ਅੰਨਪੂਰਨਾ
ਡਾ. ਇਕਬਾਲ ਸਿੰਘ ਸਕਰੌਦੀ
ਡਾ. ਇੰਦਰਜੀਤ ਸਿੰਘ ਦੀ ਸਰਕਾਰੀ ਡਿਊਟੀ ਖ਼ਤਮ ਹੋ ਚੁੱਕੀ ਸੀ। ਉਹ ਅਠਾਹਟ ਕਿਲੋਮੀਟਰ ਗੱਡੀ ਚਲਾ ਕੇ ਆਪਣੇ ਘਰ ਉੱਚੇ ਪਿੰਡ ਪੁੱਜਾ ਸੀ। ਡਿਊਟੀ ਤੋਂ ਵਾਪਸ ਆ ਕੇ ਉਹ ਆਮ ਤੌਰ ’ਤੇ ਆਪਣੀ ਗੱਡੀ ਘਰ ਦੇ ਪੋਰਚ ਵਿੱਚ ਹੀ ਖੜ੍ਹੀ ਕਰ ਦਿੰਦਾ ਸੀ। ਪਰ ਜੇ ਕਿਧਰੇ ਉਸ ਨੇ ਦੁਬਾਰਾ ਕਿਸੇ ਕੰਮ ਲਈ ਸ਼ਹਿਰ ਜਾਣਾ ਹੁੰਦਾ ਤਾਂ ਉਹ ਗੱਡੀ ਬਾਹਰ ਗਲ਼ੀ ਵਿੱਚ ਹੀ ਖੜ੍ਹਾ ਕਰ ਦਿੰਦਾ। ਅੱਜ ਸ਼ਾਮੀਂ ਵੀ ਉਸ ਨੇ ਗੱਡੀ ਦੀ ਸਰਵਿਸ ਕਰਵਾਉਣ ਸ਼ਹਿਰ ਜਾਣਾ ਸੀ। ਇਸ ਲਈ ਉਸ ਨੇ ਗੱਡੀ ਨੂੰ ਘਰ ਦੀ ਬਾਹਰਲੀ ਕੰਧ ਦੇ ਨਾਲ ਮੋੜ ਕੇ ਖਲ੍ਹਾਰ ਦਿੱਤਾ ਸੀ। ਉਹ ਗੱਡੀ ਵਿੱਚੋਂ ਬਾਹਰ ਨਿਕਲਿਆ। ਘਰ ਦਾ ਮੁੱਖ ਦਰਵਾਜ਼ਾ ਖੋਲ੍ਹਿਆ। ਲੌਬੀ ਦਾ ਜਾਲ਼ੀ ਵਾਲਾ ਦਰਵਾਜ਼ਾ ਖੋਲ੍ਹ ਕੇ ਉਹ ਅੰਦਰ ਆ ਗਿਆ ਸੀ। ਉਸੇ ਵੇਲੇ ‘ਟ੍ਰਨ’ ‘ਟ੍ਰਨ’ ਕਰਕੇ ਉਸ ਦੇ ਫੋਨ ਦੀ ਘੰਟੀ ਵੱਜ ਉੱਠੀ। ਜਿਉਂ ਹੀ ਉਸ ਨੇ ਮੋਬਾਈਲ ’ਤੇ ਨਜ਼ਰ ਮਾਰੀ ਤਾਂ ਉਸ ਨੇ ਵੇਖਿਆ ਕਿ ਵੀਹ ਸਾਲ ਪਹਿਲਾਂ ਮੈਡੀਕਲ ਕਾਲਜ ਵਿੱਚ ਉਸ ਦੇ ਨਾਲ ਪੜ੍ਹਦੀ ਹੁਸਨਾ ਬਾਨੋ ਦਾ ਨਾਂ ਲਿਖਿਆ ਸੀ। ਉਸ ਨੇ ਫੋਨ ਚਾਲੂ ਕੀਤਾ ਤੇ ਬੋਲਿਆ, ‘‘ਵਾਹ! ਬਹੁਤ ਖ਼ੂਬ। ਹੈਲੋ ਡਾਕਟਰ ਹੁਸਨਾ ਬਾਨੋ ਜੀ। ਕੀ ਹਾਲ਼ ਐ?’’
‘‘ਡਾਕਟਰ ਸਿੰਘ, ਸਤਿ ਸ੍ਰੀ ਅਕਾਲ। ਤੁਸੀਂ ਕਿਵੇਂ ਓ? ਸੁਖਜੀਤ ਭਾਬੀ ਜੀ ਕਿਵੇਂ ਨੇ? ਹੁਸਨਦੀਪ ਦੀ ਪੜ੍ਹਾਈ ਕਿਵੇਂ ਚੱਲ ਰਹੀ ਐ?’’ ‘‘ਮੈਂ ਬਿਲਕੁਲ ਠੀਕ ਠਾਕ ਹਾਂ। ਤੇਰੀ ਭਾਬੀ ਵੀ ਰਾਜ਼ੀ ਖ਼ੁਸ਼ੀ ਐ। (ਥੋੜ੍ਹਾ ਹੱਸਦਿਆਂ) ਬਾਕੀ ਉਹਨੂੰ ਖ਼ੁਸ਼ ਰੱਖੀਦੈ! ਬੱਚਿਆਂ ਦੀ ਪੜ੍ਹਾਈ ਵੀ ਵਧੀਆ ਚੱਲ ਰਹੀ ਐ। ਤੁਸੀਂ ਆਪਣਾ ਦੱਸੋ? ਡਾਕਟਰ ਅਸਲਮ ਦਾ ਕੀ ਹਾਲ ਐ? ਤਾਨੀਆ ਅਤੇ ਨਾਦਿਰਾ ਦੀ ਪੜ੍ਹਾਈ ਕਿਵੇਂ ਚੱਲ ਰਹੀ ਐ?’’
‘‘ਅੱਲ੍ਹਾ ਦਾ ਫ਼ਜ਼ਲ ਐ। ਸਭ ਖੈਰੀਅਤ ਐ। ਡਾ. ਸਿੰਘ, ਤੁਹਾਨੂੰ ਮੈਂ ਇਸ ਲਈ ਫੋਨ ਕੀਤਾ ਹੈ ਕਿ ਆਪਾਂ ਨੂੰ ਕਾਲਜ ਵਿੱਚ ਪੜ੍ਹਾਉਂਦੇ ਰਹੇ ਪ੍ਰੋਫੈਸਰ ਸੁਰਿੰਦਰ ਸੂਦ ਦੀ ਸਿਹਤ ਠੀਕ ਨਹੀਂ ਹੈ। ਇੱਕ ਮਹੀਨਾ ਪਹਿਲਾਂ ਗੁਸਲਖਾਨੇ ਵਿੱਚ ਪੈਰ ਤਿਲ੍ਹਕ ਗਿਆ ਸੀ। ਉਨ੍ਹਾਂ ਦੇ ਪੱਟ ਦੀ ਹੱਡੀ ਟੁੱਟ ਗਈ ਸੀ। ਉਨ੍ਹਾਂ ਪੀ.ਜੀ.ਆਈ. ਤੋਂ ਇਲਾਜ ਕਰਵਾਇਆ ਸੀ। ਡਾਕਟਰਾਂ ਨੇ ਆਪਰੇਸ਼ਨ ਕਰ ਦਿੱਤਾ ਸੀ। ਅਜੇ ਤਾਂ ਉਹ ਚੰਗੀ ਤਰ੍ਹਾਂ ਤੁਰਨ ਫਿਰਨ ਵੀ ਨਹੀਂ ਲੱਗੇ ਸਨ ਤੇ ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੋ ਗਿਆ। ਉਨ੍ਹਾਂ ਦਾ ਫੋਰਟਿਸ ਹਸਪਤਾਲ, ਮੁਹਾਲੀ ਤੋਂ ਇਲਾਜ ਚੱਲ ਰਿਹਾ ਹੈ। ਇਹ ਸਭ ਕੁਝ ਮਹੀਨੇ ਸਵਾ ਮਹੀਨੇ ਵਿੱਚ ਹੀ ਹੋ ਗਿਆ। ਮੈਨੂੰ ਤਾਂ ਇਸ ਬਾਰੇ ਪਿਛਲੇ ਹਫ਼ਤੇ ਹੀ ਜਾਣਕਾਰੀ ਮਿਲੀ। ਮੈਂ ਸ਼ਾਇਦ ਅੱਜ ਵੀ ਤੁਹਾਨੂੰ ਫੋਨ ਨਾ ਕਰਦੀ, ਪਰ ਕਾਲਜ ਵਿੱਚ ਤੁਸੀਂ ਮੈਡਮ ਸੂਦ ਦੇ ਸਭ ਤੋਂ ਵੱਧ ਪਿਆਰੇ ਤੇ ਅਜ਼ੀਜ਼ ਵਿਦਿਆਰਥੀ ਰਹੇ ਓ। ਇਸੇ ਲਈ ਇਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੱਸਣੀ ਜ਼ਰੂਰੀ ਸਮਝੀ।’’
ਆਪਣੀ ਬਹੁਤ ਸਤਿਕਾਰਯੋਗ ਅਧਿਆਪਕਾ ਸੂਦ ਦੀ ਸਿਹਤ ਠੀਕ ਨਾ ਹੋਣ ਬਾਰੇ ਸੁਣ ਕੇ ਉਹ ਇਕਦਮ ਉਦਾਸ ਹੋ ਗਿਆ। ਉਸ ਦਾ ਮਨ ਆਪਣੀ ਅਧਿਆਪਕਾ ਲਈ ਤਰਸ, ਦੁੱਖ ਤੇ ਦਇਆ ਦੇ ਭਾਵਾਂ ਨਾਲ ਭਰ ਗਿਆ। ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲਿਆ। ਫਿਰ ਵੀ ਉਸ ਦੇ ਮੂੰਹੋਂ ਨਿਕਲੇ ਬੋਲ ਉਸ ਦੇ ਅੰਦਰਲੇ ਦੁੱਖ ਨੂੰ ਸਾਫ਼ ਬਿਆਨ ਕਰ ਰਹੇ ਸਨ। ਉਹ ਭਰੇ ਮਨ ਨਾਲ ਬੋਲਿਆ, ‘‘ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ? ਕੀ ਤੁਸੀਂ ਖ਼ੁਦ ਉਨ੍ਹਾਂ ਨੂੰ ਮਿਲੇ ਓ?’’
‘‘ਮੈਨੂੰ ਵੀ ਕਿੱਥੋਂ ਪਤਾ ਲੱਗਣਾ ਸੀ? ਇਹ ਤਾਂ ਵਾਈਪੀਐੱਸ ਸਕੂਲ ਦੇ ਸਾਹਮਣੇ ਕਲੋਨੀ ਵਿੱਚ ਮੇਰੀ ਛੋਟੀ ਭੈਣ ਸਲਮਾ ਰਹਿੰਦੀ ਹੈ। ਉਸੇ ਨੇ ਮੈਨੂੰ ਇਹ ਸਭ ਦੱਸਿਆ ਹੈ। ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸਾਂ ਤਾਂ ਅਕਸਰ ਘਰ ਆ ਕੇ ਆਪਣੇ ਅੱਬੂ, ਅੰਮੀ ਜਾਨ ਅਤੇ ਛੋਟੀ ਭੈਣ ਸਲਮਾ ਕੋਲ ਮੈਡਮ ਸੂਦ ਦੇ ਨਿੱਘੇ ਸੁਭਾਅ ਦੀਆਂ ਗੱਲਾਂ ਕਰਦੀ ਰਹਿੰਦੀ ਸਾਂ। ਸਲਮਾ ਨੂੰ ਉਦੋਂ ਦਾ ਹੀ ਪਤਾ ਸੀ ਕਿ ਮੈਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਉਸ ਨੂੰ ਤਾਂ ਪਿਛਲੇ ਸਵਾ ਮਹੀਨੇ ਤੋਂ ਪਤਾ ਸੀ ਕਿ ਮੈਡਮ ਦੀ ਸਿਹਤ ਨਾਸਾਜ਼ ਹੈ। ਇਹ ਤਾਂ ਮੈਂ ਪਿਛਲੇ ਹਫ਼ਤੇ ਸਲਮਾ ਨੂੰ ਫੋਨ ਕੀਤਾ। ਮੈਂ ਗੱਲਾਂ-ਗੱਲਾਂ ਵਿੱਚ ਸੂਦ ਮੈਡਮ ਦੀ ਸਿਹਤ ਬਾਰੇ ਸਰਸਰੀ ਪੁੱਛ ਲਿਆ ਤਾਂ ਉਸ ਨੇ ਮੈਨੂੰ ਸਾਰੀ ਗੱਲ ਦੱਸੀ। ਉਸ ਦੇ ਦੱਸਣ ਉਪਰੰਤ ਮੈਂ ਮੈਡਮ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਕਈ ਵਾਰੀ ਉਨ੍ਹਾਂ ਦੇ ਘਰ ਫੋਨ ਕੀਤਾ, ਪਰ ਮੈਡਮ ਨੇ ਫੋਨ ਨਹੀਂ ਸੁਣਿਆ। ਕੱਲ੍ਹ ਸ਼ਾਮੀਂ ਮੈਂ ਸੀਨੀਅਰ ਸਿਟੀਜਨ ਭਲਾਈ ਸੰਸਥਾ, ਅਪੋਲੋ ਗਰਾਊਂਡ ਦੀ ਡਾਇਰੈਕਟਰੀ ਵਿੱਚੋਂ ਸੂਦ ਮੈਡਮ ਦੇ ਪਤੀ ਡਾ. ਸ਼ਪਿੰਦਰਪਾਲ ਸੂਦ ਦਾ ਫੋਨ ਨੰਬਰ ਲੱਭਿਆ ਤਾਂ ਕਿਤੇ ਜਾ ਕੇ ਮੈਂ ਉਨ੍ਹਾਂ ਨੂੰ ਫੋਨ ਕਰ ਸਕੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਸੂਦ ਮੈਡਮ ਦੀ ਵਿਦਿਆਰਥਣ ਰਹਿ ਚੁੱਕੀ ਹਾਂ। ਅੱਜਕੱਲ੍ਹ ਮੈਂ ਘਨੌਰ ਲਾਗੇ ਜੋਗੀਪੁਰ ਵਿੱਚ ਮੈਡੀਕਲ ਅਫਸਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੀ ਹਾਂ। ਮੈਂ ਮੈਡਮ ਨੂੰ ਮਿਲਣ ਲਈ ਆਉਣਾ ਚਾਹੁੰਦੀ ਹਾਂ। ਉਨ੍ਹਾਂ ਨੇ ਘਰ ਆਉਣ ਤੋਂ ਮੈਨੂੰ ਸਾਫ਼ ਮਨ੍ਹਾਂ ਕਰ ਦਿੱਤਾ। ਡਾ. ਸਿੰਘ, ਮੈਂ ਅੱਗੇ ਵੀ ਇਹ ਗੱਲ ਮਹਿਸੂਸ ਕੀਤੀ ਹੈ ਕਿ ਬੇਸ਼ੱਕ ਸੂਦ ਸਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ, ਆਲ੍ਹਾ ਦਰਜੇ ਦੇ ਲੇਖਕ ਵੀ ਹਨ, ਪਰ ਸਮਾਜਿਕ ਰਿਸ਼ਤਿਆਂ ਪ੍ਰਤੀ ਉਨ੍ਹਾਂ ਦੀ ਪਹੁੰਚ ਪੂਰੀ ਤਰ੍ਹਾਂ ਨਾਕਾਰਾਤਮਕ ਹੈ। ਉਹ ਕਿਸੇ ਦਾ ਵੀ ਘਰ ਆਉਣਾ ਪਸੰਦ ਹੀ ਨਹੀਂ ਕਰਦੇ। ਭਲਾ ਡਾਕਟਰ ਸਿੰਘ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਕੀਹਦੇ ਕੋਲ ਵਿਹਲ ਹੈ ਕਿ ਉਹ ਕਿਸੇ ਦੇ ਘਰ ਜਾ ਸਕੇ? ਕਿਸੇ ਦਾ ਦੁੱਖ ਸੁੱਖ ਵਿੱਚ ਪਤਾ ਲੈ ਸਕੇ? ਮੈਂ ਤਾਂ ਕੇਵਲ ਮੈਡਮ ਨਾਲ ਇੰਨਾ ਪਿਆਰ ਹੋਣ ਕਾਰਨ ਹੀ ਉਨ੍ਹਾਂ ਦੇ ਘਰ ਜਾਣਾ ਚਾਹੁੰਦੀ ਸੀ।’’
‘‘ਹਾਂ ਜੀ, ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ। ਸਰ ਦਾ ਸੁਭਾਅ ਬੜਾ ਖ਼ੁਸ਼ਕ ਜਿਹਾ ਹੀ ਹੈ। ਬਾਕੀ ਦੂਜੀ ਗੱਲ ਇਹ ਵੀ ਹੈ ਕਿ ਇਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਦੋਵੇਂ ਪੁੱਤਰ ਕੈਨੇਡਾ ਅਤੇ ਆਸਟਰੇਲੀਆ ਵਿੱਚ ਆਪੋ ਆਪਣੀਆਂ ਨੌਕਰੀਆਂ ਕਰ ਰਹੇ ਹਨ। ਵਿਆਹੇ ਵਰ੍ਹੇ ਹਨ। ਬੱਚਿਆਂ ਵਾਲੇ ਹਨ। ਆਪੋ ਆਪਣੇ ਪਰਿਵਾਰਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਦੀ ਧੀ ਦਿੱਲੀ ਵਿਆਹੀ ਹੋਈ ਹੈ। ਉਹ ਆਈ.ਪੀ.ਐੱਸ. ਅਫਸਰ ਲੱਗੀ ਹੋਈ ਹੈ। ਹੁਣ ਜੇਕਰ ਦੇਖਿਆ ਜਾਵੇ ਤਾਂ ਮੈਡਮ ਦੇ ਤਿੰਨ ਧੀ ਪੁੱਤਰ ਹਨ। ਦੋ ਵਿਦੇਸ਼ਾਂ ਵਿੱਚ ਜਾ ਵਸੇ ਹਨ। ਧੀ ਪੰਜਾਬੋਂ ਬਾਹਰ ਦਿੱਲੀ ਵਿਆਹੀ ਹੋਈ ਹੈ। ਜੇਕਰ ਪਿਛਲੀ ਉਮਰੇ ਦੁੱਖ ਸੁੱਖ ਵਿੱਚ ਵੀ ਤੁਹਾਡਾ ਧੀ ਪੁੱਤ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ ਔਲਾਦ ਹੋਰ ਹੁੰਦੀ ਕਾਹਦੇ ਲਈ ਹੈ? ਡਾ. ਸਲਮਾ, ਜਦੋਂ ਆਪਾਂ ਪਟਿਆਲੇ ਮੈਡੀਕਲ ਦੀ ਪੜ੍ਹਾਈ ਕਰਦੇ ਸਾਂ। ਤੁਹਾਨੂੰ ਤਾਂ ਪਤਾ ਹੈ ਕਿ ਮੈਂ ਕੋਈ ਅਸਾਈਨਮੈਂਟ ਦੇਣ ਜਾਂ ਕਿਸੇ ਖੋਜ ਪੇਪਰ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅਕਸਰ ਉਨ੍ਹਾਂ ਦੇ ਘਰ ਚਲਾ ਜਾਂਦਾ ਸਾਂ। ਮੈਡਮ ਨੇ ਮੈਨੂੰ ਹਮੇਸ਼ਾ ਖਾਣਾ ਖੁਆ ਕੇ ਹੀ ਵਾਪਸ ਆਉਣ ਦਿੱਤਾ। ਜੇਕਰ ਮੈਂ ਕਦੇ ਮੈਡਮ ਨੂੰ ਬੇਨਤੀ ਵੀ ਕਰਨੀ ਕਿ ‘ਮੈਡਮ ਹੋਸਟਲ ਵਿੱਚ ਮੇਰਾ ਖਾਣਾ ਤਿਆਰ ਹੈ। ਮੈਂ ਹੋਸਟਲ ਜਾ ਕੇ ਹੀ ਖਾਣਾ ਖਾਵਾਂਗਾ।’ ਤਦ ਵੀ ਉਨ੍ਹਾਂ ਮੈਨੂੰ ਆਖਣਾ, ‘ਇੰਦਰਜੀਤ ਸਿੰਘ, ਦੇਖੋ, ਜਦੋਂ ਵੀ ਖਾਣੇ ਦਾ ਸਮਾਂ ਹੋਵੇ ਤੇ ਮੇਜ਼ਬਾਨ ਨੇ ਤੁਹਾਨੂੰ ਖਾਣੇ ਲਈ ਕਿਹਾ ਹੋਵੇ ਤਾਂ ਉੱਥੇ ਸ਼ਾਂਤੀ ਨਾਲ ਬੈਠ ਕੇ ਭੋਜਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਭੋਜਨ ਕਰਨ ਵਾਲੇ ਨੂੰ ਵੀ ਅਤੇ ਕਰਾਉਣ ਵਾਲੇ ਨੂੰ ਵੀ ਖ਼ੁਸ਼ੀ ਮਿਲਦੀ ਹੈ। ਡਾ. ਸਲਮਾ, ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਹਰੇਕ ਮਾਂ ਆਪਣੇ ਧੀ ਪੁੱਤਰ ਨੂੰ ਭੋਜਨ ਕਰਾ ਕੇ ਹੀ ਪਾਲ਼ਦੀ ਪੋਸਦੀ ਹੈ, ਪਰ ਮੈਡਮ ਸੂਦ ਦੇ ਘਰ ਮੈਂ ਜਿੰਨੇ ਵਾਰੀ ਭੋਜਨ ਕੀਤਾ ਹੈ, ਮੈਂ ਉਹ ਕਦੇ ਵੀ ਭੁਲਾ ਨਹੀਂ ਸਕਦਾ। ਉਹ ਮੇਰੀ ਅਧਿਆਪਕਾ ਤਾਂ ਹੈ ਹੀ। ਇਸ ਤੋਂ ਵੀ ਵੱਧ ਕੇ ਉਹ ਮੈਨੂੰ ਮੇਰੀ ਅੰਨਪੂਰਨਾ ਵਧੇਰੇ ਲੱਗਦੀ ਹੈ।’’
‘‘ਵਾਹ! ਵਾਹ! ਡਾਕਟਰ ਸਿੰਘ! ਤੁਸੀਂ ਸੂਦ ਮੈਡਮ ਨੂੰ ‘ਅੰਨਪੂਰਨਾ’ ਦਾ ਦਰਜਾ ਦਿੱਤਾ ਹੈ। ਇਸ ਪ੍ਰਕਾਰ ਉਨ੍ਹਾਂ ਦਾ ਬਹੁਤ ਜ਼ਿਆਦਾ ਮਾਣ ਸਤਿਕਾਰ ਕੀਤਾ ਹੈ। ਸੱਚਮੁੱਚ ਤੁਹਾਡੀ ਸੋਚ ਬਹੁਤ ਉੱਚੀ ਹੈ। ਪਤਾ ਲੱਗਦਾ ਹੈ ਕਿ ਤੁਹਾਡੇ ਸੰਸਕਾਰ ਕਿੰਨੇ ਉੱਚੇ ਅਤੇ ਸੱਚੇ ਸੁੱਚੇ ਹਨ। ਅੱਜ ਆਪਣੀਆਂ ਫੋਨ ਉੱਤੇ ਬਹੁਤ ਗੱਲਾਂ ਹੋ ਗਈਆਂ। ਆਪਾਂ ਇੱਥੇ ਹੀ ਆਪਣੀਆਂ ਗੱਲਾਂ ਨੂੰ ਵਿਰਾਮ ਦਿੰਦੇ ਹਾਂ। ਠੀਕ ਹੈ ਡਾਕਟਰ ਸਿੰਘ। ਸਤਿ ਸ੍ਰੀ ਅਕਾਲ।’’
‘‘ਸਤਿ ਸ੍ਰੀ ਅਕਾਲ, ਡਾਕਟਰ ਸਲਮਾ।’’
ਫੋਨ ਬੰਦ ਕਰਕੇ ਉਸ ਨੇ ਮੇਜ਼ ਉੱਤੇ ਰੱਖ ਦਿੱਤਾ। ਉਸ ਨੇ ਤੌਲੀਆ ਲਿਆ। ਗੁਸਲਖਾਨੇ ਵਿੱਚ ਹੱਥ ਮੂੰਹ ਧੋਣ ਲਈ ਚਲਾ ਗਿਆ। ਪੰਜ ਮਿੰਟ ਬਾਅਦ ਉਹ ਬਾਹਰ ਆਇਆ। ਗੁਸਲਖਾਨੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਖਜੀਤ ਨੇ ਵੀ ਸੁਣ ਲਈ ਸੀ। ਉਸ ਨੇ ਪੋਰਚ ਹੇਠਾਂ ਬੈਠੀ ਨੇ ਆਵਾਜ਼ ਮਾਰੀ, ‘‘ਮੈਂ ਕਿਹਾ, ਸਰਦਾਰ ਸਾਹਿਬ! ਆ ਜੋ ਹੁਣ। ਚਾਹ ਪੀ ਲਉ।’’
ਉਹ ਘਰ ਦੇ ਪਿਛਵਾੜੇ ਵਿਹੜੇ ਵਿੱਚ ਗਿਆ। ਉਸ ਨੇ ਦੋਵਾਂ ਹੱਥਾਂ ਵਿੱਚ ਫੜ ਕੇ ਗਿੱਲਾ ਤੌਲੀਆ ਛੰਡਿਆ। ਵਿਹੜੇ ਵਿੱਚ ਬੰਨ੍ਹੀ ਹਰੇ ਰੰਗ ਦੀ ਪਲਾਸਟਿਕ ਦੀ ਰੱਸੀ ਉੱਤੇ ਸੁੱਕਣਾ ਪਾ ਦਿੱਤਾ। ਫਿਰ ਉਹ ਪੋਰਚ ਹੇਠਾਂ ਆ ਗਿਆ। ਉਹ ਵਹੁਟੀ ਵੱਲ ਵੇਖ ਕੇ ਮੁਸਕੁਰਾਇਆ ਤੇ ਬੋਲਿਆ, ‘‘ਵਾਹ ਬਈ ਵਾਹ!!! ਇਹ ਮੌਜਾਂ ਕਿੱਥੋਂ ਲੱਭਣੀਆਂ। ਮੂੰਹ ਹੱਥ ਧੋ ਕੇ ਆਓ। ਗਰਮਾ ਗਰਮ ਚਾਹ ਤਿਆਰ ਮਿਲਦੀ ਐ।’’
ਵਹੁਟੀ ਨੇ ਦੇਸੀ ਘਿਓ ਦੇ ਬਣੇ ਘਰ ਦੇ ਬਿਸਕੁਟਾਂ ਦਾ ਡੱਬਾ ਖੋਲ੍ਹਿਆ। ਡੱਬਾ ਉਸ ਅੱਗੇ ਕਰਦੀ ਹੋਈ ਬੋਲੀ, ‘‘ਸਲਮਾ ਦੀਦੀ ਨੇ ਅੱਜ ਬਹੁਤ ਗੱਲਾਂ ਕੀਤੀਆਂ। ਭਲਾ, ਉਹ ਮੈਡਮ ਸੂਦ ਬਾਰੇ ਕੀ ਕਹਿ ਰਹੀ ਸੀ?’’
ਉਸ ਨੇ ਬਿਸਕੁਟ ਨੂੰ ਚਾਹ ਵਿੱਚ ਡੁਬੋ ਕੇ ਮੂੰਹ ਵਿੱਚ ਪਾਉਂਦਿਆਂ ਆਖਿਆ, ‘‘ਮੈਡਮ ਦੀ ਸਿਹਤ ਠੀਕ ਨਹੀਂ ਹੈ। ਪਹਿਲਾਂ ਪੱਟ ਦੀ ਵੱਡੀ ਹੱਡੀ ਟੁੱਟ ਗਈ ਸੀ। ਹੁਣ ਕੈਂਸਰ ਹੋ ਗਿਆ। ਸੁਖਜੀਤ ਜੀ, ਜਿੰਨੀ ਰੀਝ ਨਾਲ ਸਾਨੂੰ ਸੂਦ ਮੈਡਮ ਨੇ ਪੜ੍ਹਾਇਆ ਹੈ, ਉਨ੍ਹਾਂ ਦਾ ਤਾਂ ਕੋਈ ਬਦਲ ਹੀ ਨਹੀਂ ਹੈ। ਫਿਰ ਉਹ ਇੰਨੇ ਹਸਮੁੱਖ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਕਿ ਕੋਈ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਮੇਰੇ ਨਾਲ ਤਾਂ ਉਨ੍ਹਾਂ ਦਾ ਖ਼ਾਸ ਸਨੇਹ ਸੀ। ਜਦੋਂ ਵੀ ਕਦੇ ਮੇਰੀ ਫ਼ੀਸ ਦੇ ਪੈਸੇ ਥੁੜ੍ਹਦੇ, ਮੈਂ ਝੱਟ ਸੂਦ ਮੈਡਮ ਤੋਂ ਮੱਦਦ ਮੰਗ ਲੈਂਦਾ ਸਾਂ। ਬੇਸ਼ੱਕ ਬਾਅਦ ਵਿੱਚ ਮੈਂ ਪੈਸੇ ਵਾਪਸ ਕਰ ਦਿੰਦਾ ਸਾਂ, ਪਰ ਲੋੜ ਵੇਲੇ ਉਨ੍ਹਾਂ ਦੀ ਕੀਤੀ ਮਦਦ ਮੈਂ ਕਦੇ ਵੀ ਵਿਸਾਰ ਨਹੀਂ ਸਕਦਾ।’’
‘‘ਬਿਲਕੁਲ ਦਰੁਸਤ ਕਿਹਾ ਹੈ ਤੁਸੀਂ। ਨਾਲੇ ਸਰਦਾਰ ਸਾਹਿਬ! ਅਸਲੀ ਬੰਦਾ ਹੀ ਉਹ ਹੁੰਦੈ, ਜਿਹੜਾ ਆਪਣੇ ਪਿਛੋਕੜ ਨੂੰ ਕਦੇ ਨਾ ਭੁੱਲੇ। ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੁੜਿਆ ਰਹੇ। ਏਸੇ ਨੂੰ ਤਾਂ ਖ਼ਾਨਦਾਨੀ ਕਹਿੰਦੇ ਐ। ਤੁਸੀਂ ਚਾਹ ਪੀ ਕੇ ਹੁਣੇ ਉਨ੍ਹਾਂ ਨੂੰ ਫੋਨ ਕਰੋ। ਉਨ੍ਹਾਂ ਦੀ ਸਿਹਤਯਾਬੀ ਦਾ ਪਤਾ ਲਉ। ਕੱਲ੍ਹ ਐਤਵਾਰ ਐ। ਜੇ ਉਹ ਉੱਥੇ ਜਾਣ ਦੀ ਇਜਾਜ਼ਤ ਦੇਣ ਤਾਂ ਆਪਾਂ ਦੋਵੇਂ ਕੱਲ੍ਹ ਸਵੇਰੇ ਛੇ ਵਜੇ ਇੱਥੋਂ ਚੱਲਦੇ ਆਂ। ਦਸ ਵਜਦੇ ਨਾਲ ਆਪਾਂ ਪਟਿਆਲੇ ਪਹੁੰਚ ਜਾਣੈ। ਬੱਸ, ਤੁਸੀਂ ਫੋਨ ਕਰੋ ਤੇ ਉਨ੍ਹਾਂ ਨੂੰ ਪੁੱਛੋ ਕਿ ਉਹ ਕੀ ਕਹਿੰਦੇ ਐ?’’
‘‘ਜੀ ਬਿਲਕੁਲ ਸਹੀ। ਸੁਖਜੀਤ ਏਦਾਂ ਕਰਦੇ ਆਂ। ਇਸ ਵਕ਼ਤ ਸ਼ਾਮ ਦੇ ਚਾਰ ਵੱਜੇ ਐ। ਬਹੁਤੇ ਲੋਕ ਦੁਪਹਿਰ ਦਾ ਖਾਣਾ ਖਾ ਕੇ ਘੰਟਾ ਦੋ ਘੰਟੇ ਲਈ ਸੌਂ ਜਾਂਦੇ ਐ। ਮੈਂ ਪੰਜ ਵਜੇ ਉਨ੍ਹਾਂ ਨੂੰ ਫੋਨ ਕਰਦਾ ਹਾਂ।’’ ਇਹ ਕਹਿ ਕੇ ਉਹ ਉੱਠ ਕੇ ਘਰ ਦੇ ਨਾਲ ਲੱਗਦੇ ਸਬਜ਼ੀਆਂ ਵਾਲੇ ਪਲਾਟ ਵਿੱਚ ਚਲਾ ਗਿਆ। ਉਸ ਨੇ ਨੌਂ ਇੰਚੀ ਬਣੇ ਪੱਕੇ ਰਸਤੇ ਉੱਤੇ ਤੁਰਦਿਆਂ ਇੱਕ-ਇੱਕ ਬੂਟੇ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ। ਅੰਜੀਰ ਦਾ ਰੁੱਖ ਫ਼ਲਾਂ ਨਾਲ ਲੱਦਿਆ ਪਿਆ ਸੀ। ਉਹ ਉਹਨੂੰ ਵੇਖ ਕੇ ਸਹਿਜ ਸੁਭਾਅ ਮੁਸਕੁਰਾ ਪਿਆ। ਫਿਰ ਉਸ ਨੇ ਖੁਰਪਾ ਚੁੱਕਿਆ ਤੇ ਗੋਡੀ ਕਰਨ ਲੱਗ ਪਿਆ।
ਲਗਪਗ ਸਵਾ ਘੰਟੇ ਬਾਅਦ ਉਹ ਵਾਪਸ ਮੁੜਿਆ। ਉਸ ਨੇ ਟੂਟੀ ਥੱਲੇ ਹੱਥ ਧੋਤੇ। ਗਿੱਲੇ ਹੱਥ ਚਿਹਰੇ ਉੱਤੇ ਫੇਰੇ। ਮੂੰਹ ਉੱਤੇ ਆਏ ਪਸੀਨੇ ਨੂੰ ਸਾਫ਼ ਕੀਤਾ। ਫਿਰ ਉਸ ਨੇ ਸਿਰ ਉੱਤੇ ਬੰਨ੍ਹਿਆ ਪਰਨਾ ਛੰਡ ਕੇ ਮੋਢੇ ਉੱਤੇ ਧਰ ਲਿਆ। ਪੋਰਚ ਹੇਠਾਂ ਰੱਖੀਆਂ ਕੁਰਸੀਆਂ ਵਿੱਚੋਂ ਉਹ ਇੱਕ ਕੁਰਸੀ ਉੱਤੇ ਬੈਠ ਗਿਆ। ਉਸ ਨੇ ਜੇਬ੍ਹ ਵਿੱਚੋਂ ਆਪਣਾ ਫੋਨ ਕੱਢਿਆ। ਮੈਡਮ ਦਾ ਨੰਬਰ ਮਿਲਾਇਆ। ਪੂਰੀ ਘੰਟੀ ਵੱਜੀ, ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ। ਫਿਰ ਉਸ ਨੇ ਮੈਡਮ ਸੂਦ ਦੇ ਪਤੀ ਦਾ ਨੰਬਰ ਮਿਲਾਇਆ। ਦੋ ਘੰਟੀਆਂ ਵੱਜਣ ’ਤੇ ਹੀ ਉਨ੍ਹਾਂ ਫੋਨ ਚੁੱਕ ਲਿਆ ਤੇ ਬੋਲੇ, ‘‘ਹੈਲੋ।’’
‘‘ਹੈਲੋ ਸਰ। ਮੈਂ ਡਾ. ਇੰਦਰਜੀਤ ਸਿੰਘ ਉੱਚਾ ਪਿੰਡ, ਫਾਜ਼ਿਲਕਾ ਤੋਂ ਬੋਲ ਰਿਹਾ ਹਾਂ। ਮੈਂ ਮੈਡੀਕਲ ਕਾਲਜ ਪਟਿਆਲਾ ਵਿੱਚ ਪ੍ਰੋਫੈਸਰ ਸੁਰਿੰਦਰ ਸੂਦ ਦਾ ਵਿਦਿਆਰਥੀ ਰਿਹਾ ਹਾਂ। ਸਰ, ਕੀ ਮੈਂ ਮੈਡਮ ਨਾਲ ਗੱਲ ਕਰ ਸਕਦਾ ਹਾਂ?’’
‘‘ਤੁਹਾਨੂੰ ਸ਼ਾਇਦ ਪਤਾ ਨਹੀਂ ਹੈ। ਮੈਡਮ ਦੀ ਸਿਹਤ ਠੀਕ ਨਹੀਂ ਹੈ। ਉਹ ਫੋਨ ਉੱਤੇ ਗੱਲ ਨਹੀਂ ਕਰ ਸਕਦੇ। ਉਹ ਬਹੁਤਾ ਬੋਲ ਵੀ ਨਹੀਂ ਸਕਦੇ। ਦੂਜਾ, ਡਾਕਟਰਾਂ ਨੇ ਵੀ ਉਸ ਨੂੰ ਘੱਟ ਤੋਂ ਘੱਟ ਬੋਲਣ ਦੀ ਤਾਕੀਦ ਕੀਤੀ ਹੈ। ਇਸ ਵੇਲੇ ਉਹ ਦਵਾਈ ਲੈ ਕੇ ਸੁੱਤੀ ਪਈ ਹੈ। ਮੈਡਮ ਲਈ ਤੁਹਾਡਾ ਕੋਈ ਸੁਨੇਹਾ ਹੈ ਤਾਂ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਤੁਸੀਂ ਮੈਡਮ ਦੀ ਸਿਹਤ ਦੀ ਖ਼ਬਰਸਾਰ ਲੈਣ ਲਈ ਫੋਨ ਕੀਤਾ। ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’’ ਪ੍ਰੋਫੈਸਰ ਨੇ ਕਿਹਾ।
‘‘ਨਹੀਂ ਸਰ ਜੀ, ਇਹਦੇ ਵਿੱਚ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ। ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਨੂੰ ਜਨਮ ਤਾਂ ਬੇਸ਼ੱਕ ਉਸ ਦੇ ਮਾਤਾ ਪਿਤਾ ਦਿੰਦੇ ਹਨ, ਪਰ ਉਸ ਨੂੰ ਜੀਵਨ ਜਿਊਣ ਅਤੇ ਪੈਰਾਂ ਉੱਤੇ ਖਲ੍ਹੋਣ ਜੋਗਾ ਉਹਦੇ ਅਧਿਆਪਕ ਹੀ ਕਰਦੇ ਹਨ। ਫਿਰ ਮੈਡਮ ਸੂਦ ਨੇ ਤਾਂ ਜਿਸ ਲਗਨ ਅਤੇ ਸ਼ਿੱਦਤ ਨਾਲ ਸਾਨੂੰ ਪੜ੍ਹਾਇਆ ਹੈ, ਉਹ ਤਾਂ ਅਸੀਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੇ। ਇਨ੍ਹਾਂ ਨੇ ਸਾਨੂੰ ਮੈਡੀਕਲ ਸਾਇੰਸ ਵਿੱਚ ਤਾਂ ਪ੍ਰਪੱਕ ਕੀਤਾ ਹੀ ਹੈ, ਇਸ ਤੋਂ ਇਲਾਵਾ ਚੰਗੇਰੀ ਜੀਵਨ ਜਾਚ, ਮਾਨਵਤਾਵਾਦੀ ਭਾਵ ਅਤੇ ਸੰਵੇਦਨਸ਼ੀਲ ਇਨਸਾਨ ਬਣਨ ਦੀ ਪ੍ਰੇਰਨਾ ਵੀ ਦਿੱਤੀ ਹੈ। ਬਾਕੀ ਸਰ, ਮੈਂ ਆਪਣੇ ਸਤਿਕਾਰਯੋਗ ਮੈਡਮ ਨੂੰ ਕੀ ਸੁਨੇਹਾ ਦੇ ਸਕਦਾ ਹਾਂ? ਬੱਸ, ਉਨ੍ਹਾਂ ਦੇ ਦਿਖਾਏ ਮਾਰਗ ਉੱਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਠੀਕ ਹੈ ਪ੍ਰੋਫੈਸਰ ਸਾਹਿਬ, ਮੈਂ ਆਪਣੀ ਅਧਿਆਪਕਾ ਦੇ ਚਰਨਾਂ ਉੱਤੇ ਸੀਸ ਝੁਕਾਉਂਦਾ ਹਾਂ। ਤੁਸੀਂ ਮੈਨੂੰ ਆਪਣਾ ਇੰਨਾ ਕੀਮਤੀ ਸਮਾਂ ਦਿੱਤਾ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਰ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ।’’ ਉਸ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਫੋਨ ਬੰਦ ਕਰ ਦਿੱਤਾ।
ਫੋਨ ’ਤੇ ਚੱਲੀ ਇਹ ਲੰਮੀ ਗੱਲਬਾਤ ਉਸ ਦੀ ਪਤਨੀ ਨੇ ਵੀ ਸੁਣ ਲਈ ਸੀ। ਉਹ ਪਤੀ ਦਾ ਉਦਾਸ ਅਤੇ ਚਿੰਤਾਗ੍ਰਸਤ ਚਿਹਰਾ ਵੇਖ ਕੇ ਬੋਲੀ, ‘‘ਜੀ, ਮੈਂ ਤੁਹਾਡੀ ਸਾਰੀ ਗੱਲਬਾਤ ਸੁਣ ਲਈ ਹੈ। ਤੁਹਾਡੇ ਚਿਹਰੇ ਦੀ ਉਦਾਸੀ ਨੂੰ ਮੈਂ ਸਾਫ਼ ਵੇਖ ਰਹੀ ਹਾਂ। ਮੈਂ ਮੈਡਮ ਸੂਦ ਦੇ ਪਤੀ ਦੇ ਸੁਭਾਅ ਬਾਰੇ ਪਹਿਲਾਂ ਵੀ ਕਾਫ਼ੀ ਕੁਝ ਸੁਣ ਚੁੱਕੀ ਹਾਂ। ਉਹ ਬਹੁਤ ਵਧੀਆ ਅਧਿਆਪਕ ਹਨ। ਬੜੇ ਪ੍ਰਸਿੱਧ ਲੇਖਕ ਹਨ। ਇਸ ਤੋਂ ਇਲਾਵਾ ਉਹ ਬਹੁਤ ਵੱਡੇ ਫਿਲਾਸਫ਼ਰ ਵੀ ਹਨ। ਅੱਜ ਫੋਨ ਉੱਤੇ ਤੁਹਾਡੀਆਂ ਅਤੇ ਭੈਣ ਹੁਸਨਾ ਬਾਨੋ ਦੀਆਂ ਗੱਲਾਂ ਵੀ ਮੈਂ ਸੁਣੀਆਂ ਸਨ। ਸਰ ਕਿਸੇ ਦਾ ਵੀ ਘਰ ਆਉਣਾ ਪਸੰਦ ਨਹੀਂ ਕਰਦੇ। ਉਹ ਲੇਖਕ ਭਾਵੇਂ ਬਹੁਤ ਵੱਡੇ ਬਣ ਗਏ ਹਨ, ਪਰ ਸਮਾਜਿਕ ਤੌਰ ’ਤੇ ਉਹ ਰਿਸ਼ਤਿਆਂ ਵਿਚਲੀ ਖਿੱਚ, ਸਾਂਝ ਅਤੇ ਨਿੱਘ ਤੋਂ ਬਿਲਕੁਲ ਕੋਰੇ ਹਨ। ਕੱਲ੍ਹ ਐਤਵਾਰ ਹੈ। ਆਪਾਂ ਦੋਵੇਂ ਜੀਅ ਸਵੇਰੇ ਛੇ ਵਜੇ ਘਰੋਂ ਚੱਲਦੇ ਹਾਂ। ਦਸ ਵਜਦੇ ਨੂੰ ਆਪਾਂ ਪਟਿਆਲੇ ਪਹੁੰਚ ਜਾਣਾ ਹੈ। ਸਿੱਧੇ ਮੈਡਮ ਦੇ ਘਰ ਚੱਲਾਂਗੇ। ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰਕੇ ਇੱਕ ਘੰਟੇ ਵਿੱਚ ਵਾਪਸ ਚੱਲ ਪਵਾਂਗੇ। ਨਾਲੇ ਸਾਉਣ ਦਾ ਮਹੀਨਾ ਚੜ੍ਹਿਆ ਹੈ। ਮੈਂ ਖੀਰ ਪੂੜੇ ਬਣਾ ਲੈਂਦੀ ਆਂ। ਨਾਲੇ ਕੱਲ੍ਹ ਸੂਦ ਮੈਡਮ ਦੇ ਘਰ ਲੈ ਚੱਲਾਂਗੇ।’’
‘‘ਹਾਂ ਜੀ। ਗੱਲ ਤਾਂ ਤੁਹਾਡੀ ਠੀਕ ਐ। ਪਰ ਕੀ ਬਿਨਾਂ ਫੋਨ ਕੀਤਿਆਂ ਆਪਣੀ ਅਧਿਆਪਕਾ ਦੇ ਘਰ ਜਾਣਾ ਠੀਕ ਰਹੇਗਾ? ਇਹ ਗੱਲ ਮੈਨੂੰ ਠੀਕ ਜਿਹੀ ਨਹੀਂ ਜਾਪਦੀ।’’ ਉਸ ਨੇ ਆਪਣੇ ਮਨ ਦਾ ਤੌਖ਼ਲਾ ਪ੍ਰਗਟ ਕੀਤਾ।
‘‘ਸਾਹਿਬ, ਜੇ ਤੁਸੀਂ ਫੋਨ ਕਰ ਕੇ ਉਨ੍ਹਾਂ ਦੀ ਸਹਿਮਤੀ ਦੀ ਉਡੀਕ ਕਰਦੇ ਰਹੇ ਤਾਂ ਸਾਰੀ ਉਮਰ ਆਪਣੀ ਮੈਡਮ ਨੂੰ ਨਹੀਂ ਮਿਲ ਸਕਦੇ। ਮੇਰੀ ਮੰਨੋ, ਚੁੱਪਚਾਪ ਉਨ੍ਹਾਂ ਦੇ ਬੂਹੇ ਅੱਗੇ ਜਾ ਕੇ ਘੰਟੀ ਵਜਾ ਦਿਆਂਗੇ। ਦਰਵਾਜ਼ੇ ਅੱਗੋਂ ਤਾਂ ਨੀਂ ਪ੍ਰੋਫੈਸਰ ਸੂਦ ਮੋੜ ਦੇਣਗੇ! ਨਾਲੇ ਤੁਸੀਂ ਅੱਜ ਗੱਡੀ ਦੀ ਸਰਵਿਸ ਰਹਿਣ ਦਿਓ ਜੀ। ਖੀਰ ਬਣ ਰਹੀ ਹੈ। ਤੁਸੀਂ ਇਸ਼ਨਾਨ ਕਰਕੇ ਆਓ। ਤੁਹਾਡੇ ਆਉਂਦਿਆਂ ਤੱਕ ਮੈਂ ਪੂੜਿਆਂ ਦੀ ਤਿਆਰੀ ਕਰਦੀ ਆਂ।’’ ਪਤਨੀ ਨੇ ਕਿਹਾ।
ਅਗਲੇ ਦਿਨ ਉਹ ਦੋਵੇਂ ਸਵੇਰੇ ਸਵਾ ਛੇ ਵਜੇ ਆਪਣੀ ਕਾਰ ਵਿੱਚ ਬੈਠੇ ਤੇ ਪਟਿਆਲੇ ਦੇ ਰਾਹ ਪੈ ਗਏ। ਡਾਕਟਰ ਨੇ ਭਾਈ ਸਾਧੂ ਸਿੰਘ ਦੇਹਰਾਦੂਨ ਵਾਲਿਆਂ ਵੱਲੋਂ ਦਸਮੇਸ਼ ਪਿਤਾ ਦੇ ਸਿੱਖ ਧਰਮ ਲਈ ਸਮਰਪਿਤ ਲਾਸਾਨੀ ਜੀਵਨ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਸ਼ਬਦ ਲਾ ਲਏ। ਪਤਨੀ ਪੰਜ ਬਾਣੀਆਂ ਦਾ ਪਾਠ ਕਰਨ ਲੱਗ ਪਈ। ਜਿਉਂ ਹੀ ਉਸ ਨੇ ਪੰਜ ਬਾਣੀਆਂ ਦਾ ਪਾਠ ਪੂਰਾ ਕੀਤਾ। ਉਹ ਅਰਦਾਸ ਕਰਨ ਲੱਗ ਪਈ। ਅਰਦਾਸ ਉਪਰੰਤ ਉਸ ਨੇ ਗੱਲ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਸਾਹਿਬ, ਬੇਸ਼ੱਕ ਮੈਨੂੰ ਵੀ ਪੜ੍ਹਾਉਣ ਵਾਲੇ ਇੱਕ ਤੋਂ ਇੱਕ ਵਧੀਆ ਅਧਿਆਪਕ ਅਤੇ ਪ੍ਰੋਫੈਸਰ ਮਿਲੇ ਹਨ, ਪਰ ਮੈਡਮ ਸੂਦ ਜਿਹਾ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।’’
ਪਤਨੀ ਦੀ ਗੱਲ ਸੁਣ ਕੇ ਉਸ ਨੇ ਚੱਲ ਰਹੀ ਗੁਰਬਾਣੀ ਦੀ ਆਵਾਜ਼ ਘੱਟ ਕਰ ਦਿੱਤੀ ਤੇ ਉਹ ਬੋਲਿਆ, ‘‘ਸੁਖਜੀਤ ਜੀ, ਮੈਂ ਬਾਈ ਸਾਲ ਪਹਿਲਾਂ ਪਟਿਆਲੇ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਪੂਰੀ ਕੀਤੀ ਸੀ। ਬੇਸ਼ੱਕ ਸਾਨੂੰ ਪੜ੍ਹਾਉਣ ਵਾਲੇ ਸਾਰੇ ਪ੍ਰੋਫੈਸਰ ਹੀ ਬਹੁਤ ਵਧੀਆ ਸਨ, ਪਰ ਮੈਡਮ ਸੂਦ ਉਨ੍ਹਾਂ ਸਾਰਿਆਂ ਤੋਂ ਨਿਆਰੀ ਸੀ। ਉਹ ਮੇਰੀ ਸਭ ਤੋਂ ਵੱਧ ਪਸੰਦੀਦਾ ਅਧਿਆਪਕਾ ਸੀ। ਮੈਡਮ ਦਾ ਉੱਚਾ ਲੰਮਾ ਕੱਦ, ਗੋਰਾ ਨਿਛੋਹ ਰੰਗ, ਪਿੱਛੇ ਗੋਡਿਆਂ ਤੱਕ ਲਮਕਦੇ ਲੰਮੇ ਸੰਘਣੇ ਕਾਲੇ ਵਾਲ਼, ਮੋਟੀਆਂ-ਮੋਟੀਆਂ ਅੱਖਾਂ, ਤੀਰ ਦੀ ਨੋਕ ਵਰਗਾ ਤਿੱਖਾ ਨੱਕ, ਹਸੂੰ-ਹਸੂੰ ਕਰਦਾ ਚਿਹਰਾ ਹਰ ਇੱਕ ਨੂੰ ਮੋਹ ਲੈਂਦਾ ਸੀ। ਉਹ ਜਦੋਂ ਵੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਹੁੰਦੀ ਜਾਂ ਵਾਰਡ ਵਿੱਚ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਹੁੰਦੀ ਤਾਂ ਉਨ੍ਹਾਂ ਦੇ ਚਿਹਰੇ ਉੱਤੇ ਹਮੇਸ਼ਾ ਮੁਸਕੁਰਾਹਟ ਨੱਚਦੀ ਰਹਿੰਦੀ ਸੀ। ਕਦੇ ਵੀ ਹਸਪਤਾਲ ਦੇ ਕਿਸੇ ਡਾਕਟਰ, ਨਰਸ, ਵਿਦਿਆਰਥੀ ਜਾਂ ਹੋਰ ਕਿਸੇ ਕਰਮਚਾਰੀ ਨੇ ਉਸ ਨੂੰ ਉੱਚੀ ਆਵਾਜ਼ ਵਿੱਚ ਜਾਂ ਖਿੱਝ ਕੇ ਬੋਲਦਿਆਂ ਨਹੀਂ ਸੀ ਸੁਣਿਆ। ਉਹ ਜਦੋਂ ਵੀ ਹਸਪਤਾਲ ਦੇ ਵਾਰਡਾਂ ਜਾਂ ਗੈਲਰੀ ਵਿੱਚੋਂ ਲੰਘ ਰਹੀ ਹੁੰਦੀ ਤਾਂ ਕੀ ਮਰੀਜ਼, ਕੀ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰ, ਹਸਪਤਾਲ ਦੇ ਡਾਕਟਰ, ਨਰਸਾਂ, ਸਫ਼ਾਈ ਕਰਮਚਾਰੀ ਉਸ ਨੂੰ ਝੁਕ-ਝੁਕ ਕੇ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਈਵਨਿੰਗ ਮੈਡਮ ਬੋਲਦੇ ਸਨ। ਕਦੀ-ਕਦੀ ਕੁਝ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰ ਤਾਂ ਉਸ ਦੇ ਲੰਘ ਜਾਣ ਪਿੱਛੋਂ ਧਰਤੀ ਉੱਤੇ ਹੱਥ ਫੇਰ ਕੇ ਆਪਣੇ ਮੱਥੇ ਨੂੰ ਲਾਉਂਦੇ ਵੀ ਵੇਖੇ ਗਏ ਸਨ। ਸਾਰਿਆਂ ਵਿੱਚ ਇੰਨੇ ਹਰਮਨ ਪਿਆਰੇ ਸਨ, ਸਾਡੇ ਸੂਦ ਮੈਡਮ।’’
ਮੈਡਮ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਪਟਿਆਲੇ ਉਨ੍ਹਾਂ ਦੀ ਕੋਠੀ ਅੱਗੇ ਪਹੁੰਚ ਗਏ। ਉਸ ਨੇ ਗੱਡੀ ਕੰਧ ਦੇ ਨਾਲ ਖ਼ਾਲੀ ਪਈ ਥਾਂ ’ਤੇ ਖੜ੍ਹਾ ਦਿੱਤੀ। ਉਸ ਦੀ ਪਤਨੀ ਨੇ ਗੱਡੀ ਦੀ ਡਿੱਗੀ ਵਿੱਚ ਰੱਖੇ ਸਾਮਾਨ ਵਾਲਾ ਥੈਲਾ ਚੁੱਕ ਲਿਆ। ਇੰਦਰਜੀਤ ਨੇ ਕੋਠੀ ਦੇ ਮੁੱਖ ਦਰਵਾਜ਼ੇ ਦੀ ਘੰਟੀ ਦਬਾ ਦਿੱਤੀ। ਦੋ ਕੁ ਮਿੰਟ ਪਿੱਛੋਂ ਚਾਲ਼ੀ ਕੁ ਵਰ੍ਹਿਆਂ ਦੀ ਇੱਕ ਸੁਆਣੀ ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਸਵਾਲੀਆ ਨਜ਼ਰਾਂ ਨਾਲ ਵੇਖਦਿਆਂ ਪੁੱਛਿਆ, ‘‘ਹਾਂ ਜੀ? ਦੱਸੋ ਜੀ?’’
‘‘ਮੈਂ ਡਾ. ਇੰਦਰਜੀਤ ਸਿੰਘ ਹਾਂ। ਅਸੀਂ ਪ੍ਰੋਫੈਸਰ ਸੂਦ ਮੈਡਮ ਨੂੰ ਮਿਲਣ ਆਏ ਹਾਂ।’’
ਸੁਆਣੀ ‘ਜੀ’ ਕਹਿ ਕੇ ਕੋਠੀ ਦੇ ਅੰਦਰ ਵੱਲ ਨੂੰ ਤੁਰ ਪਈ। ਉਹ ਦੋਵੇਂ ਉਸ ਦੇ ਪਿੱਛੇ-ਪਿੱਛੇ ਚੱਲ ਪਏ। ਇੰਨੇ ਸਮੇਂ ਵਿੱਚ ਪ੍ਰੋਫੈਸਰ ਸੂਦ ਪੋਰਚ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ ਸਨ। ਦੋਵਾਂ ਨੇ ਪ੍ਰੋਫੈਸਰ ਨੂੰ ਸਤਿ ਸ੍ਰੀ ਅਕਾਲ ਬੁਲਾਈ। ਨਾਲ ਹੀ ਉਹ ਬੋਲਿਆ, ‘‘ਸਰ, ਮੈਂ ਡਾਕਟਰ ਇੰਦਰਜੀਤ, ਫਾਜ਼ਿਲਕਾ ਤੋਂ ਹਾਂ ਜੀ। ਕੱਲ੍ਹ ਸ਼ਾਮੀਂ ਮੈਂ ਤੁਹਾਨੂੰ ਫੋਨ ਕੀਤਾ ਸੀ।’’
‘‘ਓ ਕੇ।’’ ਕਹਿ ਕੇ ਪ੍ਰੋਫੈਸਰ ਸੂਦ ਉਨ੍ਹਾਂ ਦੋਵਾਂ ਨੂੰ ਕੋਠੀ ਦੇ ਅੰਦਰ ਲੈ ਗਏ। ਸਾਹਮਣੇ ਲੌਬੀ ਵਿੱਚ ਕੰਧ ਨਾਲ ਇੱਕ ਬੈੱਡ ਲੱਗਾ ਹੋਇਆ ਸੀ। ਬੈੱਡ ਦੇ ਕੋਲ ਹੀ ਇੱਕ ਗੋਲ ਤਿਪਾਈ ਪਈ ਸੀ। ਤਿਪਾਈ ਉੱਤੇ ਦਵਾਈ ਦੀਆਂ ਕੁਝ ਸ਼ੀਸ਼ੀਆਂ ਪਈਆਂ ਸਨ। ਨਾਲ ਹੀ ਪਾਣੀ ਦਾ ਭਰਿਆ ਕੱਚ ਦਾ ਗਲਾਸ ਢੱਕ ਕੇ ਰੱਖਿਆ ਹੋਇਆ ਸੀ। ਬੈੱਡ ਉੱਤੇ ਬਹੁਤ ਹੀ ਪਤਲੀ ਅਤੇ ਕਮਜ਼ੋਰ ਜਿਹੀ ਇੱਕ ਬਜ਼ੁਰਗ ਔਰਤ ਲੰਮੀ ਪਈ ਸੀ। ਉਸ ਦੀ ਸ਼ਾਇਦ ਅੱਖ ਲੱਗੀ ਹੋਈ ਸੀ।
ਇੰਦਰਜੀਤ ਉਸ ਦੇ ਪੈਰਾਂ ਵੱਲ ਗਿਆ। ਉਸ ਨੇ ਉਸ ਦੇ ਦੋਵੇਂ ਪੈਰਾਂ ਨੂੰ ਹੱਥਾਂ ਵਿੱਚ ਫੜ ਕੇ ਪੈਰਾਂ ਉੱਤੇ ਸੀਸ ਰੱਖ ਦਿੱਤਾ। ਉਸ ਨੇ ਮੱਥਾ ਟੇਕਦਿਆਂ ਕਿਹਾ, ‘‘ਪ੍ਰਣਾਮ ਮੈਡਮ।’’
ਉਸੇ ਵੇਲੇ ਉਸ ਦੀ ਅੱਖ ਖੁੱਲ੍ਹ ਗਈ ਸੀ। ਸੂਦ ਮੈਡਮ ਨੇ ਉਸ ਦੀ ਆਵਾਜ਼ ਪਛਾਣ ਲਈ ਸੀ। ਉਸ ਨੇ ਬਹੁਤ ਹੀ ਮੱਧਮ ਆਵਾਜ਼ ਵਿੱਚ ਆਖਿਆ, ‘‘ਕੌਣ? ਇੰਦਰਜੀਤ ਸਿੰਘ ਤੁਸੀਂ ਆਏ ਹੋ?’’
ਆਪਣੀ ਅਧਿਆਪਕਾ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਡਾਕਟਰ ਬੋਲਿਆ, ‘‘ਜੀ ਮੈਡਮ। ਮੈਂ ਇੰਦਰਜੀਤ ਹੀ ਹਾਂ ਜੀ। ਤੁਹਾਡਾ ਵਿਦਿਆਰਥੀ।’’
ਮੈਡਮ ਨੇ ਸੱਜੀ ਕੂਹਣੀ ਬੈੱਡ ਉੱਤੇ ਲਗਾਈ। ਉਹ ਹੌਲ਼ੀ-ਹੌਲ਼ੀ ਉੱਠ ਕੇ ਬੈਠ ਗਈ। ਸਾਹਮਣੇ ਆਪਣੇ ਸ਼ਾਗਿਰਦ ਨੂੰ ਵੇਖ ਕੇ ਮੈਡਮ ਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਆ ਗਈ ਸੀ। ਇੰਦਰਜੀਤ ਦਾ ਸਿਰ ਆਪਣੇ ਪੈਰਾਂ ਉੱਤੋਂ ਚੁੱਕਦਿਆਂ ਉਹ ਬੋਲੀ, ‘‘ਇੰਦਰਜੀਤ ਸਿੰਘ, ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਮੇਰੇ ਪੈਰਾਂ ਉੱਤੇ ਮੱਥਾ ਕਿਉਂ ਟੇਕਿਆ ਹੈ?’’
ਉਸ ਨੇ ਆਪਣਾ ਚਿਹਰਾ ਉੱਪਰ ਚੁੱਕਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਹ ਬੈੱਡ ਦੇ ਬਿਲਕੁਲ ਨਜ਼ਦੀਕ ਆ ਕੇ ਬੋਲਿਆ, ‘‘ਮੈਡਮ, ਮੈਂ ਆਪਣੀ ਉਸ ਅਧਿਆਪਕਾ ਦੇ ਪੈਰਾਂ ਉੱਤੇ ਪ੍ਰਣਾਮ ਕੀਤਾ ਹੈ, ਜਿਸ ਨੇ ਸਾਨੂੰ ਇੰਨੀ ਮਿਹਨਤ ਅਤੇ ਸ਼ਿੱਦਤ ਨਾਲ ਪੜ੍ਹਾਇਆ ਹੈ। ਜਿਨ੍ਹਾਂ ਸਦਕਾ ਅਸੀਂ ਆਪਣੇ ਜੀਵਨ ਵਿੱਚ ਸਫ਼ਲਤਾ ਸਹਿਤ ਵਿਚਰ ਰਹੇ ਹਾਂ।’’
‘‘ਪਰ ਵਿਦਿਆਰਥੀਆਂ ਨੂੰ ਪੜ੍ਹਾਉਣਾ ਤਾਂ ਮੇਰੀ ਡਿਊਟੀ ਦਾ ਇੱਕ ਹਿੱਸਾ ਸੀ ਜਿਸ ਲਈ ਮੈਨੂੰ ਚੰਗੀ ਖ਼ਾਸੀ ਤਨਖ਼ਾਹ ਮਿਲਦੀ ਰਹੀ ਹੈ। ਇਹਦੇ ਵਿੱਚ ਮੈਂ ਕੁਝ ਵੱਖਰਾ ਤਾਂ ਨਹੀਂ ਕੀਤਾ।’’ ਮੈਡਮ ਨੇ ਆਖਿਆ।
ਉਸੇ ਵੇਲੇ ਡਾਕਟਰ ਦੀ ਪਤਨੀ ਨੇ ਮੈਡਮ ਦੇ ਪੈਰਾਂ ਨੂੰ ਛੂਹ ਕੇ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਕਿਹਾ, ‘‘ਮੈਡਮ, ਸਾਡੇ ਘਰ ਵਿੱਚ ਇਹ ਅਕਸਰ ਤੁਹਾਡੀਆਂ ਗੱਲਾਂ ਕਰਦੇ ਰਹਿੰਦੇ ਹਨ। ਸੱਚਮੁੱਚ ਇਹ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ।’’
ਪ੍ਰੋਫੈਸਰ ਸੂਦ ਨੇ ਸੁਖਜੀਤ ਦਾ ਹੱਥ ਫੜ ਲਿਆ ਤੇ ਉਸ ਨੂੰ ਬੈੱਡ ਦੇ ਕੋਲ ਪਈ ਕੁਰਸੀ ’ਤੇ ਬੈਠਣ ਲਈ ਕਿਹਾ। ਉਹ ਬੈਠਣ ਦੀ ਥਾਂ ਮੇਜ਼ ਉੱਤੇ ਰੱਖੇ ਥੈਲੇ ਨੂੰ ਖੋਲ੍ਹਣ ਲੱਗ ਪਈ। ਥੈਲੇ ਵਿੱਚੋਂ ਕੱਢ ਕੇ ਖੀਰ ਅਤੇ ਪੂੜਿਆਂ ਨਾਲ ਭਰੇ ਦੋ ਵੱਡੇ ਡੌਂਗੇ ਮੇਜ਼ ਉੱਤੇ ਟਿਕਾ ਦਿੱਤੇ।
ਉਸੇ ਵੇਲੇ ਘਰ ਵਿੱਚ ਕੰਮ ਕਰਦੀ ਸਾਧਨਾ ਟਰੇਅ ਵਿੱਚ ਪਾਣੀ ਦੇ ਦੋ ਗਲਾਸ ਰੱਖ ਕੇ ਲੈ ਆਈ। ਇੰਦਰਜੀਤ ਨੇ ਪਾਣੀ ਦਾ ਭਰਿਆ ਪੂਰਾ ਗਲਾਸ ਪੀ ਲਿਆ, ਪਰ ਸੁਖਜੀਤ ਨੇ ਸਾਧਨਾ ਨੂੰ ਆਖਿਆ, ‘‘ਬੀਬੀ ਜੀ, ਤੁਸੀਂ ਦੋ ਖਾਲੀ ਪਲੇਟਾਂ ਲੈ ਕੇ ਆਓ।’’
‘‘ਹਾਂ ਜੀ, ਮੈਡਮ। ਜ਼ਰੂਰ ਜੀ।’’ ਉਹ ਬੋਲੀ।
ਉਹ ਉਸੇ ਵੇਲੇ ਖਾਲੀ ਪਲੇਟਾਂ ਲੈ ਆਈ। ਸੁਖਜੀਤ ਨੇ ਦੋਵਾਂ ਡੌਂਗਿਆਂ ਤੋਂ ਢੱਕਣ ਚੁੱਕੇ। ਇੱਕ ਡੌਂਗੇ ਵਿੱਚ ਖੀਰ ਅਤੇ ਦੂਜੇ ਵਿੱਚ ਪੂੜੇ ਵੇਖ ਕੇ ਮੈਡਮ ਨੇ ਪੁੱਛਿਆ, ‘‘ਬਈ ਤੁਸੀਂ ਏਨੀਂ ਖੇਚਲਾ ਕਿਉਂ ਕੀਤੀ? ਤੁਸੀਂ ਇੰਨੀ ਦੂਰੋਂ ਮਿਲਣ ਲਈ ਆਏ, ਇਹੋ ਬਹੁਤ ਵੱਡੀ ਗੱਲ ਹੈ।’’
ਸੁਖਜੀਤ ਨੇ ਦੋਵਾਂ ਪਲੇਟਾਂ ਵਿੱਚ ਖੀਰ ਪਾਉਂਦਿਆਂ ਕਿਹਾ, ‘‘ਮੈਡਮ, ਇਹਦੇ ਵਿੱਚ ਖੇਚਲਾ ਵਾਲੀ ਕਿਹੜੀ ਗੱਲ ਐ! ਇਨ੍ਹਾਂ ਨੂੰ ਖੀਰ ਪੂੜੇ ਬਹੁਤ ਜ਼ਿਆਦਾ ਪਸੰਦ ਹਨ। ਕੱਲ੍ਹ ਸ਼ਾਮੀਂ ਬਣਾਏ ਸਨ। ਅੱਜ ਅਸੀਂ ਤੁਹਾਡੇ ਕੋਲ ਆਉਣਾ ਸੀ। ਇਸ ਲਈ ਗੱਡੀ ਵਿੱਚ ਰੱਖ ਕੇ ਲੈ ਆਏ।’’
ਮੈਡਮ, ਸੁਖਜੀਤ ਅਤੇ ਇੰਦਰਜੀਤ ਦਾ ਪਿਆਰ ਅਤੇ ਸੇਵਾ ਭਾਵਨਾ ਵੇਖ ਕੇ ਬਹੁਤ ਖ਼ੁਸ਼ ਹੋਈ। ਫਿਰ ਉਹ ਬੋਲੀ, ‘‘ਇੰਦਰਜੀਤ, ਤੁਸੀਂ ਦੋਵੇਂ ਮੇਰੇ ਸਿਰ ਇੰਨਾ ਵੱਡਾ ਭਾਰ ਚੜ੍ਹਾਈ ਜਾਂਦੇ ਓ। ਤੁਹਾਡੀ ਇਸ ਸੇਵਾ ਦਾ ਲੇਖਾ ਮੈਂ ਕਿੱਥੇ ਦਿਆਂਗੀ?’’
ਇੰਦਰਜੀਤ ਉਸੇ ਵੇਲੇ ਇੱਕ ਕੱਪ ਵਿੱਚ ਪਾਣੀ ਲੈ ਆਇਆ। ਉਸ ਨੇ ਬੈੱਡ ਤੋਂ ਥੋੜ੍ਹਾ ਦੂਰ ਪਈ ਖਾਲੀ ਬਾਲਟੀ ਨੂੰ ਪੈਰ ਨਾਲ ਬੈੱਡ ਦੇ ਨੇੜੇ ਕਰ ਲਿਆ। ਫਿਰ ਉਸ ਨੇ ਮੈਡਮ ਸੂਦ ਦੇ ਹੱਥ ਧੁਆਉਣ ਲਈ ਥੋੜ੍ਹਾ-ਥੋੜ੍ਹਾ ਪਾਣੀ ਉਨ੍ਹਾਂ ਦੇ ਹੱਥਾਂ ਉੱਤੇ ਪਾਇਆ। ਹੱਥ ਧੁਆ ਕੇ ਉਸ ਨੇ ਕੋਲ ਪਏ ਤੌਲੀਏ ਨਾਲ ਮੈਡਮ ਦੇ ਹੱਥ ਪੂੰਝ ਦਿੱਤੇ। ਪਤਨੀ ਨੇ ਖੀਰ ਪੂੜਿਆਂ ਦੀ ਪਲੇਟ ਮੈਡਮ ਦੇ ਹੱਥਾਂ ਵਿੱਚ ਫੜਾ ਦਿੱਤੀ। ਭਾਵੇਂ ਸੂਦ ਮੈਡਮ ਆਪਣੇ ਹੱਥ ਨਾਲ ਪੂੜੇ ਦੀ ਬੁਰਕੀ ਤੋੜ ਕੇ ਖੀਰ ਵਿੱਚ ਲਾ ਕੇ ਖਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਕੋਲੋਂ ਬੁਰਕੀ ਸਹੀ ਢੰਗ ਨਾਲ ਮੂੰਹ ਵਿੱਚ ਨਹੀਂ ਪੈ ਰਹੀ ਸੀ। ਸੁਖਜੀਤ ਨੇ ਉਸੇ ਵੇਲੇ ਉਨ੍ਹਾਂ ਦੇ ਹੱਥੋਂ ਪਲੇਟ ਫੜ ਲਈ। ਉਹ ਬਹੁਤ ਹੀ ਸਹਿਜ ਨਾਲ ਮੈਡਮ ਨੂੰ ਖੁਆਉਣ ਲੱਗ ਪਈ। ਉਨ੍ਹਾਂ ਨੇ ਇੱਕ ਪੂੜਾ ਅਤੇ ਥੋੜ੍ਹੀ ਜਿਹੀ ਖੀਰ ਹੀ ਖਾਧੀ। ਉਨ੍ਹਾਂ ਹੋਰ ਨਾ ਖੁਆਉਣ ਲਈ ਸੁਖਜੀਤ ਨੂੰ ਹੱਥ ਨਾਲ ਰੋਕ ਦਿੱਤਾ। ਸੁਖਜੀਤ ਨੇ ਬਚਦੀ ਖੀਰ ਅਤੇ ਪੂੜੇ ਵਾਲੀ ਪਲੇਟ ਮੇਜ਼ ਉੱਤੇ ਰੱਖ ਦਿੱਤੀ। ਉਸ ਨੇ ਤੌਲੀਆ ਲੈ ਕੇ ਮੈਡਮ ਸੂਦ ਦਾ ਚਿਹਰਾ ਸਾਫ਼ ਕਰ ਦਿੱਤਾ।
ਤਦ ਮੈਡਮ ਸੂਦ ਬੋਲੀ, ‘‘ਤੁਹਾਡੀ ਦੋਵਾਂ ਦੀ ਸੇਵਾ ਤੋਂ ਮੈਂ ਬਲਿਹਾਰੇ ਜਾਂਦੀ ਹਾਂ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੁਹਾਡੀ ਇਸ ਸੇਵਾ ਦਾ ਕਰਜ਼ ਮੈਂ ਕਦੋਂ, ਕਿੱਥੇ ਅਤੇ ਕਿਵੇਂ ਉਤਾਰਾਂਗੀ?’’
‘‘ਮੇਰੇ ਬਹੁਤ ਹੀ ਸਤਿਕਾਰਤ ਪ੍ਰੋਫੈਸਰ ਮੈਡਮ ਸੂਦ ਜੀ, ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਮੈਡਮ, ਕਰਜ਼ਾ ਤਾਂ ਮੈਂ ਤੁਹਾਡਾ ਨਹੀਂ ਉਤਾਰ ਸਕਾਂਗਾ। ਮੈਨੂੰ ਹੁਣ ਵੀ ਯਾਦ ਹੈ ਕਿ ਤੁਸੀਂ ਕਿੰਨੇ ਵਾਰੀ ਮੇਰੀ ਫੀਸ ਭਰਨ ਲਈ ਮੇਰੀ ਮਦਦ ਕੀਤੀ ਸੀ। ਜੇਕਰ ਉਸ ਸਮੇਂ ਤੁਸੀਂ ਮੇਰੀ ਸਹਾਇਤਾ ਨਾ ਕਰਦੇ ਤਾਂ ਹੋ ਸਕਦਾ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਨਾ ਕਰ ਸਕਦਾ। ਤਦ ਨਾ ਤਾਂ ਮੈਂ ਡਾਕਟਰ ਬਣਨਾ ਸੀ ਤੇ ਨਾ ਹੀ ਸੁਖਜੀਤ ਜਿਹੀ ਸੋਹਣੀ ਸੁਨੱਖੀ ਕੁੜੀ ਨਾਲ ਮੇਰਾ ਵਿਆਹ ਹੋਣਾ ਸੀ। ਮੈਡਮ ਦੂਜੀ ਗੱਲ ਇਹ ਹੈ ਕਿ ਮੈਂ ਜਦੋਂ ਵੀ ਆਪਣੀ ਪੜ੍ਹਾਈ, ਕਿਸੇ ਅਸਾਈਨਮੈਂਟ ਜਾਂ ਕਿਸੇ ਹੋਰ ਕੰਮ ਸਬੰਧੀ ਤੁਹਾਡੀ ਕੋਠੀ ਆਉਂਦਾ ਸਾਂ ਤਾਂ ਤੁਸੀਂ ਹਰ ਵਾਰੀ ਮੈਨੂੰ ਖਾਣਾ ਖੁਆ ਕੇ ਹੀ ਹੋਸਟਲ ਜਾਣ ਦਿੰਦੇ ਸੀ। ਤੁਹਾਡੀਆਂ ਉਹ ਮਿਹਰਬਾਨੀਆਂ ਤਾਂ ਹਮੇਸ਼ਾ ਲਈ ਮੇਰੇ ਚੇਤੇ ਵਿੱਚ ਵਸੀਆਂ ਹੋਈਆਂ ਹਨ।’’ ਇੰਦਰਜੀਤ ਨੇ ਕਿਹਾ।
ਉਸੇ ਵੇਲੇ ਸਾਧਨਾ ਚਾਹ ਬਣਾ ਕੇ ਲੈ ਆਈ। ਉਨ੍ਹਾਂ ਦੋਵਾਂ ਨੇ ਪ੍ਰੋਫੈਸਰ ਸੂਦ ਸਾਹਿਬ ਨਾਲ ਮਿਲ ਕੇ ਚਾਹ ਪੀਤੀ। ਫਿਰ ਉਹ ਮੈਡਮ ਸੂਦ ਨੂੰ ਪ੍ਰਣਾਮ ਕਰਕੇ ਵਾਪਸੀ ਲਈ ਚੱਲ ਪਏ।
ਸੰਪਰਕ: 84276-85020