ਸੀਏਏ ਵਿਰੋਧੀ ਪ੍ਰਦਰਸ਼ਨ: ਐੱਨਆਈਏ ਅਦਾਲਤ ਵੱਲੋਂ ਅਖਿਲ ਗੋਗੋਈ ਖ਼ਿਲਾਫ਼ ਦੋਸ਼ ਤੈਅ
ਗੁਹਾਟੀ, 22 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਵਿੱਚ ਭੂਮਿਕਾ ਦੇ ਦੋਸ਼ ਹੇਠ ਅੱਜ ਅਸਾਮ ਦੇ ਵਿਧਾਇਕ ਅਖਿਲ ਗੋਗੋਈ ਅਤੇ ਉਨ੍ਹਾਂ ਦੇ ਤਿੰਨ ਸਹਿਯੋਗੀਆਂ ਖ਼ਿਲਾਫ਼ ਸਖ਼ਤ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ। ਹਾਲਾਂਕਿ ਵਿਸ਼ੇਸ਼ ਅਦਾਲਤ ਨੇ ਅਤਿਵਾਦੀ ਸੰਗਠਨ ਨੂੰ ਸਮਰਥਨ ਦੇਣ ਨਾਲ ਸਬੰਧਤ ਯੂਏਪੀਏ ਦੀ ਧਾਰਾ 39 ਅਤੇ ਆਈਪੀਸੀ ਦੀ ਧਾਰਾ 124 ਏ (ਦੇਸ਼ਧ੍ਰੋਹ) ਨੂੰ ਖਾਰਜ ਕਰ ਦਿੱਤਾ ਜਿਸ ਦਾ ਸੁਝਾਅ ਐੱਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦਿੱਤਾ ਸੀ। ਗੋਗੋਈ ਖ਼ਿਲਾਫ਼ ਯੂਏਪੀਏ ਦੀ ਧਾਰਾ 18 (ਸਾਜ਼ਿਸ਼) ਅਤੇ ਆਈਪੀਸੀ ਦੀਆਂ ਧਾਰਾਵਾਂ 120 ਬੀ (ਅਪਰਾਧਿਕ ਸਾਜ਼ਿਸ਼), 153 ਏ (ਦੁਸ਼ਮਣੀ ਵਧਾਉਣਾ) ਅਤੇ ਕੌਮੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨਾਂ, ਦੋਸ਼ਾਂ ਨਾਲ ਸਬੰਧਤ ਧਾਰਾ 153 ਬੀ ਤਹਿਤ ਦੋਸ਼ ਤੈਅ ਕੀਤੇ ਹਨ। -ਪੀਟੀਆਈ
ਦੋਸ਼ਾਂ ਖਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ: ਗੋਗੋਈ
ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਗੋਗੋਈ ਨੇ ਕਿਹਾ, “ਇਸ ਤੋਂ ਇੱਕ ਵਾਰ ਫਿਰ ਇਹ ਸਾਬਤ ਹੁੰਦਾ ਹੈ ਕਿ ਅਸੀਂ ਲੋਕਾਂ ਨਾਲ ਹਾਂ ਅਤੇ ਇਹ ਸਰਕਾਰ ਸਾਨੂੰ ਜੇਲ੍ਹ ਵਿੱਚ ਬੰਦ ਰੱਖਣਾ ਚਾਹੁੰਦੀ ਹੈ। ਫਾਸ਼ੀਵਾਦੀ ਅਤੇ ਫਿਰਕੂ ਸਰਕਾਰ ਖ਼ਿਲਾਫ਼ ਲੜਾਈ ਬਹੁਤ ਮੁਸ਼ਕਲ ਹੈ।’’ ਉਨ੍ਹਾਂ ਕਿਹਾ ਕਿ ਉਹ ਦੋਸ਼ਾਂ ਖ਼ਿਲਾਫ਼ ਗੁਹਾਟੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।