For the best experience, open
https://m.punjabitribuneonline.com
on your mobile browser.
Advertisement

ਆਰਮੀਨੀਆ ਦੀ ਜੇਲ੍ਹ ’ਚ ਫਸੇ ਪੰਜਾਬੀ ਮੁੰਡਿਆਂ ਵੱਲੋਂ ਮਦਦ ਦੀ ਅਪੀਲ

08:00 AM Jun 14, 2024 IST
ਆਰਮੀਨੀਆ ਦੀ ਜੇਲ੍ਹ ’ਚ ਫਸੇ ਪੰਜਾਬੀ ਮੁੰਡਿਆਂ ਵੱਲੋਂ ਮਦਦ ਦੀ ਅਪੀਲ
ਜੇਲ੍ਹ ਵਿੱਚੋਂ ਨੌਜਵਾਨ ਆਪਣੇ ਦੁੱਖੜੇ ਸੁਣਾਉਂਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 13 ਜੂਨ
ਸੋਸ਼ਲ ਮੀਡੀਆ ’ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਨੌਜਵਾਨ ਯੂਰਪ ਜਾਣ ਦੇ ਸੁਨਹਿਰੀ ਸੁਪਨੇ ਦੇਖਦਿਆਂ ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਗਏ ਤੇ ਉਹ ਆਰਮੀਨੀਆ ਦੀ ‘ਅਮਰਾਵੀਰ ਜੇਲ੍ਹ’ ਵਿੱਚ ਫਸ ਗਏ। ਸੋਸ਼ਲ ਪਲੇਟਫਰਮਾਂ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਚਾਰ ਪੰਜ ਨੌਜਵਾਨ ਆਪਣੇ ਦੁੱਖੜੇ ਸੁਣਾ ਰਹੇ ਹਨ। ਉਹ ਭਾਰਤ ਸਰਕਾਰ ਨੂੰ ਬਚਾਉਣ ਦੀਆਂ ਅਪੀਲਾਂ ਕਰ ਰਹੇ ਹਨ।
ਉਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਯੂਰਪ ਦੀਆਂ ਹਰੀਆਂ-ਭਰੀਆ ਚਰਾਂਦਾ ਦਿਖਾਉਣ ਦਾ ਵਾਅਦਾ ਕਰਕੇ ਇਨ੍ਹਾਂ ਚਰਾਂਦਾ ਦੇ ਨੇੜੇ ਹੀ ਵੱਗਦੀ ਸਾਫ ਪਾਣੀ ਦੀ ਨਦੀ ਨੇੜੇ ਝੌਪੜੀਨੁਮਾ ਘਰ ਵਿੱਚ ਰੱਖਣ ਦਾ ਵਾਅਦਾ ਕੀਤਾ ਸੀ। ਇਹ ਨੌਜਵਾਨ ਜੇਲ੍ਹ ਵਿਚਲੇ ਲੋਹੇ ਦੇ ਬੈਂਚ ਦਿਖਾਉਂਦੇ ਹਨ ਜਿਨ੍ਹਾਂ ਉਪਰ ਉਨ੍ਹਾਂ ਨੂੰ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਧੋਖੇਬਾਜ਼ ਟਰੈਵਲ ਏਜੰਟਾਂ ਨੇ ਉਨ੍ਹਾਂ ਨਾਲ ਯੂਰਪ ਵਿੱਚ ਵਧੀਆ ਕੰਮ ਦੁਆਉਣ ਦਾ ਝੂਠਾ ਵਾਅਦਾ ਵੀ ਕੀਤਾ ਸੀ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਤਿੰਨ ਤੋਂ ਛੇ ਸਾਲ ਦੀ ਸਜ਼ਾ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਅਜਿਹੀ ਭਾਸ਼ਾ ਵਾਲੇ ਦਸਤਾਵੇਜ਼ਾਂ ’ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਿਹੜੀ ਭਾਸ਼ਾ ਉਹ ਜਾਣਦੇ ਤੱਕ ਨਹੀਂ ਹਨ।
ਇਨ੍ਹਾਂ ਮੁੰਡਿਆ ਨੇ ਦੱਸਿਆ ਕਿ ਅਜਿਹੇ ਜਾਨਵਰਾਂ ਦਾ ਮਾਸ ਖਾਣੇ ਵਿੱਚ ਦਿੱਤਾ ਜਾਂਦਾ ਹੈ ਜਿਹੜੇ ਜਾਨਵਰਾਂ ਦਾ ਮਾਸ ਉਤਰੀ ਭਾਰਤ ਵਿੱਚ ਆਮ ਨਹੀਂ ਖਾਧਾ ਜਾਂਦਾ। ਹਾਲਾਂਕਿ, ਵਾਇਰਲ ਹੋਈ ਸੰਖੇਪ ਜਿਹੀ ਵੀਡੀਓ ਕਲਿੱਪ ਵਿੱਚ ਉਹ ਭਾਰਤ ਵਿੱਚ ਨੌਜਵਾਨ ਕਿਹੜੇ ਖਿਤੇ ਵਿੱਚ ਰਹਿੰਦੇ ਹਨ, ਉਸ ਦਾ ਖੁਲਾਸਾ ਨਹੀਂ ਕਰਦੇ।
ਜਦੋਂ ਇਹ ਵੀਡੀਓ ਫੁਟੇਜ਼ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਅਤੇ ਅਰਮੀਨੀਅ ਦੇ ਭਾਰਤੀ ਦੂਤਾਵਾਸ ਨੂੰ ਪੱਤਰ ਈਮੇਲ ਕੀਤਾ ਹੈ ਤੇ ਜੇਲ੍ਹ ਵਿੱਚ ਫਸੇ ਇਨ੍ਹਾਂ ਨੌਜਵਾਨਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਆਪਣੇ ਫੇਸਬੁਕ ਅਕਾਊਂਟ ’ਤੇ ਕਲਿੱਪ ਸਾਂਝੀ ਕੀਤੀ, ਲੋਕਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।

Advertisement

Advertisement
Advertisement
Author Image

joginder kumar

View all posts

Advertisement