For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਵਿੱਚ ਪੰਜ ਕਾਰੋਬਾਰੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ

07:05 AM Sep 20, 2024 IST
ਸੰਗਰੂਰ ਵਿੱਚ ਪੰਜ ਕਾਰੋਬਾਰੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ
ਸੰਗਰੂਰ ’ਚ ਕਾਰੋਬਾਰੀਆਂ ਨੂੰ ਮਨਜ਼ੂਰੀ ਪੱਤਰ ਦਿੰਦੇ ਹੋਏ ਡੀਸੀ ਸੰਦੀਪ ਰਿਸ਼ੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਸਤੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜ ਕਾਰੋਬਾਰੀਆਂ ਵੱਲੋਂ 11.64 ਕਰੋੜ ਰੁਪਏ ਦੀ ਲਾਗਤ ਨਾਲ ਆਪੋ-ਆਪਣੀਆਂ ਸਨਅਤਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਰੋਬਾਰੀਆਂ ਨੂੰ ‘ਰਾਈਟ ਟੂ ਬਿਜ਼ਨਸ’ ਤਹਿਤ ਪਲਾਂਟ ਸਥਾਪਤ ਕਰਨ ਲਈ ਮਨਜ਼ੂਰੀ ਪੱਤਰ ਵੰਡਣ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਸਨਅਤਕਾਰਾਂ ਦੀ ਭਲਾਈ ਲਈ ਸਮਰਪਿਤ ਸਿੰਗਲ ਵਿੰਡੋ ਪ੍ਰਣਾਲੀ ਪੂਰੇ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉੱਦਮੀਆਂ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਨਿਵੇਸ਼ ਕਰ ਕੇ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਇੱਥੋਂ ਦੇ ਫੋਕਲ ਪੁਆਇੰਟ ਵਿੱਚ ‘ਇੰਡਸਟਰੀ ਫੈਸੀਲਿਟੇਸ਼ਨ ਵਿੰਡੋ’ ਵੀ ਪਾਇਲਟ ਪ੍ਰਾਜੈਕਟ ਵਜੋਂ ਸਥਾਪਤ ਕੀਤੀ ਗਈ ਹੈ ਜਿੱਥੇ ਇੱਕੋ ਛੱਤ ਥੱਲੇ ਕਾਰੋਬਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਡੀਸੀ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਕਾਰੋਬਾਰੀਆਂ ਨੂੰ ਉਦਯੋਗਿਕ ਸ਼ਾਂਤੀ ਅਤੇ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜੋ ਸਨਅਤਾਂ ਦੇ ਸਰਵਪੱਖੀ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਨੂੰ ਹੋਰ ਹੁਲਾਰਾ ਦੇ ਰਿਹਾ ਹੈ। ਉਨ੍ਹਾਂ ਹੋਰਨਾਂ ਉੱਦਮੀਆਂ ਨੂੰ ਵੀ ਸੰਗਰੂਰ ਜ਼ਿਲ੍ਹੇ ਵਿੱਚ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਚੰਗੇ ਬੁਨਿਆਦੀ ਢਾਂਚੇ, ਹੁਨਰਮੰਦ ਮਨੁੱਖੀ ਵਸੀਲਿਆਂ ਤੇ ਬਿਹਤਰੀਨ ਉਦਯੋਗਿਕ ਤੇ ਕੰਮਕਾਜੀ ਸੱਭਿਆਚਾਰ ਦੇ ਅਨੁਕੂਲ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਮਿਲਣ ਨਾਲ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਸੰਗਰੂਰ ਜ਼ਿਲ੍ਹੇ ਵਿੱਚ ਸਥਾਪਤ ਹੋਣ ਵਾਲੀਆਂ ਇਨ੍ਹਾਂ ਨਵੀਆਂ ਯੂਨਿਟਾਂ ਵਿੱਚ ਰਾਧੇ ਸੋਵੈਕਸ, ਜੀ.ਐੱਮ. ਪਾਵਰ, ਕਲਾਸਿਕ ਕਿਚਨ, ਨੰਬਰਦਾਰ ਪਲਾਸਟਿਕ ਫੈਕਟਰੀ ਅਤੇ ਜੈਨ ਫੂਡ ਦੇ ਨਾਂ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਸੰਗਰੂਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement