ਸ਼ਮੀ ਨੂੰ ਅਰਜੁਨ ਤੇ ਚਿਰਾਗ-ਰੰਕੀਰੈੱਡੀ ਨੂੰ ਖੇਲ ਰਤਨ ਪੁਰਸਕਾਰ
ਨਵੀਂ ਦਿੱਲੀ, 9 ਜਨਵਰੀ
ਭਾਰਤ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਣੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ। ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਜੋੜੀ ਨੂੰ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ। ਇਸ ਜੋੜੀ ਨੇ 2023 ਵਿੱਚ ਏਸ਼ਿਆਈ ਖੇਡਾਂ ਵਿੱਚ ਆਪਣਾ ਅਤੇ ਬੈਡਮਿੰਟਨ ਵਿੱਚ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ ਸੀ। ਜੋੜੀ ਇਸ ਵੇਲੇ ਮਲੇਸ਼ੀਆ ਓਪਨ ਸੁਪਰ 1000 ਵਿੱਚ ਖੇਡ ਰਹੀ ਹੈ, ਜਿਸ ਕਰਕੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਸਟਾਰ ਪਿਸਟਲ ਨਿਸ਼ਾਨੇਬਾਜ਼ 19 ਸਾਲਾ ਈਸ਼ਾ ਸਿੰਘ ਵੀ ਜਕਾਰਤਾ ’ਚ ਏਸ਼ਿਆਈ ਓਲੰਪਿਕ ਕੁਆਲੀਫਾਇਰ ’ਚ ਹਿੱਸਾ ਲੈਣ ਕਰਕੇ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੀ। ਉਸ ਨੇ ਬੀਤੇ ਦਿਨ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲੇ ’ਚ ਸੋਨ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਰਿਕਾਰਡ 107 ਤਗਮਿਆਂ ਨਾਲ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਝਲਕ ਇਸ ਸਮਾਗਮ ਵਿੱਚ ਵੀ ਝਲਕ ਰਹੀ ਸੀ ਕਿਉਂਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਹੁਤੇ ਖਿਡਾਰੀ ਹਾਂਗਜ਼ੂ ਖੇਡਾਂ ਦੇ ਤਗਮਾ ਜੇਤੂ ਸਨ। ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਾਲੀ ਸ਼ੀਤਲ ਜਦੋਂ ਆਪਣਾ ਅਰਜੁਨ ਪੁਰਸਕਾਰ ਲੈਣ ਪਹੁੰਚੀ ਤਾਂ ਰਾਸ਼ਟਰਪਤੀ ਭਵਨ ਦਾ ਹਾਲ ਤਾੜੀਆਂ ਨਾਲ ਗੂੰਜਣ ਲੱਗਾ। ਇਸ 16 ਸਾਲਾ ਪੈਰਾ ਨਿਸ਼ਾਨੇਬਾਜ਼ ਦੇ ਦੋਵੇਂ ਹੱਥ ਨਹੀਂ ਹਨ ਅਤੇ ਉਹ ਹੱਥਾਂ ਤੋਂ ਬਿਨਾਂ ਤੀਰਅੰਦਾਜ਼ੀ ਕਰਨ ਵਾਲੀ ਪਹਿਲੀ ਕੌਮਾਂਤਰੀ ਪੈਰਾ ਤੀਰਅੰਦਾਜ਼ ਹੈ। ਇਸੇ ਤਰ੍ਹਾਂ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਸ਼ਮੀ ਪੁਰਸਕਾਰ ਲੈਣ ਲਈ ਸਮਾਗਮ ਵਿੱਚ ਮੌਜੂਦ ਸੀ। ਉਸ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਸੱਤ ਮੈਚਾਂ ਵਿੱਚ 25 ਵਿਕਟਾਂ ਲੈ ਕੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਹਾਲ ਹੀ ਵਿੱਚ ਸ਼ਤਰੰਜ ਗਰੈਂਡਮਾਸਟਰ ਬਣੀ ਆਰ ਵੈਸ਼ਾਲੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸਟਾਰ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਦੀ ਵੱਡੀ ਭੈਣ ਹੈ।
ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣੇ ਗਏ ਹੋਰ ਖਿਡਾਰੀਆਂ ਵਿੱਚ ਪਹਿਲਵਾਨ ਅੰਤਿਮ ਪੰਘਾਲ (ਪਹਿਲਵਾਨ), ਮੁਹੰਮਦ ਹੁਸਾਮੂਦੀਨ (ਮੁੱਕੇਬਾਜ਼), ਪਾਰੁਲ ਚੌਧਰੀ (ਅਥਲੀਟ), ਓਜਸ ਪ੍ਰਵੀਨ ਦਿਓਤਲੇ (ਤੀਰਅੰਦਾਜ਼ੀ), ਆਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਮੁਰਲੀ ਸ੍ਰੀਸ਼ੰਕਰ (ਅਥਲੈਟਿਕਸ), ਅਨੁਸ਼ ਅਗਰਵਾਲ (ਘੋੜਸਵਾਰੀ), ਦਿਵਯਕ੍ਰਿਤੀ ਸਿੰਘ (ਘੋੜਸਵਾਰੀ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨਾ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਨਿਸ਼ਾਨੇਬਾਜ਼ੀ), ਹਰਿੰਦਰ ਪਾਲ ਸਿੰਘ ਸੰਧੂ (ਸਕੁਐਸ਼), ਅਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਨਾਓਰੇਮ ਰੋਸ਼ੀਬੀਨਾ ਦੇਵੀ (ਵੁਸ਼ੂ), , ਇਲੁਰੀ ਅਜੈ ਕੁਮਾਰ ਰੈੱਡੀ (ਨੇਤਰਹੀਣ ਕ੍ਰਿਕਟ) ਅਤੇ ਪ੍ਰਾਚੀ ਯਾਦਵ (ਪੈਰਾ ਕੈਨੋਇੰਗ) ਸ਼ਾਮਲ ਹਨ।
ਦਰੋਣਾਚਾਰੀਆ ਪੁਰਸਕਾਰ (ਨਿਯਮਤ ਸ਼੍ਰੇਣੀ) ਜੇਤੂਆਂ ਵਿੱਚ ਲਲਿਤ ਕੁਮਾਰ (ਕੁਸ਼ਤੀ), ਆਰ.ਬੀ ਰਮੇਸ਼ (ਸ਼ਤਰੰਜ), ਮਹਾਵੀਰ ਪ੍ਰਸਾਦ ਸੈਣੀ (ਪੈਰਾ ਅਥਲੈਟਿਕਸ), ਸ਼ਿਵੇਂਦਰ ਸਿੰਘ (ਹਾਕੀ) ਅਤੇ ਗਣੇਸ਼ ਪ੍ਰਭਾਕਰ ਦੇਵਰੁਖਕਰ (ਮਲਖੰਬ) ਤੇ ਦਰੋਣਾਚਾਰੀਆ ਪੁਰਸਕਾਰ (ਲਾਈਫ ਟਾਈਮ ਅਚੀਵਮੈਂਟ) ਵਿੱਚ ਜਸਕੀਰਤ ਸਿੰਘ ਗਰੇਵਾਲ (ਗੋਲਫ), ਭਾਸਕਰਨ ਈ (ਕਬੱਡੀ) ਅਤੇ ਜੈਯੰਤ ਕੁਮਾਰ ਪੁਸ਼ੀਲਾਲ (ਟੇਬਲ ਟੈਨਿਸ) ਸ਼ਾਮਲ ਹਨ। ਮੰਜੂਸ਼ਾ ਕੰਵਰ (ਬੈਡਮਿੰਟਨ), ਵਿਨੀਤ ਕੁਮਾਰ ਸ਼ਰਮਾ (ਹਾਕੀ) ਤੇ ਕਵਿਤਾ ਸੇਲਵਰਾਜ (ਕਬੱਡੀ) ਨੂੰ ਧਿਆਨਚੰਦ ਪੁਰਸਕਾਰ ਮਿਲਿਆ। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹਿਲੀ ਰਨਰ ਅੱਪ ਰਹੀ। ਖੇਡ ਰਤਨ ਜੇਤੂਆਂ ਨੂੰ 25 ਲੱਖ ਰੁਪਏ ਜਦਕਿ ਅਰਜੁਨ ਤੇ ਦਰੋਣਾਚਾਰੀਆ ਪੁਰਸਕਾਰ ਜੇਤੂਆਂ ਨੂੰ 15 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। -ਪੀਟੀਆਈ