ਅਦਾਕਾਰ ਬਣਨਾ ਚਾਹੁੰਦਾ ਸੀ ਅਨੂ ਮਲਿਕ
ਨਵੀਂ ਦਿੱਲੀ: ਸੰਗੀਤਕਾਰ ਤੇ ਗਾਇਕ ਅਨੂ ਮਲਿਕ ਨੇ ਰਿਐਲਿਟੀ ਸਿੰਗਿੰਗ ਸ਼ੋਅ ‘ਸਾ ਰੇ ਗਾ ਮਾ ਪਾ’ ਵਿਚ ਖੁਲਾਸਾ ਕੀਤਾ ਕਿ ਸੰਗੀਤ ਜਗਤ ਵਿੱਚ ਆਉਣ ਹੋਣ ਤੋਂ ਪਹਿਲਾਂ ਉਹ ਸ਼ੁਰੂਆਤੀ ਦੌਰ ਵਿੱਚ ਅਦਾਕਾਰ ਬਣਨਾ ਚਾਹੁੰਦਾ ਸੀ। ਅਨੂ ਨੇ ਸਿਨੈ ਜਗਤ ਵਿੱਚ ਆਪਣਾ ਕਰੀਅਰ ਬਤੌਰ ਅਦਾਕਾਰ ਵਜੋਂ ਸ਼ੁਰੂ ਕਰਨ ਲਈ ਤਿਆਰੀਆਂ ਵੀ ਕੀਤੀਆਂ ਪਰ ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਵਿਚ ਅਦਾਕਾਰ ਨਾਲੋਂ ਗਾਇਕ ਬਣਨ ਦੀ ਵਧੇਰੇ ਸਮਰੱਥਾ ਹੈ, ਜਿਸ ਕਾਰਨ ਉਸ ਨੇ ਧੁਨਾਂ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕੀਤਾ। ਦੱਸਣਾ ਬਣਦਾ ਹੈ ਕਿ ਰਿਐਲਿਟੀ ਸਿੰਗਿੰਗ ਸ਼ੋਅ ‘ਸਾ ਰੇ ਗਾ ਮਾ ਪਾ’ ਵਿੱਚ ਹਿਮੇਸ਼ ਰੇਸ਼ਮੀਆ, ਨੀਤੀ ਮੋਹਨ, ਅਨੂ ਮਲਿਕ ਜੱਜ ਹਨ ਤੇ ਇਸ ਸ਼ੋਅ ਦੀ ਮੇਜ਼ਬਾਨੀ ਆਦਿੱਤਿਆ ਨਰਾਇਣ ਕਰ ਰਹੇ ਹਨ। ਇੱਥੇ ਦੇਸ਼ ਭਰ ਦੇ ਮੁਕਾਬਲੇਬਾਜ਼ ਸਿਖਰ 12 ਵਿੱਚ ਥਾਂ ਹਾਸਲ ਕਰਨ ਲਈ ਆਡੀਸ਼ਨ ਦੇ ਰਹੇ ਹਨ। ਇਨ੍ਹਾਂ ਵਿਚੋਂ ਕੁਝ ਨੇ ਜੱਜਾਂ ਨੂੰ ਆਪਣੀ ਵਿਲੱਖਣ ਆਵਾਜ਼ ਅਤੇ ਗਾਇਕੀ ਦੇ ਜਨੂੰਨ ਨਾਲ ਮੰਤਰ ਮੁਗਧ ਵੀ ਕੀਤਾ ਹੈ। ਅਜਿਹਾ ਹੀ ਇੱਕ ਪ੍ਰਤੀਯੋਗੀ ਪੰਜਾਬ ਦਾ ਅਨਮੋਲ ਹੈ ਜਿਸ ਦੇ ਗੀਤ ‘ਇਕ ਕੁੜੀ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਅਨੂ ਮਲਿਕ ਨੂੰ ‘ਆਇਲਾ ਰੇ’,‘ਜਾਨਮ ਸਮਝਾ ਕਰੋ’, ‘ਏਕ ਗਰਮ ਚਾਏ ਕੀ ਪਿਆਲੀ’, ‘ਗੋਰੀ ਗੋਰੀ’, ‘ਊਂਚੀ ਹੈ ਬਿਲਡਿੰਗ’, ਅਤੇ ‘ਈਸਟ ਔਰ ਵੈਸਟ ਇੰਡੀਆ ਇਜ਼ ਦਿ ਬੈਸਟ’ ਵਰਗੇ ਹਿੱਟ ਟਰੈਕਾਂ ਲਈ ਜਾਣਿਆ ਜਾਂਦਾ ਹੈ। -ਆਈਏਐੱਨਐੱਸ