ਆਰਿਫ਼ ਮੁਹੰਮਦ ਖ਼ਾਨ ਨੇ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁੱਕੀ
ਪਟਨਾ, 2 ਜਨਵਰੀ
ਆਰਿਫ਼ ਮੁਹੰਮਦ ਖ਼ਾਨ ਨੇ ਅੱਜ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਕੇ. ਵਿਨੋਦ ਚੰਦਰਨ ਨੇ ਇੱਥੇ ਰਾਜ ਭਵਨ ’ਚ ਸਮਾਗਮ ਦੌਰਾਨ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਸੂਬੇ ਦੇ ਕਈ ਮੰਤਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ। ਆਰਿਫ਼ ਇਸ ਤੋਂ ਪਹਿਲਾਂ ਕੇਰਲ ਦੇ ਰਾਜਪਾਲ ਰਹਿ ਚੁੱਕੇ ਹਨ। ਉਹ ਰਾਜੇਂਦਰ ਵਿਸ਼ਵਨਾਥ ਆਰਲੇਕਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹੁਣ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਪਟਨਾ ਪਹੁੰਚੇ ਆਰਿਫ਼ ਮੁਹੰਮਦ ਖ਼ਾਨ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਸੂਬੇ ਦੀ ਸ਼ਾਨਦਾਰ ਪਰੰਪਰਾ ਮੁਤਾਬਕ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਸੀ, ‘ਮੈਂ ਬਿਹਾਰ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਹਾਂ। ਇਸ ਦਾ ਮੇਰੇ ’ਤੇ ਕਾਫੀ ਅਸਰ ਹੈ। ਮੈਂ ਸੂਬੇ ਦੀ ਵਿਰਾਸਤ ਅਤੇ ਸ਼ਾਨਦਾਰ ਪਰੰਪਰਾ ਮੁਤਾਬਕ ਆਪਣੇ ਫ਼ਰਜ਼ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।’ -ਪੀਟੀਆਈ
ਲਾਲੂ ਨਾਲ ਮੁਲਾਕਾਤ ਦੇ ਸਵਾਲ ਤੋਂ ਨਾਰਾਜ਼ਗੀ ਜਤਾਈ
ਪਟਨਾ:
ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਅੱਜ ਮੀਡੀਆ ਦੇ ਵਰਗ ਵੱਲੋਂ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਉਨ੍ਹਾਂ ਦੀ ਮੁਲਾਕਾਤ ਬਾਰੇ ਚੁੱਕੇ ਜਾ ਰਹੇ ਸਵਾਲਾਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਪਟਨਾ ਹਾਈ ਕੋਰਟ ਦੇ ਚੀਫ ਜਸਟਿਸ ਕੇ ਵਿਨੋਦ ਚੰਦਰਨ ਵੱਲੋਂ ਹਲਫ਼ ਦਿਵਾਏ ਜਾਣ ਮਗਰੋਂ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ। ਖਾਨ ਨੂੰ ਲੰਘੀ ਸ਼ਾਮ ਲਾਲੂ ਪ੍ਰਸਾਦ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਹੋਈ ਮੁਲਾਕਾਤ ਬਾਰੇ ਪੁੱਛਿਆ ਗਿਆ ਸੀ। ਇਸ ਤੋਂ ਪਹਿਲਾਂ ਆਰਜੇਡੀ ਮੁਖੀ ਦੇ ਪੁੱਤਰ ਤੇਜਸਵੀ ਯਾਦਵ ਨੇ ਰਾਜ ਭਵਨ ’ਚ ਖਾਨ ਨਾਲ ਮੁਲਾਕਾਤ ਕੀਤੀ ਸੀ। ਖਾਨ ਦੇ ਸਹੁੰ ਚੁੱਕ ਸਮਾਗਮ ’ਚ ਤੇਜਸਵੀ ਯਾਦਵ ਵੀ ਮੌਜੂਦ ਸਨ। ਖਾਨ ਨੇ ਪੱਤਰਕਾਰਾਂ ਨੂੰ ਕਿਹਾ, ‘ਤੁਸੀਂ ਮੈਨੂੰ ਇੱਕ ਗੱਲ ਦੱਸੋ। ਜੇ ਤੁਸੀਂ ਕਿਸੇ ਥਾਂ ਜਾਂਦੇ ਹੋ ਅਤੇ ਤੁਹਾਡੇ ਪੁਰਾਣੇ ਜਾਣਕਾਰ ਹਨ ਤਾਂ ਕੀ ਤੁਸੀਂ ਉਨ੍ਹਾਂ ਨੂੰ ਮਿਲਣਾ ਨਹੀਂ ਚਾਹੋਗੇ? ਇਸ ਤਰ੍ਹਾਂ ਕੀ ਮੈਂ ਉਨ੍ਹਾਂ ਲੋਕਾਂ ਨਾਲ ਕੁਝ ਸਮਾਂ ਨਹੀਂ ਬਿਤਾਉਣਾ ਚਾਹਾਂਗਾ ਜਿਨ੍ਹਾਂ ਨੂੰ ਮੈ 1975 ਤੋਂ ਜਾਣਦਾ ਹਾਂ? ਮੈਨੂੰ ਹੈਰਾਨੀ ਹੈ ਕਿ ਇਸ ’ਚ ਕੀ ਸ਼ੱਕੀ ਹੈ।’ -ਪੀਟੀਆਈ