ਮੁਲਜ਼ਮ ਕੋਲੋਂ ਪੜਤਾਲ ਮਗਰੋਂ ਕਿਲੋ ਹੋਰ ਹੈਰੋਇਨ ਬਰਾਮਦ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਜਨਵਰੀ
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦਰਜ ਇੱਕ ਕੇਸ ਵਿੱਚ ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਇੱਕ ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ।
ਇਸ ਮਾਮਲੇ ਵਿੱਚ ਹੁਣ ਤੱਕ ਪੁਲੀਸ ਵੱਲੋਂ 12 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਤੱਕ ਤਿੰਨ ਕਿਲੋ 192 ਗ੍ਰਾਮ ਕੁੱਲ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਤਿੰਨ ਪਿਸਤੌਲ, 2,60,150 ਰੁਪਏ ਦੀ ਡਰੱਗ ਮਨੀ, ਇੱਕ ਇਲੈਕਟ੍ਰਾਨਿਕ ਕੰਡਾ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਪੁਲੀਸ ਦੇ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਮਨਜੀਤ ਸਿੰਘ ਭੋਲਾ ਕੋਲੋਂ ਪੁੱਛਗਿੱਛ ਦੌਰਾਨ ਇੱਕ ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਦਿਹਾਤੀ ਖੇਤਰ ਵਿੱਚੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਨਜੀਤ ਸਿੰਘ ਕੋਲੋਂ ਢਾਈ ਲੱਖ ਰੁਪਏ ਦੀ ਡਰੱਗ ਮਨੀ, ਪੁਆਇੰਟ 30 ਬੋਰ ਦਾ ਇੱਕ ਪਿਸਤੌਲ ਬਰਾਮਦ ਕੀਤਾ ਸੀ।