Benegal died: ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ ਦੇਹਾਂਤ
ਮੁੰਬਈ, 24 ਦਸੰਬਰ
ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬੈਨੇਗਲ ਦੀ ਧੀ ਪੀਆ ਨੇ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਨੇਗਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
1970 ਤੇ 1980 ਦੇ ਦਹਾਕੇ ਵਿੱਚ ‘ਅੰਕੁਰ’, ‘ਨਿਸ਼ਾਂਤ’ ਅਤੇ ‘ਮੰਥਨ’ ਵਰਗੀਆਂ ਫਿਲਮਾਂ ਰਾਹੀਂ ਭਾਰਤੀ ਸਿਨੇਮਾ ਵਿੱਚ ਸਮਾਨਾਂਤਰ ਸਿਨੇਮਾ ਦੀ ਸ਼ੁਰੂਆਤ ਕਰਨ ਦਾ ਸਿਹਰਾ ਬੈਨੇਗਲ ਦੇ ਸਿਰ ’ਤੇ ਸੱਜਦਾ ਹੈ। ਪੀਆ ਬੈਨੇਗਲ ਨੇ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਗੁਰਦੇ ਦੀ ਗੰਭੀਰ ਬਿਮਾਰੀ ਕਾਰਨ ਮੁੰਬਈ ਦੇ ਵਾਕਹਾਰਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਉਨ੍ਹਾਂ ਕਿਹਾ, ‘‘ਸ਼ਿਆਮ ਬੈਨੇਗਲ ਦਾ ਸ਼ਾਮ 6.38 ਵਜੇ ਵਾਕਹਾਰਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਈ ਸਾਲਾਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ।’’ ਵਾਕਹਾਰਟ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਬੈਨੇਗਲ ਆਈਸੀਯੂ ਵਿੱਚ ਦਾਖ਼ਲ ਸਨ।
ਆਪਣੇ ਸ਼ਾਨਦਾਰ ਕਰੀਅਰ ਵਿੱਚ ਬੈਨੇਗਲ ਨੇ ਵੱਖ-ਵੱਖ ਮੁੱਦਿਆਂ ’ਤੇ ਫਿਲਮਾਂ, ਦਸਤਾਵੇਜ਼ੀ ਅਤੇ ਟੀਵੀ ਲੜੀਵਾਰ ਬਣਾਉਣ, ਜਿਨ੍ਹਾਂ ਵਿੱਚ ‘ਭਾਰਤ ਇਕ ਖੋਜ’ ਅਤੇ ‘ਸੰਵਿਧਾਨ’ ਸ਼ਾਮਲ ਹਨ।
ਉਨ੍ਹਾਂ 14 ਦਸੰਬਰ ਨੂੰ ਹੀ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਆਪਣੇ ਜਨਮ ਦਿਨ ਮੌਕੇ ਬੈਨੇਗਲ ਨੇ ਪੀਟੀਆਈ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਡਾਇਲਸਿਸ ਲਈ ਆਮ ਹੀ ਹਸਪਤਾਲ ਜਾਣਾ ਪੈਂਦਾ ਹੈ। ਬੈਨੇਗਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਨੀਰਾ ਬੈਨੇਗਲ ਤੇ ਧੀ ਹੈ। ‘ਭੂਮਿਕਾ’, ‘ਜਨੂੰਨ’, ‘ਮੰਡੀ’, ‘ਸੂਰਜ ਕਾ ਸਾਤਵਾਂ ਘੋੜਾ’, ‘ਮੰਮੋ’ ਅਤੇ ‘ਸਰਦਾਰੀ ਬੇਗਮ’ ਨੂੰ ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੀਆਂ ਕਲਾਤਮਕ ਫਿਲਮਾਂ ਵਿੱਚ ਗਿਣਿਆ ਜਾਂਦਾ ਹੈ। -ਪੀਟੀਆਈ