋਰੀਂ ਛੁਡਾ ਕੇ ਆਈਆਂ ਸਨ। ਅੱਗੋਂ ਉਨ੍ਹਾਂ ਨੂੰ ਵੀ ਗਾਲ੍ਹਾਂ ਦੁਪੜਾਂ ਕੱਢਦਾ। ਅਖੇ, ਇਹ ਸਾਡੇ ਘਰ ਦਾ ਮਾਮਲਾ ਤੁਸੀਂ ਟਿੰਡੇ ਲੈਣੇ ਐ ਸਾਡੇ ਘਰ ਤੋਂ? ਪਰ ਦੇਖ ਲਓ ਸਿਦਕ ਮਾਂ ਦੀ ਧੀ ਦਾ ਵੀਹ ਸਾਲ ਆਪਣੇ ਪੇਕਿਆਂ ਦੇ ਕੰਨੀਂ ਆਪਣੇ ਘਰ ਦੀ ਭੌਰਾ ਭਿਣਕ ਨਹੀਂ ਪੈਣ ਦਿੱਤੀ। ਜਦੋਂ ਸਾਲ ਛਿਮਾਹੀ ਮਾਂ ਪਿਉ ਨੇ ਆਉਣਾ ਤਾਂ ਉਨ੍ਹਾਂ ਨੇ ਕਹਿਣਾ ‘ਅਮਰੋ, ਕੀ ਗੱਲ ਪਹਿਲਾਂ ਨਾਲੋਂ ਮਾੜੀ ਹੋ ਗਈ ਲੱਗਦੀ ਏਂ, ਪ੍ਰਾਹੁਣਾ ਕੁੱਟਦਾ ਮਾਰਦਾ ਤਾਂ ਨਹੀਂ?’ ਉਨ੍ਹਾਂ ਦੀਆਂ ਗੱਲਾਂ ਨੂੰ ਟਾਲ ਦਿੰਦੀ। ਕਹਿੰਦੇ, ਸੁੱਖ ਨਾਲ ਉਹਦਾ ਪਿਓ ਸੜਕ ਮਹਿਕਮੇ ਵਿੱਚ ਓਵਰਸੀਰ ਲੱਗਾ ਹੋਇਆ ਸੀ।
ਉਨ੍ਹਾਂ ਦਿਨਾਂ ਵਿੱਚ ਵਿਆਹ ਵੇਲੇ ਮਾਪਿਆਂ ਨੇ ਅਮਰੋ ਨੂੰ ਦਾਜ ਵਿੱਚ ਸਾਈਕਲ ਦਿੱਤਾ ਸੀ। ਜਦੋਂ ਕਿਤੇ ਪੇਕੇ ਜਾਂਦੀ ਤਾਂ ਮਾਪਿਆਂ ਦੇ ਦਿੱਤੇ ਸਾਂਭ ਸਾਂਭ ਰੱਖੇ ਲੀੜੇ ਪਾ ਲੈਂਦੀ ਤੇ ਘਰੇ ਪੁਰਾਣਿਆਂ ਨੂੰ ਗੰਢ-ਤੁੱਪ ਕੇ ਪਾ ਲੈਂਦੀ। ਜਦੋਂ ਕਿਤੇ ਦਿਨ ਤਿਉਹਾਰ ਨੂੰ ਨਵਾਂ ਸੂਟ ਪਾਉਂਦੀ ਤਾਂ ਆਂਢਣਾਂ-ਗੁਆਂਢਣਾਂ ਨੂੰ ਤਾਂ ਜਣੀ ਗਸ਼ ਹੀ ਪੈ ਜਾਂਦੇ। ਗਿੱਠ ਲੰਮੀ ਧੌਣ ਉੱਚਾ ਲੰਮਾ-ਕੱਦ, ਪਤਲੀ ਗੰਦਲ ਵਰਗਾ ਸਰੀਰ। ਘਰ ਦੇ ਕੰਮਾਂ ਨੂੰ ਤਾਂ ਮੂਹਰੇ ਲਾ ਲੈਂਦੀ ਤੇ ਜੇ ਖੇਤ ਨਰਮਾ ਫੁੱਟੀ ਚੁਗਣਾ ਹੁੰਦਾ ਤਾਂ ਪੰਜਾਂ ਝੋਲੀਆਂ ਦਾ ਨਰਮਾ ਦੋ ਪੱਲੀਆਂ ’ਚ ਸਮਾਉਂਦਾ ਨਹੀਂ ਸੀ। ਜੋਖਣ ਵਾਲਿਆਂ ਦੀ ਅੱਖਾਂ ਟੱਡੀਆਂ ਰਹਿ ਜਾਂਦੀਆਂ ਸੀ ਆਥਣ ਵੇਲੇ।
ਤਿੰਨ ਜਵਾਕ ਆਪੇ ਪਾਲੇ। ਘਰ ਵਾਲਾ ਤਾਂ ਆਪਣੇ ਹੀ ਢਿੱਡ ਦਾ ਸਕਾ ਸੀ। ਇੱਕ ਅੱਧੀ ਦਿਹਾੜੀ ਲਾ ਲੈਂਦਾ ਤੇ ਸ਼ਰਾਬ ਪੀ ਛੱਡਦਾ। ਜਦੋਂ ਕਿਤੇ ਚਾਰਾ ਨਾ ਚੱਲਦਾ ਤਾਂ ਘਰ ਦੀਆਂ ਚੀਜ਼ਾਂ ਵੇਚਣ ’ਤੇ ਹੋ ਜਾਂਦਾ ਤੇ ਰੋਕਣ ਉੱਤੇ ਅਮਰੋ ਦੀ ਮਾਰ-ਕੁੱਟ ਕਰਦਾ। ਕਹਿੰਦੇ ਹੁੰਦੇ ਹਨ ਕਿ ਜਦੋਂ ਘਰ ਵਾਲੇ ਨੇ ਸੁਖ ਨਹੀਂ ਦਿੱਤਾ ਤਾਂ ਔਲਾਦ ਨੇ ਕੀ ਦੇਣਾ। ਆਪ ਤਾਂ ਪਿਛਲੇ ਸਾਲ ਅੱਖਾਂ ਮੀਟ ਗਿਆ ਤੇ ਪਿੱਛੇ ਰਹਿ ਗਈ ਆਹ ਤਪਣੀ ਮਿੱਟੀ; ਪਰ ਇਹਨੂੰ ਵਿਚਾਰੀ ਨੂੰ ਕੀ ਭਾਅ ਕਿਸੇ ਦਾ ਜਿਹਦੇ ਹੱਥੋਂ ਅੱਜ ਤੱਕ ਜਿਮੀਂਦਾਰਾਂ ਦੇ ਘਰ ਦੀ ਗੋਹੇ ਕੂੜੇ ਵਾਲੀ ਟੋਕਰੀ ਨਹੀਂ ਛੁੱਟੀ। ਪਿਉ ਤਾਂ ਜਿਉਂਦੇ ਜੀ ਬਥੇਰਾ ਕੁਲਝਦਾ ਰਿਹਾ, ‘ਚੱਲ ਅਮਰੋ, ਤੇਰੇ ਖਾਣ ਜੋਗੀਆਂ ਸਾਡੇ ਰੋਟੀਆਂ ਹੈਨੀ?’ ਪਰ ਔਰਤ ਕੋਲੋਂ ਕਿੱਥੇ ਜਿਉਂਦੇ ਜੀ ਪੁੱਤਾਂ ਧੀਆਂ ਨਾਲੋਂ ਮੋਹ ਤੋੜਿਆ ਜਾਂਦਾ ਹੈ। ਕਹਿੰਦੀ, ‘ਨਾ ਬਾਪੂ, ਮੈਂ ਕਰ ਲਊਂ ਟਾਈਮ ਪਾਸ। ਅੱਧੋ ਵੱਧ ਲੰਘ ਗਈ ਤੇ ਆਹ ਜਿਹੜੇ ਦੋ ਚਾਰ ਸਾਲ ਨੇ ਸੋਚਦੀ ਆਂ ਇਨ੍ਹਾਂ ਨੂੰ ਅੱਖਾਂ ਸਾਹਮਣੇ ਵੇਖਦਿਆਂ ਲੰਘ ਜਾਣ।’ ਪਹਿਲਾਂ ਵੱਡਾ ਵਿਆਹਿਆ ਕਿ ਕਬੀਲਦਾਰੀ ’ਚ ਪੈ ਕੇ ਹੀ ਇਹਨੂੰ ਮੱਤ ਆ ਜਾਵੇ, ਪਰ ਕਿੱਥੇ! ਪਿਓ ਦੀ ਲੀਹ ਨਹੀਂ ਤੋੜੀ ਚੰਦਰੇ ਨੇ। ਕਦੇ ਘਰ ਦਾ ਸਾਈਕਲ ਵੇਚ ਦਿੱਤਾ, ਕਦੇ ਗੈਸ ਵਾਲੀ ਢੋਲੀ ਤੇ ਕਦੇ ਕੁਝ। ਦੋ ਜਵਾਕ ਹੋ ਗਏ। ਉਹ ਵੀ ਜੰਮਦੇ ਹੀ ਬਦਮਾਸ਼ੀ ’ਚ ਪੈਰ ਰੱਖਣ ਲੱਗੇ।
ਅਮਰੋ ਦਾ ਛੋਟਾ ਮੁੰਡਾ ਦਸ ਸਾਲ ਪਹਿਲਾਂ ਕਿਸੇ ਨਾਲ ਗੱਡੀ ਗੁੱਡੀ ਚੜ੍ਹ ਗਿਆ। ਉਹਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗਾ। ਵਿਚਾਰੀ ਨੇ ਉਹਨੂੰ ਲੱਭਣ ਖ਼ਾਤਰ ਖੂਹੀਂ ਟੋਭੀਂ ਪੈਣ ਵਾਲੀ ਕੋਈ ਕਸਰ ਨਹੀਂ ਛੱਡੀ, ਪਰ ਅਖੀਰ ਨੂੰ ਥੱਕ ਹਾਰ ਕੇ ਬਹਿ ਗਈ। ਮਾੜਾ ਸਮਾਂ ਸਿਵਿਆਂ ਤੱਕ ਬੰਦੇ ਸਾਥ ਨਹੀਂ ਛੱਡਦਾ। ਜਿਹੜਾ ਵਿਚਾਲੜਾ ਮੁੰਡਾ ਸੀ ਉਹਨੇ ਸ਼ਾਇਦ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਦੋ ਜਵਾਕ ਹੋਏ ਮੁੰਡਾ ਕੁੜੀ। ਪੰਜ ਸੱਤ ਸਾਲ ਲੰਘੇ। ਉਹਦੀ ਘਰਵਾਲੀ ਕਿਸੇ ਬਿਮਾਰੀ ਨਾਲ ਮਰ ਗਈ। ਉਨ੍ਹਾਂ ਭੋਰਾ-ਭਰ ਮਾਂ ਮਛੋਹਰਾਂ ਦੀ ਜ਼ਿੰਮੇਵਾਰੀ ਵੀ ਆ ਪਈ ਮੋਢਿਆਂ ’ਤੇ। ਵਕਤ ਵੀ ਕਹਿੰਦਾ ਹੋਣਾ ਏ, ਅਮਰੋ ਤੁਰੀ ਚੱਲ, ਹਾਲੇ ਆਹ ਦੁੱਖਾਂ ਵਾਲੀ ਪੰਡ ਵੀ ਤੇਰੇ ਸਿਰ ’ਤੇ ਹੀ ਰੱਖਣੀ ਆ। ਮੈਂ ਕਈ ਵਾਰ ਸੋਚਦਾ ਕਿ ਇੱਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਏ, ਪਰ ਆਹ ਵਿਚਾਰੀ ਅਮਰੋ ਤਾਈ, ਰੱਬ ਵੀ ਇਹਦਾ ਦੁੂਜਾ ਪਾਸਾ ਥੱਲਣਾ ਭੁੱਲ ਗਿਆ ਵਿਚਾਰੀ ਦਾ।
ਹੁਣ ਜਦੋਂ ਕਿਤੇ ਦੁੱਖਾਂ ਦੀ ਸਤਾਈ ਦਾ ਮਨ ਭਰ ਕੇ ਉੱਛਲਦਾ ਏ ਤਾਂ ਵਿਹੜੇ ’ਚ ਬੈਠ ਕੇ ਉੱਚੀ ਉੱਚੀ ਵੈਣ ਪਾਉਣ ਲੱਗ ਜਾਂਦੀ ਏ; ਕਦੇ ਆਪਣੀ ਮੋਈ ਮਾਂ ਨੂੰ ਤੇ ਕਦੇ ਆਪਣੇ ਪਿਉ ਨੂੰ ਯਾਦ ਕਰ ਕੇ; ਤੇ ਕਦੇ ਆਪਣੇ ਗੁਆਚੇ ਪੁੱਤ ਤੇ ਕਦੇ ਮਰੀ ਹੋਈ ਨੂੰਹ ਨੂੰ ਯਾਦ ਕਰ ਕੇ ਭੁੱਬਾਂ ਮਾਰ ਮਾਰ ਕਿੰਨਾ ਚਿਰ ਰੋਂਦੀ ਰਹਿੰਦੀ ਹੈ। ਉਹਦੇ ਰੋਣ ਦੀ ਆਵਾਜ਼ ਨਾਲ ਸਾਰੇ ਘਰਾਂ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ। ਜੇ ਕੋਈ ਰੋਟੀ ਟੁੱਕ ਖਾ ਰਿਹਾ ਹੁੰਦਾ ਤਾਂ ਏਨੀ ਦਰਦ ਭਿੱਜੀ ਆਵਾਜ਼ ਸੁਣ ਕੇ ਰੋਟੀ ਦੀ ਬੁਰਕੀ ਵੀ ਸੰਘੋਂ ਥੱਲੇ ਨਾ ਉਤਰਦੀ ਕਿ ਰੱਬਾ ਐਡੀ ਮਾੜੀ ਕਿਸਮਤ! ਕਈ ਵਾਰ ਤਾਂ ਇਹ ਨੀਲੀ ਛੱਤ ਵਾਲੇ ਨੂੰ ਵੀ ਉਲਾਂਭਾ ਦੇਣ ਨੂੰ ਜੀ ਕਰਦਾ ਕਿ ਖ਼ਸਮਾਂ! ਬਸ ਕਰ ਹੁਣ। ਇਹ ਤੇਰੇ ਦੁੱਖਾਂ ਦੀ ਤਾਬ ਝੱਲਣ ਜੋਗੀ ਨਹੀਂ ਰਹੀ। ਇਹ ਤਾਂ ਵਿਚਾਰੀ ਅਮਰੋ ਹੀ ਸੀ ਜਿਹੜੀ ਸਭ ਝੱਲ ਗਈ। ਜੇ ਕੋਈ ਹੋਰ ਹੁੰਦਾ ਤਾਂ ਕਦੋਂ ਦਾ ਕੋਈ ਖੂਹ ਖਾਤਾ ਗੰਦਾ ਕਰ ਦਿੰਦਾ। ਜੇ ਅਗਲੀ ਵਾਰ ਅਮਰੋ ਪੈਦਾ ਕਰੀਂ ਤਾਂ ਐਨੇ ਦੁੱਖ ਨਾ ਲਿਖੀਂ ਉਹਦੇ ਲੇਖਾਂ ’ਚ ਤੇ ਜੇ ਏਨੇ ਦੁੱਖ ਲਿਖਣੇ ਹੀ ਨੇ ਤਾਂ ਕਿਸੇ ਅਮਰੋ ਨੂੰ ਪੈਦਾ ਨਾ ਕਰੀਂ।
ਸੰਪਰਕ: 99142-98580

Advertisement
Author Image

joginder kumar

View all posts

Advertisement
Advertisement
×