For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਸ਼ੀ ਵੱਲੋਂ ਪੈਟਰੋਲਿੰਗ ਬਾਰੇ ਸਮਝੌਤੇ ਦੀ ਤਾਈਦ

07:27 AM Oct 24, 2024 IST
ਮੋਦੀ ਤੇ ਸ਼ੀ ਵੱਲੋਂ ਪੈਟਰੋਲਿੰਗ ਬਾਰੇ ਸਮਝੌਤੇ ਦੀ ਤਾਈਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਜ਼ਾਨ ਵਿਚ ਬਰਿੱਕਸ ਸਿਖਰ ਸੰਮੇਲਨ ਤੋਂ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੈਠਕ ਤੋਂ ਪਹਿਲਾਂ ਰਸਮੀ ਦੁਆ ਸਲਾਮ ਕਰਦੇ ਹੋਏ। -ਫੋੋਟੋ: ਏਐੱਨਆਈ
Advertisement

ਸ਼ਾਂਤੀਪੂਰਨ ਤੇ ਸਥਿਰ ਸਬੰਧਾਂ ਲਈ ਪਰਿਪੱਕਤਾ ਤੇ ਆਪਸੀ ਸਤਿਕਾਰ ਨੂੰ ਜ਼ਰੂਰੀ ਦੱਸਿਆ

ਕਜ਼ਾਨ, 23 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਬਰਿੱਕਸ ਸਿਖਰ ਸੰਮੇਲਨ ਤੋਂ ਪਾਸੇ ਦੁਵੱਲੀ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਪਿਛਲੇ ਪੰਜ ਸਾਲਾਂ ਵਿਚ ਇਹ ਪਲੇਠੀ ਰਸਮੀ ਬੈਠਕ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਸਹਿਮਤੀ ਦਿੱਤੀ ਕਿ ਭਾਰਤ ਤੇ ਚੀਨ ‘ਪਰਿਪੱਕਤਾ ਤੇ ਆਪਸੀ ਸਤਿਕਾਰ’ ਦਿਖਾ ਕੇ ‘ਸ਼ਾਂਤੀਪੂਰਨ ਤੇ ਸਥਿਰ’ ਰਿਸ਼ਤੇ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਖੇਤਰਾਂ ਵਿਚ ਪੈਟਰੋਲਿੰਗ ਪੁਆਇਟਾਂ ਨੂੰ ਲੈ ਕੇ ਬਣੀ ਸਹਿਮਤੀ ਦੀ ਵੀ ਤਾਈਦ ਕੀਤੀ।
ਬੈਠਕ ਦੌਰਾਨ ਸ੍ਰੀ ਮੋਦੀ ਨੇ ਵੱਖਰੇਵਿਆਂ ਤੇ ਝਗੜੇ ਝੇੜਿਆਂ ਨੂੰ ਸਹੀ ਤਰੀਕੇ ਨਾਲ ਨਜਿੱਠਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਵਜ੍ਹਾ ਨਾ ਬਣਨ ਦਿੱਤਾ ਜਾਵੇ। ਸ੍ਰੀ ਮੋਦੀ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘‘ਭਾਰਤ ਤੇ ਚੀਨ ਦੇ ਰਿਸ਼ਤੇ ਦੋਵਾਂ ਮੁਲਕਾਂ ਦੇ ਲੋਕਾਂ, ਅਤੇ ਖੇਤਰੀ ਤੇ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਅਹਿਮ ਹਨ।’’ ਉਨ੍ਹਾਂ ਕਿਹਾ, ‘‘ਆਪਸੀ ਵਿਸ਼ਵਾਸ, ਸਤਿਕਾਰ ਤੇ ਸੰਵੇਦਨਸ਼ੀਲਤਾ ਦੁਵੱਲੇ ਰਿਸ਼ਤਿਆਂ ਨੂੰ ਸੇਧ ਦੇਣਗੇ।’’
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਆਪੋ ਆਪਣੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਮਿਲਣ ਤੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ। ਉਨ੍ਹਾਂ ਕਿਹਾ, ‘‘ਅਸੀਂ ਆਸ ਕਰਦੇ ਹਾਂ ਕਿ ਵਿਸ਼ੇਸ਼ ਪ੍ਰਤੀਨਿਧਾਂ ਦੀ ਅਗਲੀ ਬੈਠਕ ਢੁੁਕਵੇਂ ਸਮੇਂ ’ਤੇ ਹੋਵੇਗੀ।’’ ਵਿਦੇਸ਼ ਸਕੱਤਰ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਰਣਨੀਤਕ ਤੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੁਵੱਲੇ ਰਿਸ਼ਤਿਆਂ ਉੱਤੇ ਨਜ਼ਰਸਾਨੀ ਕੀਤੀ ਅਤੇ ਦੋਵਾਂ ਆਗੂਆਂ ਦਾ ਮੰਨਣਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਸਥਿਰ ਰਿਸ਼ਤਿਆਂ ਦਾ ਖੇਤਰੀ ਅਤੇ ਆਲਮੀ ਸ਼ਾਂਤੀ ਤੇ ਖੁਸ਼ਹਾਲੀ ਉੱਤੇ ਸਕਾਰਾਤਮਕ ਅਸਰ ਪਏਗਾ। ਮਿਸਰੀ ਨੇ ਕਿਹਾ ਕਿ ਮੋਦੀ ਤੇ ਸ਼ੀ ਨੇ ਜ਼ੋਰ ਦਿੱਤਾ ਕਿ ਪਰਿਪੱਕਤਾ ਤੇ ਸਮਝਦਾਰੀ ਅਤੇ ਇਕ ਦੂਜੇ ਪ੍ਰਤੀ ਆਪਸੀ ਸਤਿਕਾਰ ਦਿਖਾਉਣ ਨਾਲ ਭਾਰਤ ਤੇ ਚੀਨ ਦੇ ਸ਼ਾਂਤੀਪੂਰਨ ਤੇ ਸਥਿਰ ਸਬੰਧ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਅਮਨ ਦੀ ਬਹਾਲੀ ਨਾਲ ਰਿਸ਼ਤਿਆਂ ਨੂੰ ਆਮ ਵਾਂਗ ਕਰਨ ਦੀ ਦਿਸ਼ਾ ਵੱਲ ਮੋੜਾ ਪਏਗਾ। ਬੈਠਕ ਇਕ ਘੰਟੇ ਦੇ ਕਰੀਬ ਚੱਲੀ। ਪਿਛਲੇ ਪੰਜ ਸਾਲਾਂ ਵਿਚ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਰਸਮੀ ਬੈਠਕ ਹੈ।
ਮੋਦੀ ਤੇ ਸ਼ੀ ਅਜਿਹੇ ਮੌਕੇ ਇਕ ਦੂਜੇ ਦੇ ਰੂਬਰੂ ਹੋਏ ਹਨ ਜਦੋਂ ਅਜੇ ਦੋ ਦਿਨ ਪਹਿਲਾਂ ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਨਾਲ ਪਿਛਲੇ ਚਾਰ ਸਾਲਾਂ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਬਣੇ ਜਮੂਦ ਨੂੰ ਤੋੜਦਿਆਂ ਕੁਝ ਪੈਟਰੋਲਿੰਗ (ਗਸ਼ਤ) ਪੁਆਇੰਟਾਂ ਉੱਤੇ ਮਈ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਸਹਿਮਤੀ ਦਿੱਤੀ ਹੈ।
ਇਸ ਤੋਂ ਪਹਿਲਾਂ ਮੋਦੀ ਤੇ ਸ਼ੀ ਨੇ ਨਵੰਬਰ 2022 ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵੱਲੋਂ ਜੀ20 ਆਗੂਆਂ ਦੇ ਮਾਣ ਵਿਚ ਦਿੱਤੇ ਰਾਤਰੀ ਭੋਜ ਮੌਕੇ ਰਸਮੀ ਦੁਆ ਸਲਾਮ ਤੇ ਸੰਖੇਪ ਗੱਲਬਾਤ ਕੀਤੀ ਸੀ। ਪਿਛਲੇ ਸਾਲ ਅਗਸਤ ਵਿਚ ਵੀ ਭਾਰਤੀ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਨੇ ਜੌਹੈੱਨਸਬਰਗ ਵਿਚ ਬਰਿੱਕਸ (ਬ੍ਰਾਜ਼ੀਲ-ਰੂਸ-ਇੰਡੀਆ-ਚੀਨ-ਦੱਖਣੀ ਅਫ਼ਰੀਕਾ) ਵਾਰਤਾ ਤੋਂ ਇਕਪਾਸੇ ਸੰਖੇਪ ਤੇ ਗੈਰਰਸਮੀ ਗੁਫ਼ਤਗੂ ਕੀਤੀ ਸੀ। ਦੋਵਾਂ ਆਗੂਆਂ ਨੇ ਆਖਰੀ ਵਾਰ ਅਕਤੂਬਰ 2019 ਵਿਚ ਮਾਮੱਲਾਪੁਰਮ ਵਿਚ ਦੂਜੀ ਗੈਰਰਸਮੀ ਗੱਲਬਾਤ ਦੌਰਾਨ ਢਾਂਚਾਗਤ ਬੈਠਕ ਕੀਤੀ ਸੀ। ਪੂਰਬੀ ਲੱਦਾਖ ਦੀ ਸਰਹੱਦ ਉੱਤੇ ਚੀਨ ਨਾਲ ਵਿਵਾਦ ਮਈ 2020 ਵਿਚ ਦੋਵਾਂ ਦੇਸ਼ਾਂ ਦੇ ਸਲਾਮਤੀ ਦਸਤਿਆਂ ਦਰਮਿਆਨ ਗਲਵਾਨ ਵਾਦੀ ਵਿਚ ਹਿੰਸਕ ਝੜਪ ਨਾਲ ਸ਼ੁਰੂ ਹੋਇਆ ਸੀ। -ਪੀਟੀਆਈ

Advertisement

ਬਰਿੱਕਸ ਮੁਲਕ ਵਪਾਰ ਅਤੇ ਵਿੱਤੀ ਲੈਣ-ਦੇਣ ਸਥਾਨਕ ਕਰੰਸੀਆਂ ’ਚ ਕਰਨ ’ਤੇ ਸਹਿਮਤ

ਕਜ਼ਾਨ: ਬਰਿੱਕਸ ਮੁਲਕਾਂ ਨੇ ਅੱਜ ਕਾਰੋਬਾਰ ਅਤੇ ਵਿੱਤੀ ਲੈਣ-ਦੇਣ ਸਥਾਨਕ ਕਰੰਸੀਆਂ ’ਚ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਆਗੂਆਂ ਨੇ ਸਾਂਝੇ ਤੌਰ ’ਤੇ ਨਿਊ ਡਿਵੈਲਪਮੈਂਟ ਬੈਂਕ ਵਿਕਸਤ ਕਰਨ ’ਤੇ ਵੀ ਸਹਿਮਤੀ ਜਤਾਈ ਅਤੇ ਬਰਿੱਕਸ ਦੀ ਅਗਵਾਈ ਹੇਠਲੇ ਬੈਂਕ ਦੀ ਮੈਂਬਰਸ਼ਿਪ ਵਧਾਉਣ ਦੀ ਹਮਾਇਤ ਕੀਤੀ। ਸਿਖਰ ਸੰਮੇਲਨ ਮਗਰੋਂ ਜਾਰੀ ਐਲਾਨਨਾਮੇ ’ਚ ਆਗੂਆਂ ਨੇ ਬਰਿੱਕਸ ਅੰਦਰ ਵਿੱਤੀ ਸਹਿਯੋਗ ਵਧਾਉਣ ਪ੍ਰਤੀ ਵਚਨਬੱਧਤਾ ਦੁਹਰਾਈ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਉਹ ਵਪਾਰ ਦੇ ਅੜਿੱਕੇ ਘਟਾਉਣ ਅਤੇ ਬਿਨਾਂ ਪੱਖਪਾਤ ਪਹੁੰਚ ਦੇ ਸਿਧਾਂਤ ਉੱਤੇ ਤਿਆਰ ਸੁਰੱਖਿਅਤ ਅਤੇ ਸਰਹੱਦ ਪਾਰ ਭੁਗਤਾਨ ਉਤਪਾਦਾਂ ਦੇ ਵੱਡੇ ਲਾਭ ਨੂੰ ਸਮਝਦੇ ਹਨ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਭਾਰਤ ਦਾ ਆਰਥਿਕ ਵਿਕਾਸ ਕਈ ‘ਬਰਿੱਕਸ’ ਦੇਸ਼ਾਂ ਲਈ ਮਿਸਾਲ ਹੈ। ਪੂਤਿਨ ਨੇ ਤਿੰਨ ਰੋਜ਼ਾ ਸਿਖਰ ਵਾਰਤਾ ਵਿਚ ਸ਼ਮੂਲੀਅਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਸਿਖਰ ਵਾਰਤਾ ਦੌਰਾਨ ਬਰਿੱਕਸ ਮੁਲਕਾਂ ਨੇ ਵਪਾਰ ਤੇ ਵਿੱਤੀ ਲੈਣ ਦੇਣ ਦੀ ਸੈਟਲਮੈਂਟ ਸਥਾਨਕ ਕਰੰਸੀਆਂ ਵਿਚ ਕਰਨ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਦਿੱਤੀ। ਪੂਤਿਨ ਨੇ ਕਿਹਾ ਕਿ 30 ਤੋਂ ਵੱਧ ਮੁਲਕਾਂ ਨੇ ਇਸ ਸਮੂਹ ਵਿਚ ਸ਼ਾਮਲ ਹੋਣ ਦੀ ਇੱਛਾ ਜਤਾਈ ਹੈ। -ਪੀਟੀਆਈ

Advertisement

ਭਾਰਤ ਜੰਗ ਦਾ ਨਹੀਂ, ਸੰਵਾਦ ਅਤੇ ਕੂਟਨੀਤੀ ਦਾ ਹਮਾਇਤੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਜ਼ਾਨ ’ਚ ਬਰਿੱਕਸ ਸੰਮੇਲਨ ’ਚ ਹਿੱਸਾ ਲੈਂਦੇ ਹੋਏ। -ਫੋਟੋ: ਏਐੱਨਆਈ

ਕਜ਼ਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਦਾ ਗੱਲਬਾਤ ਜ਼ਰੀਏ ਸ਼ਾਂਤੀਪੂਰਨ ਹੱਲ ਕੱਢਣ ਦਾ ਸੱਦਾ ਦਿੰਦਿਆਂ ਅੱਜ ਬਰਿੱਕਸ ਸਿਖਰ ਸੰਮੇਲਨ ਵਿਚ ਕਿਹਾ ਕਿ ਭਾਰਤ ਜੰਗ ਦਾ ਨਹੀਂ ਬਲਕਿ ਸੰਵਾਦ ਤੇ ਕੂਟਨੀਤੀ ਦਾ ਹਮਾਇਤੀ ਹੈ। ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਜੰਗ, ਆਰਥਿਕ ਬੇਯਕੀਨੀ, ਵਾਤਾਵਰਨ ਤਬਦੀਲੀ ਤੇ ਅਤਿਵਾਦ ਜਿਹੀਆਂ ਚੁਣੌਤੀਆਂ ਨਾਲ ਜੁੜੇ ਫ਼ਿਕਰਾਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਬਰਿੱਕਸ ਕੁੱਲ ਆਲਮ ਨੂੰ ਸਹੀ ਰਾਹ ਉੱਤੇ ਪਾਉਣ ਲਈ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਜੰਗ ਦੀ ਨਹੀਂ ਬਲਕਿ ਸੰਵਾਦ ਤੇ ਕੂਟਨੀਤੀ ਦੀ ਹਮਾਇਤ ਕਰਦੇ ਹਾਂ। ਅਤੇ ਹੁਣ ਜਦੋਂ ਅਸੀਂ ਮਿਲ ਕੇ ਕੋਵਿਡ ਜਿਹੀ ਚੁਣੌਤੀ ਨੂੰ ਸਰ ਕੀਤਾ ਹੈ, ਯਕੀਨੀ ਤੌਰ ਉੱਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ, ਮਜ਼ਬੂਤ ਤੇ ਖ਼ੁਸ਼ਹਾਲ ਭਵਿੱਖ ਯਕੀਨੀ ਬਣਾ ਸਕਦੇ ਹਾਂ।’’ ਸਿਖਰ ਸੰਮੇਲਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਸਣੇ ਬਰਿੱਕਸ ਮੁਲਕਾਂ ਦੇ ਸਿਖਰਲੇ ਆਗੂ ਸ਼ਾਮਲ ਸਨ। ਪ੍ਰਧਾਨ ਮੰਤਰੀ ਮੋਦੀ ਨੇ ਅਤਿਵਾਦ ਨਾਲ ਸਿੱਝਣ ਲਈ ਸਾਂਝੇ ਆਲਮੀ ਯਤਨਾਂ ਦੀ ਵਕਾਲਤ ਕੀਤੀ ਤੇ ਸਾਫ਼ ਕਰ ਦਿੱਤਾ ਕਿ ਇਸ ਅਲਾਮਤ ਨਾਲ ਲੜਨ ਲਈ ਕਿਸੇ ਤਰ੍ਹਾਂ ਦੇ ‘ਦੋਹਰੇ ਮਾਪਦੰਡ’ ਨਾ ਅਪਣਾਏ ਜਾਣ। ਉਨ੍ਹਾਂ ਕਿਹਾ, ‘‘ਅਤਿਵਾਦ ਤੇ ਟੈਰਰ ਫੰਡਿੰਗ ਦੇ ਟਾਕਰੇ ਲਈ ਸਾਨੂੰ ਇਕਮਤ ਤੇ ਸਾਰਿਆਂ ਦੀ ਦ੍ਰਿੜ੍ਹ ਹਮਾਇਤ ਦੀ ਲੋੜ ਹੈ। ਇਸ ਗੰਭੀਰ ਮਸਲੇ ਉੱਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੈ।
ਸ੍ਰੀ ਮੋਦੀ ਨੇ ਕਿਹਾ, ‘‘ਸਾਨੂੰ ਆਪੋ ਆਪਣੇ ਮੁਲਕਾਂ ਵਿਚ ਨੌਜਵਾਨਾਂ ਨੂੰ ਕੱਟੜਵਾਦ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਨਹੀਂ ਸਰਗਰਮ ਪੇਸ਼ਕਦਮੀ ਦੀ ਲੋੜ ਹੈ। ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਬਾਰੇ ਯੂਐੱਨ ਵਿਚ ਲੰਮੇ ਸਮੇਂ ਤੋਂ ਬਕਾਇਆ ਮਸਲੇ ਬਾਰੇ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਸੇ ਤਰ੍ਹਾਂ ਸਾਨੂੰ ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਏਆਈ ਲਈ ਆਲਮੀ ਨੇਮਾਂ ਉੱਤੇ ਕੰਮ ਕਰਨ ਦੀ ਲੋੜ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਰਿੱਕਸ ਵਿਚ ਭਾਈਵਾਲ ਮੁਲਕਾਂ ਵਜੋਂ ਨਵੇਂ ਦੇਸ਼ਾਂ ਦੇ ਸਵਾਗਤ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਇਸ ਬਾਬਤ ਸਾਰੇ ਫੈਸਲੇ ਸਹਿਮਤੀ ਨਾਲ ਲਏ ਜਾਣੇ ਚਾਹੀਦੇ ਹਨ ਤੇ ਬਰਿੱਕਸ ਦੇ ਬਾਨੀ ਮੈਂਬਰਾਂ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਜਾਵੇ।’’ ਸ੍ਰੀ ਮੋਦੀ ਨੇ ਕਿਹਾ, ‘‘ਜੌਹੈੱਨਸਬਰਗ ਵਾਰਤਾ ਦੌਰਾਨ ਅਪਣਾਏ ਰਾਹ ਦਸੇਰੇ ਸਿਧਾਂਤਾਂ, ਮਾਪਦੰਡਾਂ, ਮੂਲ ਤੱਤਾਂ ਤੇ ਪ੍ਰਕਿਰਿਆ ਦੀ ਸਾਰੇ ਮੈਂਬਰਾਂ ਤੇ ਭਾਈਵਾਲ ਮੁਲਕਾਂ ਵੱਲੋਂ ਪਾਲਣਾ ਕੀਤੀ ਜਾਵੇ।’’ ਪ੍ਰਧਾਨ ਮੰਤਰੀ ਨੇ ਯੂਐੱਨ ਸਲਾਮਤੀ ਕੌਂਸਲ ਤੇ ਹੋਰਨਾਂ ਆਲਮੀ ਸੰਸਥਾਵਾਂ ਵਿਚ ਸੁਧਾਰਾਂ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਸਾਨੂੰ ਨਿਰਧਾਰਿਤ ਸਮੇਂ ਵਿਚ ਯੂਐੱਨ ਸਲਾਮਤੀ ਕੌਂਸਲ, ਬਹੁਪੱਖੀ ਵਿਕਾਸ ਬੈਂਕਾਂ ਤੇ ਡਬਲਿਊਟੀਓ ਜਿਹੀਆਂ ਆਲਮੀ ਸੰਸਥਾਵਾਂ ਵਿਚ ਸੁਧਾਰਾਂ ਦੀ ਦਿਸ਼ਾ ਵਿਚ ਅੱਗੇ ਵਧਣਾ ਹੋਵੇਗਾ। ਸ੍ਰੀ ਮੋਦੀ ਨੇ ਦਲੀਲ ਦਿੱਤੀ ਕਿ ਆਲਮੀ ਦੱਖਣ ਦੇ ਮੁਲਕਾਂ ਦੀਆਂ ਇੱਛਾਵਾਂ ਤੇ ਆਸਾਂ ਉਮੀਦਾਂ ਨੂੰ ਵੀ ਜ਼ਹਿਨ ਵਿਚ ਰੱਖਿਆ ਜਾਵੇ। ਉਨ੍ਹਾਂ ਕਿਹਾ, ‘‘ਸਾਡੀ ਵੰਨ-ਸੁਵੰਨਤਾ, ਇਕ ਦੂਜੇ ਪ੍ਰਤੀ ਸਤਿਕਾਰ ਤੇ ਇਕਮੱਤ ਦੇ ਅਧਾਰ ਉੱਤੇ ਅੱਗੇ ਵਧਣ ਦੀ ਸਾਡੀ ਰਵਾਇਤ...ਸਾਡੇ ਸਹਿਯੋਗ ਦਾ ਅਧਾਰ ਹੈ।’’ -ਪੀਟੀਆਈ

Advertisement
Author Image

Advertisement