ਅਮ੍ਰਿਤਪਾਲ ਦੇ ਪਿਤਾ ਵੱਲੋਂ ਪੁੱਤ ਖਿਲਾਫ਼ ਯੂਏਪੀਏ ਲਾਉਣ ਦੀ ਨਿਖੇਧੀ
ਅੰਮ੍ਰਿਤਸਰ, 9 ਜਨਵਰੀ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਆਪਣੇ ਪੁੱਤਰ ਉੱਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਲਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਐੱਮਪੀ ਦੇ ਪਰਿਵਾਰ ਨੂੰ ਮਾਘੀ ਮੌਕੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਤੋਂ ਰੋਕਣ ਦੀ ‘ਸਾਜ਼ਿਸ਼’ ਹੈ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ, ‘‘ਹੁਣ ਜਦੋਂ ਅਮ੍ਰਿਤਪਾਲ ਸਿੰਘ ਉੱਤੇ ਲਾਏ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਦੀ ਮਿਆਦ ਮੁੱਕਣ ਵਾਲੀ ਹੈ ਤਾਂ ਉਨ੍ਹਾਂ ਉਸ ਉੱਤੇ ਯੂਏਪੀਏ ਲਾ ਦਿੱਤਾ ਹੈ। ਅਸੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਦੀ ਯੋਜਨਾ ਘੜ ਰਹੇ ਹਾਂ ਤੇ ਇਹ ਸਾਨੂੰ ਰੋਕਣ ਦੀ ਕੋਸ਼ਿਸ਼ ਹੈ। ਭਗਵੰਤ ਮਾਨ ਦੀ ਸਿੱਖ ਵਿਰੋਧੀ ਮਾਨਸਿਕਤਾ ਜੱਗ ਜ਼ਾਹਿਰ ਹੋ ਗਈ ਹੈ। ਅਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਹੀ ਬਿਨਾਂ ਕਿਸੇ ਸਬੂਤ ਜਾਂ ਜਾਂਚ ਦੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ।’’ ਇਸ ਤੋਂ ਪਹਿਲਾਂ ਅੱਜ ਦਿਨੇਂ ਫ਼ਰੀਦਕੋਟ ਦੇ ਐੱਸਪੀ ਨੇ ਜੇਲ੍ਹ ਵਿਚ ਬੰਦ ਅਮ੍ਰਿਤਪਾਲ ਸਿੰਘ ਖਿਲਾਫ਼ ਯੂਏਪੀਏ ਲਾਉਣ ਦੀ ਪੁਸ਼ਟੀ ਕੀਤੀ ਸੀ। ਐੱਸਪੀ ਜਸਮੀਤ ਸਿੰਘ ਨੇ ਕਿਹਾ, ‘‘ਗੁਰਪ੍ਰੀਤ ਹਰੀ ਨੌਂ ਕਤਲ ਕੇਸ ਦੀ ਜਾਂਚ ਦੇ ਅਧਾਰ ਉੱਤੇ ਅਮ੍ਰਿਤਪਾਲ ਖਿਲਾਫ਼ ਦਰਜ ਕੇਸ ਵਿਚ ਯੂਏਪੀਏ ਲਾਇਆ ਗਿਆ ਹੈ। ਇਸ ਕੇਸ ਵਿਚ ਮਨੋਨੀਤ ਦਹਿਸ਼ਤਗਰਦ ਅਰਸ਼ ਡੱਲਾ ਦਾ ਵੀ ਨਾਮ ਸ਼ਾਮਲ ਹੈ। ਜਾਂਚ ਜਾਰੀ ਹੈ, ਜਿਸ ਕਰਕੇ ਬਹੁਤੀ ਜਾਣਦਾਰੀ ਨਹੀਂ ਦੇ ਸਕਦੇ।’’ ਤਰਸੇਮ ਸਿੰਘ ਨੇ ਕਿਹਾ ਕਿ ‘ਸਿਆਸੀ ਡਰ’ ਕਰਕੇ ਅਮ੍ਰਿਤਪਾਲ ਸਿੰਘ ਖਿਲਾਫ਼ ਐੱਨਐੱਸਏ ਲਾਇਆ ਗਿਆ ਹੈ। ਤਰਸੇਮ ਸਿੰਘ ਵੱਲੋਂ ਮਾਘੀ ਮੇਲੇ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। -ਏਐੱਨਆਈ