ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦਾ ਤੋੜ-ਵਿਛੋੜਾ
ਮੁੰਬਈ:
ਕਰੀਬ ਪੰਜ ਸਾਲ ਇਕੱਠੇ ਰਹਿਣ ਤੋਂ ਬਾਅਦ ਅਦਾਕਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਸ਼ਾਂਤੀਪੂਰਵਕ ਵੱਖ ਹੋ ਗਏ ਹਨ ਪਰ ਉਨ੍ਹਾਂ ਦੀ ਦੋਸਤੀ ਅਜੇ ਵੀ ਕਾਇਮ ਹੈ। ਇਸ ਖ਼ਬਰ ਏਜੰਸੀ ਦੇ ਨੇੜਲੇ ਸੂਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਲਾਇਕਾ ਤੇ ਅਰਜੁਨ, ਜਿਨ੍ਹਾਂ ਨੇ 2018 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ, ਵੱਖ ਹੋ ਗਏ ਹਨ ਪਰ ਉਹ ਅਜੇ ਵੀ ਚੰਗੇ ਦੋਸਤ ਹਨ। ਜ਼ਿਕਰਯੋਗ ਹੈ ਕਿ 2018 ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਦੋਵਾਂ ਨੂੰ ਇਕੱਠੇ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ। ਮਲਾਇਕਾ ਦੇ 45ਵੇਂ ਜਨਮਦਿਨ ’ਤੇ ਜੋੜੇ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਨੂੰ ਅਕਸਰ ਇਕੱਠੇ ਛੁੱਟੀਆਂ ਮਨਾਉਂਦੇ ਅਤੇ ਸਮਾਗਮਾਂ ਵਿੱਚ ਇਕੱਠੇ ਦੇਖਿਆ ਜਾਂਦਾ ਰਿਹਾ। ਇਸ ਤੋਂ ਇਲਾਵਾ ਉਹ ਇੱਕ-ਦੂਜੇ ਦੇ ਪਰਿਵਾਰਾਂ ਨਾਲ ਵੀ ਸਮਾਂ ਬਿਤਾਉਂਦੇ ਦੇਖੇ ਗਏ।ਅਦਾਕਾਰ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਅਦਾਕਾਰਾ ਮਲਾਇਕਾ ਅਰੋੜਾ ਨੇ ਪੋਸਟ ਸ਼ੇਅਰ ਕਰਦਿਆਂ ਕਿਹਾ, ‘ਧਰਤੀ ’ਤੇ ਸਭ ਤੋਂ ਵੱਡਾ ਖਜ਼ਾਨਾ ਉਹ ਲੋਕ ਹਨ ਜੋ ਸਾਨੂੰ ਪਿਆਰ ਕਰਦੇ ਹਨ ਅਤੇ ਸਮਰਥਨ ਕਰਦੇ ਹਨ।’ -ਆਈਏਐੱਨਐੱਸ