ਅਮਰੀਕਾ ’ਚ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ
ਨਿਊਯਾਰਕ, 23 ਦਸੰਬਰ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਇਕ ਮੰਦਰ ’ਚ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਪੁਲੀਸ ਇਸ ਮਾਮਲੇ ਦੀ ਜਾਂਚ ਸੰਭਾਵੀ ਨਫ਼ਰਤੀ ਅਪਰਾਧ ਦੇ ਪੱਖ ਤੋਂ ਕਰ ਰਹੀ ਹੈ। ਕੈਲੀਫੋਰਨੀਆ ਦੇ ਨੇਵਾਰਕ ’ਚ ਸਿਟੀ ਆਫ਼ ਨੇਵਾਰਕ ਪੁਲੀਸ ਵਿਭਾਗ ਨੇ ਈ-ਮੇਲ ਰਾਹੀਂ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਕਰੀਬ 8.35 ਵਜੇ ਉਨ੍ਹਾਂ ਨੂੰ ਸ੍ਰੀ ਸਵਾਮੀਨਾਰਾਇਣ ਮੰਦਰ ’ਚ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀ ਜਾਣਕਾਰੀ ਮਿਲੀ ਸੀ। ਇਸ ਮਗਰੋਂ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਮੰਦਰ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਇਸ ਨੂੰ ਡਰਾਉਣ ਦੇ ਉਦੇਸ਼ ਨਾਲ ਕੀਤੀ ਗਈ ਘਟਨਾ ਕਰਾਰ ਦਿੱਤਾ। ਸਿਟੀ ਆਫ਼ ਨੇਵਾਰਕ ਪੁਲੀਸ ਵਿਭਾਗ ਨੇ ਇਕ ਬਿਆਨ ’ਚ ਕਿਹਾ,‘‘ਕੰਧਾਂ ’ਤੇ ਮੌਜੂਦ ਨਾਅਰਿਆਂ ਦੀ ਸਮੱਗਰੀ ਦੇ ਆਧਾਰ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਮੰਦਰ ਦੀ ਦਿੱਖ ਖ਼ਰਾਬ ਕਰਨ ਦੀ ਸਾਜ਼ਿਸ਼ ਘੜੀ ਗਈ ਸੀ ਅਤੇ ਭੰਨ-ਤੋੜ ਦੀ ਘਟਨਾ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ।’’ ਭਾਰਤ ਦੇ ਸਾਂ ਫਰਾਂਸਿਸਕੋ ਸਥਿਤ ਕੌਂਸੁਲੇਟ ਜਨਰਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕੌਂਸੁਲੇਟ ਨੇ ‘ਐਕਸ’ ’ਤੇ ਪੋਸਟ ’ਚ ਕਿਹਾ,‘‘ਅਸੀਂ ਕੈਲੀਫੋਰਨੀਆ ਦੇ ਨੇਵਾਰਕ ’ਚ ਐੱਸਐੱਮਵੀਐੱਸ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਭਾਰਤ ਵਿਰੋਧੀ ਨਾਅਰਿਆਂ ਨਾਲ ਵਿਗਾੜਨ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਘਟਨਾ ਨਾਲ ਭਾਰਤੀ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਇਸ ਮਾਮਲੇ ’ਚ ਅਮਰੀਕੀ ਅਧਿਕਾਰੀਆਂ ਵੱਲੋਂ ਫੌਰੀ ਜਾਂਚ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਛੇਤੀ ਕਾਰਵਾਈ ਲਈ ਦਬਾਅ ਪਾਇਆ ਹੈ।’’ ਸੋਸ਼ਲ ਮੀਡੀਆ ’ਤੇ ਇਸ ਘਟਨਾ ਨਾਲ ਜੁੜੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। -ਪੀਟੀਆਈ
ਜੈਸ਼ੰਕਰ ਨੇ ਮੰਦਰ ’ਚ ਭੰਨ-ਤੋੜ ’ਤੇ ਚਿੰਤਾ ਜਤਾਈ
ਗਾਂਧੀਨਗਰ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਸਥਿਤ ਮੰਦਰ ਦੀਆਂ ਦੀਵਾਰਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਅਤੇ ਉਸ ’ਚ ਭੰਨ-ਤੋੜ ਦੀ ਘਟਨਾ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਭਾਰਤ ਦੇ ਬਾਹਰ ਵੱਖਵਾਦੀ ਅਤੇ ਕੱਟੜਪੰਥੀ ਤਾਕਤਾਂ ਨੂੰ ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ ਹੈ। ਇਥੇ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਦੀ ਤੀਜੀ ਕਾਨਵੋਕੇਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਕੌਂਸੁਲੇਟ ਨੇ ਅਮਰੀਕੀ ਸਰਕਾਰ ਅਤੇ ਉਥੋਂ ਦੀ ਪੁਲੀਸ ਕੋਲ ਇਸ ਮਾਮਲੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੂਰਾ ਭਰੋਸਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੈੱਕ ਰਿਪਬਲਿਕ ’ਚ ਨਿਖਿਲ ਗੁਪਤਾ ਦੀ ਗ੍ਰਿਫ਼ਤਾਰੀ ਬਾਰੇ ਜੈਸ਼ੰਕਰ ਨੇ ਕਿਹਾ ਕਿ ਭਾਰਤੀ ਦੂਤਘਰ ਨੂੰ ਉਸ ਤੱਕ ਤਿੰਨ ਵਾਰ ਸਫ਼ਾਰਤੀ ਰਸਾਈ ਪ੍ਰਦਾਨ ਕੀਤੀ ਗਈ ਸੀ। ਵਾਈਬ੍ਰੈਂਟ ਗੁਜਰਾਤ ਆਲਮੀ ਸਿਖਰ ਸੰਮੇਲਨ ਲਈ ਭਾਈਵਾਲ ਦੇਸ਼ਾਂ ਦੀ ਸੂਚੀ ’ਚੋਂ ਅਮਰੀਕਾ ਅਤੇ ਕੈਨੇਡਾ ਦੀ ਗ਼ੈਰ-ਹਾਜ਼ਰੀ ’ਤੇ ਜੈਸ਼ੰਕਰ ਨੇ ਕਿਹਾ ਉਹ ਇਸ ਦੇ ਕੋਈ ਸਿਆਸੀ ਅਰਥ ਨਹੀਂ ਕੱਢਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਗੁਜਰਾਤ ਸਰਕਾਰ ਹੀ ਕੋਈ ਜਵਾਬ ਦੇ ਸਕਦੀ ਹੈ। -ਪੀਟੀਆਈ