ਦਿੱਲੀ ਸਣੇ ਸੱਤ ਹਾਈ ਕੋਰਟਾਂ ਦੇ ਚੀਫ ਜਸਟਿਸ ਨਿਯੁਕਤ
ਨਵੀਂ ਦਿੱਲੀ, 21 ਸਤੰਬਰ
ਦਿੱਲੀ ਸਮੇਤ ਅੱਜ ਸੱਤ ਹਾਈ ਕੋਰਟਾਂ ਦੇ ਚੀਫ ਜਸਟਿਸ ਨਿਯੁਕਤ ਕੀਤੇ ਗਏ ਹਨ। ਇਹ ਨਿਯੁਕਤੀਆਂ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਮੰਗਲਵਾਰ ਨੂੰ 11 ਜੁਲਾਈ ਦੀਆਂ ਕੁੱਝ ਸਿਫ਼ਾਰਸ਼ਾਂ ਵਿੱਚ ਸੋਧ ਕੀਤੇ ਜਾਣ ਮਗਰੋਂ ਕੀਤੀਆਂ ਗਈਆਂ ਹਨ। ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜਸਟਿਸ ਮਨਮੋਹਨ ਨੂੰ ਚੀਫ ਜਸਟਿਸ ਬਣਾਇਆ ਗਿਆ ਹੈ, ਜਦੋਂਕਿ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਰਾਜੀਵ ਸ਼ਕਧਰ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਹੈ। ਇਸੇ ਤਰ੍ਹਾਂ ਬੰਬੇ ਹਾਈ ਕੋਰਟ ਦੇ ਜੱਜਾਂ ਜਸਟਿਸ ਨਿਤਿਨ ਮਧੂਕਰ ਜਾਮਦਾਰ ਅਤੇ ਜਸਟਿਸ ਕੇ ਆਰ ਸ਼੍ਰੀਰਾਮ ਨੂੰ ਕ੍ਰਮਵਾਰ ਕੇਰਲਾ ਹਾਈ ਕੋਰਟ ਅਤੇ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਕਲਕੱਤਾ ਹਾਈ ਕੋਰਟ ਦੇ ਜੱਜ ਜਸਟਿਸ ਇੰਦਰਾ ਪ੍ਰਸੰਨਾ ਮੁਕਰਜੀ ਨੂੰ ਮੇਘਾਲਿਆ ਹਾਈ ਕੋਰਟ ਦਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਜਸਟਿਸ ਤਾਸ਼ੀ ਰਾਬਸਤਾਨ ਨੂੰ ਇਸੇ ਅਦਾਲਤ ਦੇ ਚੀਫ ਜਸਟਿਸ ਲਾਇਆ ਗਿਆ ਹੈ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਸੁਰੇਸ਼ ਕੁਮਾਰ ਕੈਤ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਤਰੱਕੀ ਦਿੱਤੀ ਗਈ ਹੈ। -ਪੀਟੀਆਈ