ਖਾਲਸਾ ਕਾਲਜ ’ਚ ਸਾਲਾਨਾ ਕਨਵੋਕੇਸ਼ਨ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਮਾਰਚ
ਖਾਲਸਾ ਕਾਲਜ ਫਾਰ ਵਿਮੈੱਨ ਦੀ ਸਾਲਾਨਾ ਕਨਵੋਕੇਸ਼ਨ ਵਿੱਚ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ 710 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਛੀਨਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਉਦੋਂ ਹੀ ਜਾਗਰੂਕ ਹੋ ਸਕਦਾ ਹੈ ਜਦੋਂ ਔਰਤਾਂ ਸਿੱਖਿਅਤ ਹੋਣ, ਕਿਉਂਕਿ ਸਮਾਜ ਅਤੇ ਹਰ ਵਿਅਕਤੀ ਦੀ ਤਰੱਕੀ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਹੈ। ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਕਿਹਾ ਕਿ ਜ਼ਿੰਦਗੀ ਦਾ ਇੱਕ ਪੜਾਅ ਖਤਮ ਹੁੰਦਾ ਹੈ ਅਤੇ ਦੂਜਾ ਸ਼ੁਰੂ ਹੁੰਦਾ ਹੈ, ਇੱਕ ਨਵੀਂ ਚੁਣੌਤੀ ਉਭਰਦੀ ਹੈ। ਉਨ੍ਹਾਂ ਕਿਹਾ ਕਿ ਡਿਗਰੀ ਪ੍ਰਾਪਤ ਕਰਨਾ ਜ਼ਿੰਦਗੀ ਦੇ ਸੰਘਰਸ਼ ਦਾ ਅੰਤ ਨਹੀਂ ਹੁੰਦਾ, ਜ਼ਿੰਦਗੀ ਜਿਊਣ ਦੇ ਅਸਲ ਸ਼ਿਸ਼ਟਾਚਾਰ ਅਤੇ ਨੈਤਿਕਤਾ ਅੱਜ ਤੋਂ ਇੱਕ ਨਵੀਂ ਚੁਣੌਤੀ ਨਾਲ ਸ਼ੁਰੂ ਹੋ ਗਈ ਹੈ। ਉਨ੍ਹਾਂ ਭਵਿੱਖ ਦੀ ਤਰੱਕੀ ਲਈ ਸੱਚੀ ਅਤੇ ਦੂਰਅੰਦੇਸ਼ੀ ਸੋਚ ਨਾਲ ਆਪਣੇ ਟੀਚਿਆਂ ਨੂੰ ਪੂਰਾ ਕਰਨ ਅਤੇ ਸੰਸਥਾ, ਮਾਪਿਆਂ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਗਵਰਨਿੰਗ ਕੌਂਸਲ ਦੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਡਾ. ਮਹਿਲ ਸਿੰਘ, ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਪੋਸਟ-ਗ੍ਰੈਜੂਏਸ਼ਨ ਅਤੇ ਗ੍ਰੈਜੂਏਸ਼ਨ ਪੱਧਰ ’ਤੇ ਆਰਟਸ, ਸਾਇੰਸ, ਕੰਪਿਊਟਰ ਸਾਇੰਸ, ਫੈਸ਼ਨ ਡਿਜ਼ਾਈਨਿੰਗ, ਕਾਮਰਸ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ। ਉਨ੍ਹਾਂ ਪੀਐੱਚਡੀ ਦੀ ਡਿਗਰੀ ਪੂਰੀ ਕਰਨ ਵਾਲੇ 7 ਅਧਿਆਪਕਾਂ ਅਤੇ 2 ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਪੁਰਸਕਾਰ ਅਤੇ ਸਰਵੋਤਮ ਖੋਜਕਰਤਾ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖਾਲਸਾ ਯੂਨੀਵਰਸਿਟੀ ਪ੍ਰੀਖਿਆ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਸੰਯੁਕਤ ਸਕੱਤਰ ਅਜਮੇਰ ਸਿੰਘ ਵਾਰਿਸ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ ਤੇ ਸੰਤੋਖ ਸਿੰਘ ਸੇਠੀ ਤੇ ਵੱਖ-ਵੱਖ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।