ਵਾਤਾਵਰਨ ਦੀ ਸੰਭਾਲ ਲਈ ਸਾਈਕਲ ਚਲਾਉਣ ਦੀ ਅਪੀਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਦਸੰਬਰ
ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸੇਤੀਆ ਨੇ ਕਿਹਾ ਹੈ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਤੇ ਸਿਹਤਮੰਦ ਸਰੀਰ ਲਈ ਲੋਕਾਂ ਨੂੰ ਸਾਈਕਲ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਅਪਣਾਉਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਰੋਜ਼ਾਨਾ ਆਪਣੇ ਨਿੱਤ ਦੇ ਬਾਹਰੀ ਕੰਮਾਂ ਲਈ ਸਾਈਕਲ ਦੀ ਵਰਤੋਂ ਕਰਦਾ ਹੈ ਤਾਂ ਉਹ ਤੇਲ ਦੀ ਬੱਚਤ ਕਰਨ ਦੇ ਨਾਲ-ਨਾਲ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣੀ ਭੂਮਿਕਾ ਨਿਭਾ ਸਕੇਗਾ। ਸੀਈਓ ਪੰਕਜ ਸੇਤੀਆ ਅੱਜ ਬ੍ਰਹਮ ਸਰੋਵਰ ਤੇ ਸਾਈਕਲ ਯਾਤਰਾ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਕੇ ਡੀਬੀ ਪੰਕਜ ਸੇਤੀਆ, ਕੇਡੀਬੀ ਮੈਂਬਰ ਰਿਸ਼ੀ ਪਾਲ ਅਸ਼ੋਕ ਰੋਸ਼ਾ, ਐੱਮਕੇ ਮੋਦਗਿਲ ਆਦਿ ਨੇ ਬ੍ਰਹਮ ਸਰੋਵਰ ’ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੌਮਾਂਤਰੀ ਗੀਤਾ ਮਹਾਉਤਸਵ ਦੇ ਪਵਿੱਤਰ ਮੌਕੇ ਸਾਈਕਲ ਯਾਤਰਾ ਕੱਢੀ। ਇਹ ਸਾਈਕਲ ਯਾਤਰਾ ਬ੍ਰਹਮਸਰੋਵਰ ਦੇ ਚਾਰੇ ਪਾਸੇ ਘਾਟਾਂ ਤੋਂ ਹੁੰਦੀ ਹੋਈ ਪੁਰਸ਼ਤੋਮ ਪੁਰਾ ਬਾਗ ਬ੍ਰਹਮਸਰੋਵਰ ’ਤੇ ਸਮਾਪਤ ਹੋਈ। ਇਸ ਸਾਈਕਲ ਯਾਤਰਾ ਦੌਰਾਨ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੇ ਸ਼ਿਲਪ ਤੇ ਸਰਸ ਮੇਲੇ ਵਿੱਚ ਆਏ ਸ਼ਰਧਾਲੂਆਂ ਨੂੰ ਸਾਈਕਲ ਅਪਨਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਇਸ ਦੌਰਾਨ ਸਾਈਕਲ ਯਾਤਰਾ ਵਿੱਚ ਸ਼ਾਮਲ ਲੋਕਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਕਾਫ਼ੀ ਸ਼ਰਧਾਲੂ ਹਾਜ਼ਰ ਸਨ।
ਡੇਅਰੀ ਫਾਰਮਾਂ ਨੂੰ ਪ੍ਰਦੂਸ਼ਣ ਕੰਟਰੋਲ ਸਮਿਤੀ ਵੱਲੋਂ ਨੋਟਿਸ ਜਾਰੀ
ਨਵੀਂ ਦਿੱਲੀ: ਦਿੱਲੀ ਪ੍ਰਦੂਸ਼ਣ ਕੰਟਰੋਲ ਸਮਿਤੀ (ਡੀਪੀਸੀਸੀ) ਨੇ ਸ਼ਹਿਰ ਵਿੱਚ ਸਥਿਤ ਗਊਸ਼ਾਲਾਵਾਂ ਅਤੇ ਡੇਅਰੀ ਫਾਰਮਾਂ ਨੂੰ ਪੰਦਰਾਂ ਦਿਨਾਂ ਵਿੱਚ ਪ੍ਰਦੂਸ਼ਣ ਕੰਟਰੋਲ ਸਮਿਤੀ ਤੋਂ ਸਰਟੀਫਿਕੇਟ ਲੈਣ ਦੇ ਹੁਕਮ ਦਿੱਤੇ ਹਨ। ਸਮਿਤੀ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਸਮਿਤੀ ਨੇ ਅੱਜ ਇੱਕ ਨੋਟਿਸ ਜਾਰੀ ਕਰਕੇ ਰਾਜਧਾਨੀ ਵਿੱਚ ਪੰਦਰਾਂ ਜਾਂ ਇਸ ਤੋਂ ਵੱਧ ਪਸ਼ੂ ਰੱਖਣ ਵਾਲੀਆਂ ਗਊਸ਼ਾਲਾਵਾਂ ਅਤੇ ਡੇਅਰੀ ਫਾਰਮਾਂ ਅਤੇ ਡੇਅਰੀ ਕਾਲੋਨੀਆਂ ਵਿੱਚ ਸਥਿਤ ਸਾਰੀਆਂ ਡੇਅਰੀਆਂ ਨੂੰ ਜਲ ਪ੍ਰਦੂਸ਼ਣ ਕੰਟਰੋਲ ਅਤੇ ਨਿਯੰਤਰਣ ਅਧਿਨਿਯਮ-1974 ਅਤੇ ਹਵਾ ਪ੍ਰਦੂਸ਼ਣ ਨਿਵਾਰਣ ਅਤੇ ਕੰਟਰੋਲ ਅਧਿਨਿਯਮ-1981 ਦੇ ਤਹਿਤ ਨਿਯਮਾਂ ਦੀ ਸਹਿਮਤੀ ਲੈਣ ਲਈ ਅਰਜ਼ੀਆਂ ਦੇਣ ਦੇ ਹੁਕਮ ਦਿੱਤੇ ਹਨ। ਦਿੱਲੀ ਪ੍ਰਦੂਸ਼ਣ ਕੰਟਰੋਲ ਸਮਿਤੀ ਵੱਲੋਂ ਇਹ ਨੋਟਿਸ ਅਦਾਲਤ ਦੇ ਹੁਣੇ ਜਿਹੇ ਹੋਏ ਹੁਕਮਾਂ ਦੇ ਪਾਲਣ ਕਰਨ ਲਈ ਜਾਰੀ ਕੀਤੇ ਗਏ ਹਨ। ਇਸ ਦਾ ਪਾਲਣ ਨੋਟਿਸ ਦੇ ਪੰਦਰਾਂ ਦਿਨਾਂ ਵਿੱਚ ਕੀਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਨੋਟਿਸ ਕੌਮੀ ਵਾਤਾਵਰਨ ਐਕਟ ਤਹਿਤ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟਿਸਾਂ ਕਾਰਨ ਡੇਅਰੀ ਮਾਲਕਾਂ ਵਿੱਚ ਹਫੜਾ ਦਫੜੀ ਮਚ ਗਈ ਹੈ। -ਪੀਟੀਆਈ