ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਸਰਵੋਤਮ ਪੁਸਤਕਾਂ ਲਈ ਪੁਰਸਕਾਰਾਂ ਦਾ ਐਲਾਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਨਵੰਬਰ
ਭਾਸ਼ਾ ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਸਰਵੋਤਮ ਸਾਹਿਤ ਪੁਸਤਕਾਂ ਦੇ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ 30 ਨਵੰਬਰ ਨੂੰ ਪੰਜਾਬੀ ਹਫ਼ਤੇ ਦੇ ਵਿਦਾਇਗੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿੱਚ ਦਿੱਤੇ ਜਾਣਗੇ। ਇਹ ਪੁਰਸਕਾਰ ਪੰਜਾਬੀ ਦੇ ਸਾਲ 2021, ਹਿੰਦੀ ਦੇ 2021 ਤੇ 2022 ਅਤੇ ਉਰਦੂ ਦੇ ਸਾਲ 2023 ਦੀਆਂ ਸਰਵੋਤਮ ਕਿਤਾਬਾਂ ਦੇ ਲੇਖਕਾਂ ਨੂੰ ਦਿੱਤੇ ਜਾਣਗੇ।
ਵੇਰਵਿਆਂ ਅਨੁਸਾਰ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ (ਪੰਜਾਬੀ ਸਾਲ 2021) ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਪੁਰਸਕਾਰ (ਕਵਿਤਾ) ਸਤਨਾਮ ਸਿੰਘ (ਵਾਹਿਦ) ਦੀ ਪੁਸਤਕ ‘ਵਰਤਮਾਨ ’ਤੇ ਪਿਆ ਪੇਪਰਵੇਟ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫ਼ਰਨਾਮਾ) ਰਣਜੀਤ ਧੀਰ ਦੀ ਪੁਸਤਕ ‘ਵਲਾਇਤੋਂ ਨਿਕ-ਸੁੱਕ ਨੂੰ’, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਸਰਬਜੀਤ ਸਿੰਘ ਵਿਰਕ ਦੀ ‘ਲਿਖਤੁਮ ਭਗਤ ਸਿੰਘ: ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਕੇਵਲ ਧਾਲੀਵਾਲ ਦੀ ‘ਸੀਸ’’ ਨੂੰ, ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ) ਰਾਕੇਸ਼ ਕੁਮਾਰ ਦੀ ‘ਗਾਂਧਾ ਸਿੰਘ ਕੱਚਰਭੰਨ: ਗੀਤ ਗਾਉਂਦਾ ਫਾਂਸੀ ਚੜ੍ਹਿਆ ਗ਼ਦਰ ਲਹਿਰ ਦਾ ਨਿਡਰ ਯੋਧਾ’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪਰਮਵੀਰ ਸਿੰਘ ਦੀ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਕਮਲਜੀਤ ਸਿੰਘ ਟਿੱਬਾ ਦੀ ‘ਪੰਜਾਬੀ ਗੀਤ ਸ਼ਾਸਤਰ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਗੁਰਮੀਤ ਕੜਿਆਲਵੀ ਦੀ ‘ਸ਼ੇਰ ਸ਼ਾਹ ਸੂਰੀ’ ਨੂੰ ਜਦਕਿ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ ਸੁਖਵਿੰਦਰ ਦੀ ਪੁਸਤਕ ‘ਹਾਂ ਮੈਂ ਔਰਤ ਹਾਂ’ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ (ਹਿੰਦੀ ਸਾਲ 2021) ਲਈ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਮੋਹਨ ਸਪਰਾ ਦੀ ‘ਰੰਗੋਂ ਮੇਂ ਰੰਗ... ਪ੍ਰੇਮ ਰੰਗ’ ਨੂੰ ਦਿੱਤਾ ਜਾਵੇਗਾ।