ਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀ
ਨਵੀਂ ਦਿੱਲੀ: ਚੰਡੀਗੜ੍ਹ ’ਚ ਕੰਸਰਟ ਮਗਰੋਂ ਪੰਜਾਬ ਗਾਇਕਾਂ ਏਪੀ ਢਿੱਲੋਂ ਤੇ ਦਿਲਜੀਤ ਦੋਸਾਂਝ ਵਿਚਾਲੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ, ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਇਹ ਬਹਿਸ ਢਿੱਲੋਂ ਵੱਲੋਂ ਆਪਣੇ ਸ਼ੋਅ ਦੌਰਾਨ ਦਿਲਜੀਤ ਬਾਰੇ ਟਿੱਪਣੀ ਕਰਨ ਮਗਰੋਂ ਸ਼ੁਰੂ ਹੋਈ। ਹਾਲਾਂਕਿ ਇਹ ਵਿਵਾਦ ਦਿਲਜੀਤ ਵੱਲੋਂ ਆਪਣੇ ਪਿਛਲੇ ਸ਼ੋਅ ਦੌਰਾਨ ਗਾਇਕਾਂ ਏਪੀ ਢਿੱਲੋਂ ਤੇ ਕਰਨ ਔਜਲਾ ਦੇ ਹਵਾਲੇ ਨਾਲ ਸਾਥੀ ਕਲਾਕਾਰਾਂ ਬਾਰੇ ਟਿੱਪਣੀ ਕਰਨ ਮਗਰੋਂ ਸ਼ੁਰੂ ਹੋਇਆ ਸੀ। ਇਸੇ ਦੌਰਾਨ ਢਿੱਲੋਂ ਨੇ ਚੰਡੀਗੜ੍ਹ ’ਚ ਆਪਣੇ ਸ਼ੋਅ ਦੌਰਾਨ ਦਿਲਜੀਤ ਦਾ ਹਵਾਲਾ ਦਿੰਦਿਆਂ ਦਰਸ਼ਕਾਂ ਨੂੰ ਸੰਬੋਧਨ ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਉਸ ਨੇ ਦੋਸਾਂਝ ਵੱਲੋਂ ਉਸ ਨੂੰ ਇੰਸਟਾਗ੍ਰਾਮ ’ਤੇ ਕਥਿਤ ਬਲੌਕ ਕਰਨ ਦੀ ਗੱਲ ਆਖੀ। ਇਸ ਦੇ ਤੁਰੰਤ ਬਾਅਦ ਦਿਲਜੀਤ ਨੇ ਏਪੀ ਢਿੱਲੋਂ ਦੇ ਖਾਤੇ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਲਿਖਿਆ, ‘‘ਮੈਂ ਤੈਨੂੰ ਕਦੇ ਬਲੌਕ ਨਹੀਂ ਕੀਤਾ। ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ, ਕਲਾਕਾਰਾਂ ਨਾਲ ਨਹੀਂ।’’ ਦੋਸਾਂਝ ਦੀ ਇੰਸਟਾਗ੍ਰਾਮ ਸਟੋਰੀ ਮਗਰੋਂ ਏਪੀ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦਿਲਜੀਤ ਦੇ ਅਕਾਊਂਟ ਦਾ ਬਲੌਕ ਤੋਂ ਪਹਿਲਾਂ ਤੇ ਬਾਅਦ ਦਾ ਸਟੇਟਸ ਦਿਖਾਈ ਦੇ ਰਿਹਾ ਹੈ। ਇਸ ਦੀ ਕੈਪਸ਼ਨ ’ਚ ਉਸ ਲਿਖਿਆ, ‘‘ਮੈਂ ਕੁਝ ਨਹੀਂ ਕਹਿਣਾ ਪਰ ਘੱਟੋ-ਘੱਟ ਹੁਣ ਅਸੀਂ ਜਾਣਦੇ ਹਾਂ ਕਿ ਸੱਚਾਈ ਕੀ ਹੈ ਤੇ ਕੀ ਨਹੀਂ।’’ -ਏਐੱਨਆਈ