ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
ਪੱਤਰ ਪ੍ਰੇਰਕ
ਮੁਕੇਰੀਆਂ, 26 ਨਵੰਬਰ
ਸਾਂਝੇ ਅਧਿਆਪਕ ਮੋਰਚੇ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਲਗਭਗ ਦੋ ਸਾਲਾਂ ਤੋਂ ਲਟਕਦੀ ਮੰਗ, ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨ ਕਰਨਾ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਆਦਿ ਮੰਗਾਂ ਲਈ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਫੈਸਲਾ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਰਜਤ ਮਹਾਜਨ, ਸਤੀਸ਼ ਕੁਮਾਰ, ਜਸਵੰਤ ਸਿੰਘ ਤੇ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਆਗੂਆਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਿਵੇਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ, ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਆਦਿ ਦੇ ਹੱਲ ਵੱਲ ਸਿੱਖਿਆ ਮੰਤਰੀ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿੰਗਲ ਟੀਚਰ ਪ੍ਰਾਈਮਰੀ ਸਕੂਲ ਵਿੱਚ 2 ਆਧਿਆਪਕ ਦੇਣ, ਬਦਲੀਆਂ ਦੀ ਆਨਲਾਈਨ ਪ੍ਰਕਿਰਿਆ ਦੀਆਂ ਖਾਮੀਆਂ ਨੂੰ ਦੂਰ ਕਰਨ, ਬੇਲੋੜੇ ਪ੍ਰਾਜੈਕਟ ਬੰਦ ਕਰਕੇ ਪੇਪਰਾਂ ਦਾ ਪੈਟਰਨ ਸਤੰਬਰ, ਦਸੰਬਰ ਤੇ ਮਾਰਚ ਦੇ ਆਧਾਰ ’ਤੇ ਕਰਨ, ਮਿਡਲ ਸਕੂਲਾਂ ਨੂੰ ਮਰਜ਼ ਨਾ ਕਰਨ, ਨਵੇਂ ਪ੍ਰਮੋਟ ਹੋਏ ਲੈਕਚਰਰਾਂ ਨੂੰ ਸਟੇਸ਼ਨ ਨੇੜੇ ਦੇਣ, ਖਾਲੀ ਅਸਾਮੀਆਂ ਭਰਨ ਅਤੇ ਅਧਿਆਪਕ ਵਰਗ ਤੋਂ ਗੈਰ-ਵਿੱਦਿਅਕ ਕੰਮ ਲੈਣੇ ਤੁਰੰਤ ਬੰਦ ਕੀਤੇ ਜਾਣ ਆਦਿ ਮੰਗਾਂ ਵੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਇਸ ਦੇ ਖ਼ਿਲਾਫ਼ ਮੁਲਾਜ਼ਮਾਂ ਵਿੱਚ ਰੋਸ ਹੈ।
ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਸਿੱਖਿਆ ਵਿੱਚ ਸੁਧਾਰ ਕਰਨਾ ਹੈ ਤਾਂ ਬੇਲੋੜੇ ਪ੍ਰਾਜੈਕਟ ਬੰਦ ਕਰਕੇ ਬੱਚਿਆਂ ਨੂੰ ਸਿਲੇਬਸ ਨਾਲ ਜੋੜ ਕੇ ਪੁਰਾਣੇ ਪੈਟਰਨ ’ਤੇ ਆਧਾਰਿਤ ਸਿੱਖਿਆ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।