ਪਾਣੀ ਨੂੰ ਅਰਜ਼
ਸ਼ੇਖਰ ਤਲਵੰਡੀ
ਮੁੱਢੋਂ ਪਾਈ ਬੰਦੇ ਨਾਲ, ਸਾਂਝ ਤੂੰ ਨਿਭਾਈਂ ਵੇ।
ਪਾਣੀਆਂ ਤੂੰ ਸਾਨੂੰ ’ਕੱਲੇ ਛੱਡ ਕੇ ਨਾ ਜਾਈਂ ਵੇ।
ਤੇਰੇ ਕੰਢੇ ਆਦਮ ਨੇ, ਪਹਿਲੀ ਝੁੱਗੀ ਪਾਈ ਸੀ।
ਵਰ੍ਹਿਆ ਤੂੰ ਨੂਰ ਬਣ, ਦੁਨੀਆ ਤਿਹਾਈ ਸੀ।
ਕਲ਼ ਕਲ਼ ਆਪਣੀ ਤੂੰ, ਫੇਰ ਤੋਂ ਸੁਣਾਈਂ ਵੇ।
ਪਾਣੀਆਂ ਤੂੰ ਸਾਨੂੰ ’ਕੱਲੇ ਛੱਡ ਕੇ ਨਾ ਜਾਈਂ ਵੇ।
ਬਾਲ ਦੀਵੇ ਲੋਕ ਤੇਰੀ, ਆਰਤੀ ਉਤਾਰਦੇ।
ਦੇ ਦੇ ਕੇ ਜ਼ਹਿਰ ਉਹੀ, ਪਾਪੀ ਤੈਨੂੰ ਮਾਰਦੇ।
ਸਾਹ ਪਾਉਣਿਆਂ! ਤੂੰ ਸਾਹ, ਆਪਣੇ ਬਚਾਈਂ ਵੇ।
ਪਾਣੀਆਂ ਤੂੰ ਸਾਨੂੰ ’ਕੱਲੇ ਛੱਡ ਕੇ ਨਾ ਜਾਈਂ ਵੇ।
ਬੇਘਰ ਕੀਤਾ ਤੈਨੂੰ, ਧਰਤ ਨਿਚੋੜ ਕੇ।
ਗੁੰਮ ਸਿਰਨਾਵਾਂ ਮੈਂ, ਲਿਆਵਾਂ ਕਿੱਥੋਂ ਮੋੜ ਕੇ।
ਆਉਣਾ ਏ ਮਨਾਉਣ ਜ਼ਰਾ, ਪਤਾ ਤੂੰ ਲਿਖਾਈਂ ਵੇ।
ਪਾਣੀਆਂ ਤੂੰ ਸਾਨੂੰ ’ਕੱਲੇ ਛੱਡ ਕੇ ਨਾ ਜਾਈਂ ਵੇ।
ਬਣ ਜਾਵੀਂ ਨਾ ਸਫ਼ਾ, ਇਤਿਹਾਸ ਦੀ ਕਿਤਾਬ ਦਾ।
ਜੇ ਤੂੰ ਨਾ ਹੋਇਆ, ਕੀ ਬਣੂ ਪੰਜ ਆਬ ਦਾ।
ਵਗੀਂ ਵਹਿਣ ਆਪਣੇ, ਅੱਖਾਂ ’ਚੋਂ ਨਾ ਆਈਂ ਵੇ।
ਪਾਣੀਆਂ ਤੂੰ ਸਾਨੂੰ ’ਕੱਲੇ ਛੱਡ ਕੇ ਨਾ ਜਾਈਂ ਵੇ।
ਸੰਪਰਕ: 98155-63764
* * *
ਨਵੀਂ ਕਹਾਣੀ ਕਾਂ ਵਾਲੜੀ
ਗੁਰਿੰਦਰ ਸਿੰਘ ਸੰਧੂਆਂ
ਨਵੀਂ ਕਹਾਣੀ ਕਾਂ ਵਾਲੜੀ ਤੁਸੀਂ ਭਰਾਵੋ ਸੁਣ ਲਓ।
ਡੂੰਘੇ ਹੋਗੇ ਨੀਰ ਵੀਰਨੋ ਨਵਾਂ ਤਰੀਕਾ ਚੁਣ ਲਓ।
ਜਲਾਂ ਬਾਝੋਂ ਪੰਛੀ ਤੜਫ਼ਣ ਹੋਗੀ ਅਜਬ ਕਹਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ, ਤੜਫ਼ੂ ਜਿੰਦ ਨਿਮਾਣੀ।
ਜਲ ਦੇ ਵੈਰੀ ਤੁਸੀਂ ਬਣ ਗਏ ਕਹਿ ਕਹਿ ਥੱਕੇ ਗਿਆਨੀ।
ਖਿੱਚੀ ਜਾਂਦੇ ਧਰਤ ’ਚੋਂ ਪਾਣੀ ਲੱਗਦੀ ਨਹੀਂ ਦੁਆਨੀ।
ਇੱਕ ਦਿਨ ਤੈਨੂੰ ਹਰਨਾ ਪੈਣਾ ਜੇ ਨਾ ਗੱਲ ਪਛਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਫਸਲੀ ਚੱਕਰ ਵਿਗੜਿਆ ਸਾਡਾ ਝੋਰਾ ਏਸੇ ਗੱਲ ਦਾ।
ਵਿੱਚ ਦੇਸ਼ ਦੇ ਕੰਮ ਨੀ ਕਰਦੇ ਹੋਇਆ ਵਿਦੇਸ਼ੀ ਵੱਲ ਦਾ।
ਪਸ਼ੂ ਜੀਵ ਤਾਂ ਵਿੱਚ ਇਸ਼ਾਰੇ ਦੱਸਦੇ ਜਗਤ ਪ੍ਰਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਵਿੱਚ ਘੜੇ ਦੇ ਕੰਕਰ ਪਾ ਕੇ ਪਾਣੀ ਬਾਹਰ ਨ ਆਵੇ।
ਭੁੱਖ ਦੇ ਨਾਲ ਸਤਾਇਆ ਪੰਛੀ ਲਾੜੀ ਮੌਤ ਵਿਹਾਵੇ।
ਬੜਾ ਕੀਮਤੀ ਸੋਮਾ ਸਾਡਾ ਮੁੱਕਦਾ ਜਾਵੇ ਪਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਪੀਰ ਪੈਗੰਬਰ ਪਹਿਲੇ ਸਮਿਆਂ ਤੀਰਥ ਨਾਵਣ ਜਾਂਦੇ।
ਸੌ ਰੋਗਾਂ ਦੀ ਇੱਕ ਸੀ ਦਾਰੂ ਜੜੀ ਬੂਟੀਆਂ ਖਾਂਦੇ।
ਜਲ ਜੀਵਨ ਆਧਾਰ ਜਗਤ ’ਤੇ ਵਰਤਣ ਚਾਰੇ ਖਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਪੰਜ ਤੱਤ ਤੋਂ ਬੁੱਤ ਸਾਜਿਆ ਇਹ ਮਿੱਟੀ ਦੀ ਢੇਰੀ।
ਮਾਨਸ ਜਨਮ ਅਮੋਲਕ ਹੀਰਾ ਮੁੜ ਨੀ ਪਾਉਣੀ ਫੇਰੀ।
ਹਵਾ ਪਾਣੀ ਜਦੋਂ ਵਿਗੜਦੇ ਉਲਝ ਜਾਂਵਦੀ ਤਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਆਖ਼ਰ ਦੇ ਵਿੱਚ ਅਰਜ਼ ਹਮਾਰੀ ਹੱਥ ਅਕਲ ਨੂੰ ਮਾਰੋ।
ਹੋਸ਼ ਟਿਕਾਣੇ ਰੱਖ ਕੇ ਭਾਈ ਸਾਰੇ ਗੱਲ ਵਿਚਾਰੋ।
ਬਿਨ ਪਾਣੀ ਦੇ ਤੜਫ਼ਦੀ ਵੇਖੀਂ ਜਲ ਦੀ ਸੁੰਦਰ ਰਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਆਓ ਸਾਰੇ ’ਕੱਠੇ ਹੋ ਕੇ ਆਪਾਂ ਜਲ ਬਚਾਈਏ।
ਇੱਕ ਬੰਦੇ ਦਾ ਕੰਮ ਨਾ ਵੀਰੋ ਸਮਝੀਏ ਸਮਝਾਈਏ।
ਗੱਲ ਪਤੇ ਦੀ ਸੰਧੂਆਂ ਆਖੇ ਸੱਚੀ ਝੂਠ ਨਾ ਜਾਣੀ।
ਜਲ ਨਾ ਮਿਲਿਆ ਜਦੋਂ ਸੱਜਣੋਂ ਤੜਫ਼ੂ ਜਿੰਦ ਨਿਮਾਣੀ।
ਸੰਪਰਕ: 94630-27466
* * *
ਰੁੱਖ ਧਰਤੀ ’ਤੇ ਸੁਰਗ ਬਣਾਉਂਦੇ
ਅਮਰਪ੍ਰੀਤ ਸਿੰਘ ਝੀਤਾ
ਜੇ ਮੈਂ ਦਿੰਦਾ ਡੇਟਾ ਹੁੰਦਾ,
ਮੈਨੂੰ ਹਰ ਘਰ ਲੋਕ ਲਗਾਉਂਦੇ।
ਪਰ ਮੈਂ ਦਿੰਦਾ ਸਾਫ਼ ਹਵਾ ਹਾਂ,
ਤਾਂ ਹੀ ਮੁੱਲ ਭੋਰਾ ਨਾ ਪਾਉਂਦੇ।
ਜੇ ਪੱਤ ਮੇਰੇ ਵਿਕਦੇ ਹੁੰਦੇ,
ਫਿਰ ਥਾਂ ਥਾਂ ਕਾਹਤੋਂ ਰੁਲਦੇ,
ਬੈਂਕਾਂ ਵਿੱਚ ਫਿਰ ਸਾਂਭੇ ਹੁੰਦੇ,
ਜਿਉਂ ਨੋਟ ਜਮ੍ਹਾਂ ਲੋਕ ਕਰਾਉਂਦੇ।
ਕਾਹਲ ਬੰਦੇ ਦੀ ਉਸ ਨੂੰ ਖਾਵੇ,
ਜਿਉਂ ਘੁਣ ਮੈਨੂੰ ਹੈ ਖਾਂਦਾ,
ਛਾਵੇਂ ਬਹਿ ਕੇ ਸੁਣ ਪੱਤਿਆਂ ਨੂੰ,
ਤੈਨੂੰ ਕੋਈ ਗੀਤ ਸੁਣਾਉਂਦੇ।
ਹੁੰਦੇ ਪੈਰ ਚੱਲਣ ਨੂੰ ਮੇਰੇ,
ਜਾਂ ਹੁੰਦਾ ਖੰਭਾਂ ਦਾ ਜੋੜਾ,
ਤੁਰ ਜਾਂਦਾ ਜਾਂ ਉੱਡ ਜਾਂਦਾ ਮੈਂ,
ਜਦ ਅੱਗ ਲਾਉਣ ਲੋਕੀਂ ਆਉਂਦੇ।
ਲੋੜ ਪਵੇ ਤਾਂ ਮੈਨੂੰ ਵਰਤੇਂ,
ਫਿਰ ਹੋਰ ਨਵਾਂ ਕਿਉਂ ਨਾ ਲਾਉਂਦੇ,
‘ਅਮਰ’ ਕਦੇ ਵੀ ਇਹ ਨਾ ਭੁੱਲਣਾ,
ਰੁੱਖ ਧਰਤੀ ’ਤੇ ਸੁਰਗ ਬਣਾਉਂਦੇ।
ਸੰਪਰਕ: 97791-91447
* * *
ਚੁਭਵੇਂ ਤੀਰ
ਰਾਬਿੰਦਰ ਸਿੰਘ ਰੱਬੀ
ਹੁਣ ਮੈਂ ਤੇਰੇ ਬੋਲਾਂ ਵਿੱਚੋਂ
ਕੱਢਦਾ ਰਹਿੰਦਾ ਹਾਂ-
ਤਿੱਖੀਆਂ ਸੂਲਾਂ ਦਾ ਰਸ,
ਜੋ ਗਾਹੇ-ਬਗਾਹੇ ਖੁਭਦਾ ਜਾਂਦਾ ਏ
ਮੇਰੇ ਜਿਸਮ ਅੰਦਰ
ਮੈਂ ਤਾਂ ਫੂਹੀ-ਫੂਹੀ ਵਿਲਕਦੇ ਹਾਉਕਿਆਂ ਨੂੰ
ਇੱਕ ਡੋਰ ’ਚ ਲਪੇਟਣ ਦਾ ਹੌਲਾ ਜਿਹਾ
ਕੀਤਾ ਸੀ ਉਪਾਅ
ਪਰ
ਪਤਾ ਹੀ ਨਾ ਲੱਗਾ ਕਿ ਉਹ ਸੂਲਾਂ ਵਿੰਨ੍ਹੇ ਹਾਉਕੇ
ਮਨ ਦੀਆਂ ਸਿਸਕੀਆਂ ਨੂੰ ਕਦੋਂ ਮਾਰ ਬੈਠੇ
ਤੇ ਮੈਂ ਹੁਣ ਵੀ ਕੱਢਦਾ ਰਹਿੰਦਾ ਹਾਂ
ਤੇਰੇ ਬੋਲਾਂ ਵਿੱਚੋਂ ਤਿੱਖੀਆਂ ਸੂਲਾਂ ਦਾ ਰਸ।
ਸੰਪਰਕ: 89689-46129
* * *
ਅੱਜ ਦੇ ਲੀਡਰ
ਗੁਰਤੇਜ ਸਿੰਘ ਖੁਡਾਲ
ਹਾਲ ਦੇਖ ਲਓ, ਅੱਜ ਦੇ ਲੀਡਰਾਂ ਦਾ,
ਇੱਕ ਦੂਜੇ ਨੂੰ ਮਿਹਣੇ ਮਾਰ ਰਹੇ ਨੇ,
ਲੋਕਾਂ ਲਈ ਕੋਈ ਕੰਮ ਨਹੀਂ ਕਰਦੇ,
ਬਸ ਗੱਲ਼ੀ ਬਾਤੀਂ ਸਾਰ ਰਹੇ ਨੇ,
ਇੱਕ ਦੂਜੇ ਦੇ ਫਰੋਲ ਕੇ ਪੋਤੜੇ,
ਫੋਕੀ ਵਾਹ ਵਾਹ ਕਰਾ ਰਹੇ ਨੇ,
ਮੁੱਦਿਆਂ ਦੀ ਇਹ ਗੱਲ ਨਹੀਂ ਕਰਦੇ,
ਬਸ ਐਵੇ ਹੀ ਵਕਤ ਲੰਘਾ ਰਹੇ ਨੇ...
ਕੁਰਸੀ ਲਈ ਹੁੰਦੇ ਤਰਲੋ ਮੱਛੀ,
ਦਲ ਬਦਲ ਕੇ ਜਸ਼ਨ ਮਨਾ ਰਹੇ ਨੇ,
ਜਿੱਧਰ ਇਨ੍ਹਾਂ ਨੂੰ ਕੁਰਸੀ ਦਿਸਦੀ,
ਬਸ ਓਹੀ ਰਾਹ ਇਹ ਪੈ ਜਾਂਦੇ ਨੇ,
‘ਖੁਡਾਲ’ ਪਾਰਟੀ ਖੂਹ ਵਿੱਚ ਜਾਵੇ,
ਗਿਰਗਿਟ ਵਾਂਗੂ ਰੰਗ ਵਟਾ ਜਾਂਦੇ ਨੇ...
ਸੰਪਰਕ: 94641-29118
* * *
ਨਸ਼ਿਆਂ ਦਾ ਇਹ ਕਹਿਰ...
ਕਰਮਜੀਤ ਕੌਰ
ਨਸ਼ਿਆਂ ਦਾ ਇਹ ਕਹਿਰ ਨੀ ਅੜੀਓ
ਮੇਰਾ ਸੋਹਣਾ ਸ਼ਹਿਰ ਨੀ ਅੜੀਓ,
ਭਰ ਗਿਆ ਨਾਲ ਜ਼ਹਿਰ ਨੀ ਅੜੀਓ,
ਨਸ਼ਿਆਂ ਦਾ ਇਹ ਕਹਿਰ ਨੀ ਅੜੀਓ।
ਮਾਂ ਦਾ ਪੁੱਤ, ਭੈਣ ਦਾ ਭਾਈ,
ਧੀ ਦਾ ਬਾਪ, ਕਿਸੇ ਦਾ ਮਾਹੀ,
ਡੁੱਬ ਗਿਆ ਇਸ ਨਹਿਰ ਨੀ ਅੜੀਓ,
ਨਸ਼ਿਆਂ ਦਾ ਇਹ ਕਹਿਰ ਨੀ ਅੜੀਓ।
ਆਓ ਪੰਜਾਬੀਓ! ਹਰ ਹੰਭਲਾ ਮਾਰਿਓ,
ਸ਼ੁਰੂ ਕਰੋ ਇੱਕ ਲਹਿਰ ਨੀ ਅੜੀਓ,
ਏਸ ਚਿੱਟੇ ਦੇ ਕਾਲੇ ਕਾਰੇ,
ਨਸ਼ਰ ਕਰੋ ਹਰ ਪਹਿਰ ਨੀ ਅੜੀਓ,
ਮੰਗੋ ਹਰ ਜੀਅ ਦੀ ਖ਼ੈਰ ਨੀ ਅੜੀਓ।
ਸੰਪਰਕ: 99157-31455
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਜਿਨ੍ਹਾਂ ਦੇ ਹੱਕ-ਸੱਚ ਪੱਲੇ, ਉਹ ਸੂਰੇ ਤਾਂ ਰੁਕਦੇ ਨਹੀਂ
ਪੋਟਾ ਪੋਟਾ ਕਟ ਜਾਂਦੇ ਨੇ, ਵੈਰੀ ਮੂਹਰੇ ਝੁਕਦੇ ਨਹੀਂ।
ਸੀਨਾ ਤਾਣੀ ਖੜ੍ਹ ਜਾਂਦੇ ਨੇ, ਆਈ ਮੌਤ ਦੇ ਮੂਹਰੇ ਵੀ
ਮਰਦਾਂ ਵਾਂਗੂੰ ਡਟ ਜਾਂਦੇ ਨੇ, ਕਾਇਰਾਂ ਵਾਂਗੂੰ ਲੁਕਦੇ ਨਹੀਂ।
ਆਵੇ ਹੁਨਰ ਜਾਂ ਤਾਕਤ ਹੱਥ ਵਿੱਚ, ਹਉਮੈਂ ਪੱਲੇ ਬੰਨ੍ਹਦੇ ਨਹੀਂ
ਐਵੇਂ ਕਿਸੇ ਡਫ਼ੂਸ ਦੇ ਵਾਂਗੂੰ, ਜਣੇ-ਖਣੇ ’ਤੇ ਬੁੱਕਦੇ ਨਹੀਂ।
ਹੋਵੇ ਦੁਖੀ ਕਿਸੇ ਦਾ ਹਿਰਦਾ, ਪਿਆਰ ਦੀ ਮੱਲ੍ਹਮ ਲਗਾਉਂਦੇ ਨੇ
ਬੋਲ ਕੇ ਭੈੜੀ, ਕੌੜੀ ਬੋਲੀ, ਜ਼ਖ਼ਮੀਂ ਲੂਣ ਤਾਂ ਭੁੱਕਦੇ ਨਹੀਂ।
ਕੁੱਲ ਜਹਾਨ ਹੈ ਸੀਸ ਨਿਵਾਉਂਦਾ, ਐਸੇ ਮਰਦ ਅਗੰਮੜੇ ਨੂੰ
ਯੁੱਗਾਂ ਤੀਕਰ ਰਹਿ ਜਾਂਦੇ ਨੇ, ਜਗ ਸੋਹਣੇ ਤੋਂ ਮੁੱਕਦੇ ਨਹੀਂ।
ਸੰਪਰਕ: 97816-46008
* * *
ਪਿੰਡ ਦੀ ਸਵੇਰ
ਗਗਨ ਢਿੱਲੋਂ
ਦਿਨ ਵੀ ਛੇਤੀ ਚੜ੍ਹਦਾ ਏ,
ਤੇ ਰਾਤ ਵੀ ਜਲਦੀ ਹੁੰਦੀ ਏ।
ਹਰ ਪਾਸੇ ਇੰਝ ਲੱਗਦਾ,
ਜਿਵੇਂ ਖ਼ੁਸ਼ੀਆਂ ਦੀ ਗੁੱਤ ਗੁੰਦੀ ਏ|
ਗੁਰਬਾਣੀ ਨਾਲ ਦਿਨ ਦੀ ਸ਼ੁਰੂਆਤ ਹੁੰਦੀ।
ਕਿੰਨੀ ਸਕੂਨ ਭਰੀ ਉਹ ਬਾਤ ਹੁੰਦੀ।
ਜਦੋਂ ਚਿੱਤ ਲਾ ਕੇ ਬਾਣੀ ਸੁਣਦਾ ਹਾਂ,
ਹਜ਼ਾਰਾਂ ਹੀ ਖ਼ੁਸ਼ੀਆਂ ਦੀ ਉਹ ਸੌਗਾਤ ਹੁੰਦੀ|
ਚੁੱਲ੍ਹੇ ’ਤੇ ਧਰੀ ਚਾਹ,
ਆਪੇ ਹੀ ਖਿੱਚ ਪਾਉਂਦੀ ਏ|
ਬੈਠੀ ਚਿੜੀ ਆਣ ਬਨੇਰੇ ’ਤੇ,
ਨਿੱਤ ਨਵਾਂ ਸੰਗੀਤ ਸੁਣਾਉਂਦੀ ਏ|
ਪਿੰਡ ਵਾਲੀ ਮੌਜ ਤਾਂ ਲੱਭਣੀ ਨ੍ਹੀਂ,
ਇਹ ਖੁੱਲ੍ਹ ਕੇ ਕਹਿਣ ਨੂੰ ਦਿਲ ਕਰਦਾ|
ਕਿੰਝ ਸਮਝਾਵਾਂ ਮਾਏ ਤੈਨੂੰ,
ਮੇਰਾ ਪਿੰਡ ਜਾ ਕੇ ਰਹਿਣ ਨੂੰ ਦਿਲ ਕਰਦਾ।
* * *
ਗ਼ਜ਼ਲ
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਅਪਣੇ ਹੰਝੂਆਂ ਦਾ ਸਿਰਨਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਸੁੱਕੇ ਰੁੱਖਾਂ ਹੇਠਾਂ ਛਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਤੇਰੇ ਸਾਹਾਂ ਦੀ ਖ਼ੁਸ਼ਬੂ ਵਿੱਚ ਜਿਹੜੀਆਂ ਗੁੰਮ ਹੋ ਗਈਆਂ ਨੇ,
ਚੰਨ ਦੇ ਚਾਨਣ ਵਿੱਚੋਂ ਰਾਹਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਲਟ-ਲਟ ਬਲਦੇ ਭਖਦੇ ਦੀਵੇ ਪਲ ਵਿੱਚ ਸ਼ਾਂਤ ਸੁਭਾਅ ਕੀਤੇ,
ਉਹ ਫਿਰ ਠੰਢੀਆਂ ਠਾਰ ਹਵਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਸਿਖ਼ਰ ਦੁਪਹਿਰਾਂ ਵਾਲਾ ਸੂਰਜ ਅੰਬਰ ਦੇ ਵਿੱਚ ਦਿਸਦਾ ਨਈਂ,
ਠੇਠ ਜਵਾਨੀ ਵਾਲੀਆਂ ਥਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਅੱਜ ਵੀ ਮੇਰੇ ਮਾਰੂਥਲ ਨੂੰ ਇੱਕ ਇੱਕ ਕਤਰਾ ਚੇਤੇ ਹੈ,
ਜੋ ਵਰ੍ਹੀਆਂ ਸੀ ਘੋਰ ਘਟਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਉੱਥੇ ਇੱਕ ਦਰਿਆ ਵਹਿੰਦਾ ਹੈ ਜਿਸ ਦਾ ਕੋਈ ਨਾਮ ਨਹੀਂ,
ਮਿਟੀਆਂ ਪੈੜਾਂ ਵਿੱਚੋਂ ਰਾਹਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਸਿਦਕ ਸਿਰੜ ਚੱਜ ਆਚਾਰ ਸੁਚੱਜੀ ਕਿਰਤ ਕਰੇ ਅਗਵਾਈ,
ਕਿੱਥੇ ਤੁਰ ਗਈਆਂ ਉਹ ਮਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਨਫ਼ਰਤ ਦੌਲਤ ਤੇ ਹੰਕਾਰ ’ਚ ਰਿਸ਼ਤੇ ਅੰਨ੍ਹੇ ਬੋਲੇ ਨੇ,
ਭੈਣ ਭਰਾਵਾਂ ਵਾਲੀਆਂ ਬਾਵ੍ਹਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਬਜ਼ੁਰਗ ਗਏ ਨੇ ਬਿਰਧਘਰਾਂ ਵਿੱਚ ਨਿਰਭਰ ਜੀਵਨ ਜੀਵਣ ਲਈ,
ਖਾਲੀ ਮਹਿਲਾਂ ਹੇਠ ਦੁਆਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਜਿਸ ’ਚੋਂ ਬੀਤੇ ਸਮਿਆਂ ਦਾ ਸਿਰਲਾਵਾਂ ‘ਬਾਲਮ’ ਵੇਖ ਸਕਾਂ,
ਮੇਰੇ ਸਨਮੁਖ ਹੋਣ ਨਿਗ੍ਹਾਵਾਂ ਲੱਭ ਰਿਹਾ ਹਾਂ ਮੁੱਦਤ ਤੋਂ।
ਸੰਪਰਕ: 98156-25409
* * *
ਕਿਤੇ ਕੋਈ ਹੱਸ ਰਿਹਾ ਚਿਹਰਾ
ਪੋਰਿੰਦਰ ਸਿੰਗਲਾ
ਕਿਤੇ ਕੋਈ ਹੱਸ ਰਿਹਾ ਚਿਹਰਾ, ਕਿਤੇ ਕੋਈ ਰੋ ਰਿਹਾ ਚਿਹਰਾ,
ਕਿਸੇ ਨੇ ਲਾ ਲਈ ਮਹਿੰਦੀ, ਕਿਸੇ ਨੇ ਧੋ ਲਿਆ ਚਿਹਰਾ।
ਕਿਸੇ ਦੇ ਵਿਹੜੇ ਰੌਣਕ ਹੈ, ਕਿਸੇ ਦੇ ਘਰ ਵਿੱਚ ਹੈ ਮਾਤਮ,
ਕਿਸੇ ਦਾ ਗਾ ਰਿਹਾ ਚਿਹਰਾ, ਜ਼ਰਦ ਕੋਈ ਹੋ ਰਿਹਾ ਚਿਹਰਾ।
ਕਿਸੇ ਦੀ ਛਣਕ ਰਹੀ ਪਾਇਲ, ਕਿਸੇ ਦੀਆਂ ਗੁੰਮ ਨੇ ਸੱਧਰਾਂ,
ਕਿਸੇ ਦਾ ਸਜ ਰਿਹਾ ਚਿਹਰਾ, ਚਮਕ ਕੋਈ ਖੋ ਰਿਹਾ ਚਿਹਰਾ।
ਕਿਸੇ ਲਈ ਬਾਰਸ਼ ਹੈ ਆਨੰਦ, ਕਿਸੇ ਲਈ ਬਾਰਸ਼ ਆਫ਼ਤ ਹੈ,
ਕਿਸੇ ਦੇ ਹੋਠਾਂ ’ਤੇ ਸਰਗ਼ਮ, ਹੰਝੂ ਕੋਈ ਲੁਕੋ ਰਿਹਾ ਚਿਹਰਾ।
ਇਹ ਦੁਨੀਆ ਦਾ ਮੇਲਾ ਹੈ, ਇਹ ਜਗਤ ਤਮਾਸ਼ਾ ਹੈ,
ਕਿਤੇ ਕੋਈ ਹੱਸ ਰਿਹਾ ਚਿਹਰਾ, ਕਿਤੇ ਕੋਈ ਰੋ ਰਿਹਾ ਚਿਹਰਾ।
ਸੰਪਰਕ: 95010-00276
* * *
ਰੱਬਾ...
ਸਤਨਾਮ ਸ਼ਦੀਦ
ਤੂੰ ਵੀ ਕਦੇ ਪੀੜ ਹੰਢਾਈ ਐ ਰੱਬਾ
ਜਿਹੜੀ ਸਾਡੇ ਹਿੱਸੇ ਆਈ ਐ ਰੱਬਾ
ਤੇਰੇ ਘਰ ਵੀ ਕਦੇ ਰੋਟੀ ਪੱਕੀ ਨਹੀਂ
ਕਦੇ ਜਾਗ ਕੇ ਰਾਤ ਲੰਘਾਈ ਐ ਰੱਬਾ
ਕਦੇ ਤੇਰੇ ਨਾਲ ਵੀ ਧੱਕਾ ਹੋਇਆ ਏ
ਰੂਹ ਤੇਰੀ ਕਦੇ ਕੁਰਲਾਈ ਐ ਰੱਬਾ
ਤੇਰਾ ਵੀ ਕਦੇ ਦਿਲ ਹੈ ਟੁੱਟਿਆ
ਝੱਲਣੀ ਪਈ ਕਦੇ ਜੁਦਾਈ ਐ ਰੱਬਾ
ਤੇਰੇ ਭੜੋਲੇ ’ਚੋਂ ਕਦੇ ਦਾਣੇ ਮੁੱਕੇ ਨੇ
ਹੋਇਆ ਕਦੇ ਕਰਜ਼ਾਈ ਐ ਰੱਬਾ
ਸਿਆਸਤ ਕਿਵੇਂ ਕਰਦੇ ਨੇ ਲੋਕ
ਕਦੇ ਵੋਟ ਕਿਸੇ ਨੂੰ ਪਾਈ ਐ ਰੱਬਾ
ਤੇਰੇ ਨਾਂ ਹੇਠ ਹਰ ਥਾਂ ਧੰਦਾ ਚਲਦਾ
ਹਰ ਥਾਂ ਫੋਟੋ ਤੇਰੀ ਲਾਈ ਐ ਰੱਬਾ
ਬੜਾ ਸੌਖਾ ਏ ਉਂਜ ਰੱਬ ਕਹਾਉਣਾ
ਲਾ ਕੇ ਨਾਂ ਦੇ ਅੱਖਰ ਢਾਈ ਐ ਰੱਬਾ
ਸੰਪਰਕ: 99142-98580
* * *
ਕੀ ਹੁੰਦਾ ਏ
ਸੁਖਦੇਵ ਸਿੰਘ ਭੁੱਲੜ
ਮਹਿਲਾਂ ਵਿੱਚ ਵੱਸਣ ਵਾਲੇ ਕੀ ਜਾਣਨ,
ਕਿ ਮਾਛੀਵਾੜੇ ਦਾ ਜੰਗਲ ਕੀ ਹੁੰਦਾ ਏ?
ਸੋਫਿਆਂ ’ਤੇ ਬੈਠ ਜੋ ਖੇਡਦੇ ਨੇ ਗੇਮ,
ਉਨ੍ਹਾਂ ਨੂੰ ਕੀ ਸਾਰ, ਦੰਗਲ ਕੀ ਹੁੰਦਾ ਏ?
ਗ਼ੁਰਬਤ ਵਿੱਚ ਮਿੱਟੀ ਘੱਟਾ ਹੋ ਰਹੇ ਨੂੰ,
ਪਤਾ ਈ ਨਾ ਲੱਗਾ ਕਿ ਮੰਗਲ ਕੀ ਹੁੰਦਾ ਏ?
ਸੰਪਰਕ: 94170-46117
* * *
ਗ਼ਜ਼ਲ
ਰਣਜੀਤ ਆਜ਼ਾਦ ਕਾਂਝਲਾ
ਬਜ਼ੁਰਗ ਪ੍ਰਾਣੀ ਕੋਲ ਆ ਕੇ ਕੋਈ ਨਾ ਬਹਿੰਦਾ ਹੈ।
ਅਖੇ ਜਦ ਏਹ ਬੋਲਦੈ ਸੱਚੀਆਂ ਗੱਲਾਂ ਕਹਿੰਦਾ ਹੈ।
ਗੂੜ੍ਹ ਗਿਆਨ ਦੀ ਗੱਲ ਕੋਈ ਵੀ ਚੰਗੀ ਲੱਗੇ ਨਾ,
ਏਸੇ ਲਈ ਹਰ ਕੋਈ ਬੁੱਢੇ ਤੋਂ ਦੂਰ ਦੂਰ ਰਹਿੰਦਾ ਹੈ।
ਕਿਹੋ ਜਿਹੇ ਅਸੀਂ ਹੋ ਗਏ ਤੇ ਸਾਡੀ ਸੋਚ ਵੀ ਬਦਲੀ,
ਚੰਗੀ ਬਾਤ ਦਾ ਕੋਈ ਅੰਸ ਨਾ ਭੇਜੇ ’ਚ ਬਹਿੰਦਾ ਹੈ।
ਫੋਕੀ ਚਿੱਟਕ ਮਿੱਟਕ ’ਤੇ ਹੁੱਬ ਝੁੱਗਾ ਚੌੜ ਕਰਾ ਬੈਠੇ,
ਤਾਹੀਂ ਮਨ ਭੈੜਾ ਉਜੜਿਆ ਉਖੜਿਆ ਰਹਿੰਦਾ ਹੈ।
ਕੀ ਤੋਂ ਕੀ ਤੱਕ ਦਾ ਸਫ਼ਰ ਪੂਰਾ ਨਾ ਕਰ ਸਕਿਆ ਹਾਂ,
ਮੋਈ ਸੋਚ ਦਾ ਘੇਰਾ ਮੋਕਲਾ ਹੋ ਕੁਝ ਨਾ ਕਹਿੰਦਾ ਹੈ।
ਮਨ ਦੇ ਖੁੱਲ੍ਹੇ ਵਿਹੜੇ ਆਜ਼ਾਦ ਉਡਾਰੀਆਂ ਲਾਈ ਜਾਹ,
ਅਕਲ ਦਾ ਤੋਤਾ ਮਾਲਕ ਦੇ ਗੁਣ ਗਾਉਂਦਾ ਰਹਿੰਦਾ ਹੈ।
ਸੰਪਰਕ: 94646-97781
* * *