ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਇੱਕ ਹੋਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 3 ਨਵੰਬਰ
ਸਦਰ ਥਾਣਾ ਪੁਲਸ ਦੀ ਟੀਮ ਨੇ ਰਤੀਆ ਇਲਾਕੇ ਦੇ ਪਿੰਡ ਨੰਗਲ ਵਿੱਚ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਸਬੰਧੀ ਫਰਾਰ ਚੱਲ ਰਹੇ ਮੁਲਜ਼ਮ ਗੋਵਿੰਦ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲੀਸ ਪਹਿਲਾਂ ਹੀ ਜੰਮੂ ਕਸ਼ਮੀਰ ਦੀ ਜੇਲ੍ਹ ਵਿੱਚ ਹੱਤਿਆ ਦੇ ਦੋਸ਼ ਹੇਠ ਬੰਦ ਕੀਤੇ ਗਏ 9 ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਚੁੱਕੀ ਹੈ।
ਸਦਰ ਥਾਣਾ ਦੇ ਇੰਚਾਰਜ ਓਮ ਪ੍ਰਕਾਸ਼ ਅਤੇ ਚੌਕੀ ਇੰਚਾਰਜ ਮਹਾਵੀਰ ਸਿੰਘ ਨੇ ਦੱਸਿਆ ਕਿ ਬੀਤੀ 13 ਜੂਨ ਨੂੰ ਸਦਰ ਥਾਣਾ ਵਿੱਚ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਗੋਪੀ, ਗੋਵਿੰਦ ਅਤੇ ਮੁਕੇਸ਼ ਤੋਂ ਇਲਾਵਾ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸਬੰਧਤ ਮੁਲਜ਼ਮਾਂ ਨੇ ਪਿੰਡ ਦੇ ਦੀਪੂ ਦਾ ਰਸਤਾ ਰੋਕ ਕੇ ਉਸ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਉਸ ਦਾ ਹੱਥ ਕੱਟ ਦਿੱਤਾ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ
ਮਾਮਲੇ ਨੂੰ ਲੈ ਕੇ ਅਨੇਕਾਂ ਥਾਵਾਂ ਤੇ ਛਾਪੇ ਮਾਰੇ ਗਏ। ਇਸ ਸਬੰਧੀ ਪਹਿਲਾਂ ਜੰਮੂ ਦੀ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਵਿੱਚ ਸ਼ਾਮਲ ਗੋਪੀ ਉਰਫ ਸੀਬਾ, ਕੁਲਦੀਪ ਉਰਫ ਗੁਰਪ੍ਰੀਤ, ਲੱਕੀ ਉਰਫ ਕਾਲਾ, ਸੁਖਵਿੰਦਰ ਉਰਫ ਪ੍ਰੀਤ, ਭਾਨਾ ਉਰਫ ਗੁਰਪ੍ਰੀਤ, ਲੱਕੀ, ਸਾਹਿਲ, ਗੁਰਸੇਵਕ ਅਤੇ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਗੋਵਿੰਦ ਰਾਮ ਵੀ ਫ਼ਰਾਰ ਚੱਲ ਰਿਹਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕੁੱਝ ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।