ਤੀਰਅੰਦਾਜ਼ੀ: ਜਾਧਵ ਪਹਿਲੇ ਗੇੜ ’ਚ ਹਾਰਿਆ
ਪੈਰਿਸ:
ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਅੱਜ ਇੱਥੇ ਵਿਅਕਤੀਗਤ ਪੁਰਸ਼ ਰਿਕਰਵ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਚੀਨ ਦੇ ਕਾਓ ਵੇਨਚਾਓ ਖ਼ਿਲਾਫ਼ ਸਿੱਧੇ ਸੈੱਟ ’ਚ ਹਾਰ ਨਾਲ ਪੈਰਿਸ ਓਲੰਪਿਕ ’ਚੋਂ ਬਾਹਰ ਹੋ ਗਿਆ। ਜਾਧਵ ਨੂੰ ਰਾਊਂਡ ਆਫ 64 ਵਿੱਚੋਂ 0-6 (28-29, 29-30, 27-28) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਾਧਵ ਨੇ ਮੁਕਾਬਲੇ ਦੌਰਾਨ ਚਾਰ ਵਾਰ 10 ਅੰਕ ਬਣਾਏ ਪਰ ਚੀਨ ਦਾ ਤੀਰਅੰਦਾਜ਼ ਤਿੰਨਾਂ ਸੈੱਟਾਂ ਵਿੱਚ ਭਾਰਤੀ ਖਿਡਾਰੀ ਨੂੰ ਇੱਕ ਅੰਕ ਨਾਲ ਪਛਾੜਨ ’ਚ ਸਫਲ ਰਿਹਾ। ਜਾਧਵ ਦੀ ਹਾਰ ਨਾਲ ਪੁਰਸ਼ ਵਿਅਕਤੀਗਤ ਮੁਕਾਬਲੇ ਵਿੱਚ ਭਾਰਤੀ ਮੁਹਿੰਮ ਸਮਾਪਤ ਹੋ ਗਈ ਕਿਉਂਕਿ ਤਰੁਣਦੀਪ ਰਾਏ ਅਤੇ ਧੀਰਜ ਬੋਮਦੇਵਰਾ ਪਹਿਲਾਂ ਹੀ ਆਪਣੇ ਨਾਕਆਊਟ ਮੈਚ ਹਾਰ ਚੁੱਕੇ ਹਨ।
ਮਹਿਲਾ ਵਿਅਕਤੀਗਤ ਵਰਗ ਵਿੱਚ ਤਜਰਬੇਕਾਰ ਦੀਪਿਕਾ ਕੁਮਾਰੀ ਅਤੇ 18 ਸਾਲ ਦੀ ਭਜਨ ਕੌਰ ਦੀ ਦਾਅਵੇਦਾਰੀ ਬਰਕਰਾਰ ਹੈ। ਦੋਵੇਂ ਸ਼ਨਿੱਚਰਵਾਰ ਨੂੰ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਖੇਡਣਗੀਆਂ। ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਚੁੱਕੀਆਂ ਹਨ। -ਪੀਟੀਆਈ