ਗੁਰਦੁਆਰਾ ਪ੍ਰਗਟ ਸਾਹਿਬ ਵਿੱਚ ਸਾਲਾਨਾ ਸਮਾਗਮ
ਪੱਤਰ ਪ੍ਰੇਰਕ
ਗੁਰੂਹਰਸਹਾਏ, 5 ਅਕਤੂਬਰ
ਪਿੰਡ ਹਾਮਦ ਵਿੱਚ ਸਥਿਤ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 2 ਤੋਂ 4 ਅਕਤੂਬਰ ਤੱਕ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਅੱਜ ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ।
ਇਸ ਦੌਰਾਨ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਾਏ ਗਏ। ਇਸ ਦੌਰਾਨ ਬਾਗੀ ਹਸਪਤਾਲ ਤੋਂ ਦੰਦਾਂ ਦੇ ਮਾਹਿਰ ਡਾਕਟਰ ਰਜਿੰਦਰ ਸਿੰਘ ਤੇ ਡਾਕਟਰ ਮਹਿਲ ਸਿੰਘ ਮਮਦੋਟ, ਹੱਡੀਆਂ ਦੇ ਮਾਹਰ ਡਾਕਟਰ ਮਨਦੀਪ ਸਿੰਘ, ਹੋਮਿਓਪੈਥਿਕ ਡਾਕਟਰ ਬਬਲਦੀਪ ਸਿੰਘ ਅਤੇ ਲਵਪ੍ਰੀਤ ਕੌਰ, ਡਾਕਟਰ ਗਗਨਪ੍ਰੀਤ ਸਿੰਘ ਤੇ ਡਾਕਟਰ ਨਿਰਵੈਰ ਸਿੰਘ ਆਦਿ ਵੱਲੋਂ ਕਰੀਬ 300 ਲੋਕਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ ਗੁਰੂਦਆਰਾ ਪ੍ਰਗਟ ਸਾਹਿਬ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਹਾਮਦ ਵਿੱਚ ਸੁਸ਼ੋਭਿਤ ਹੈ। ਸੰਨ 1988 ਵਿੱਚ ਆਏ ਹੜ੍ਹਾਂ ਦੌਰਾਨ ਪਿੰਡ ਹਾਮਦ ਦੇ ਭਾਈ ਮੰਦਾ ਸਿੰਘ ਨੂੰ ਡੂੰਘੇ ਸੇਮ ਨਾਲੇ ਵਿੱਚੋਂ ਰੁਮਾਲਾ ਸਾਹਿਬ ਤੈਰਦਾ ਦਿਖਾਈ ਦਿੱਤਾ ਸੀ, ਜਿਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਲਕੁਲ ਸੁੱਕੀ ਅਵਸਥਾ ਵਿੱਚ ਮਿਲੇ। ਉਸ ਵਕਤ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਸਥਾਪਤ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਇਸ ਸਥਾਨ ਦਾ ਨਾਂ ਗੁਰਦੁਆਰਾ ਪ੍ਰਗਟ ਸਾਹਿਬ ਪੈ ਗਿਆ। ਪਿਛਲੇ ਲੰਮੇ ਸਮੇਂ ਤੋਂ ਇਸ ਅਸਥਾਨ ਦੀ ਕਾਰ ਸੇਵਾ ਸੰਤ ਜਗਤਾਰ ਸਿੰਘ ਤਰਨ ਤਾਰਨ ਦੀ ਦੇਖ-ਰੇਖ ਹੇਠ ਚੱਲ ਰਹੀ ਹੈ।