ਅਨਮੋਲ ਬਿਸ਼ਨੋਈ ਅਮਰੀਕਾ ਦੀ ਆਇਓਵਾ ਜੇਲ੍ਹ ’ਚ ਬੰਦ
ਵਾਸ਼ਿੰਗਟਨ, 21 ਨਵੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਦਾਕਾਰ ਸਲਮਾਨ ਖ਼ਾਨ ਦੇ ਮੁੰਬਈ ਸਥਿਤ ਘਰ ਬਾਹਰ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਅਮਰੀਕੀ ਏਜੰਸੀਆਂ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਇਸ ਸਮੇਂ ਆਇਓਵਾ ਦੀ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਹੋਰ ਕੋਈ ਵੇਰਵਾ ਫੌਰੀ ਉਪਲੱਬਧ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਅਨਮੋਲ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਲਗਾਤਾਰ ਅਮਰੀਕਾ ਵਿੱਚ ਆਉਂਦਾ-ਜਾਂਦਾ ਹੈ। ਉਹ ਲਾਰੈਂਸ ਦਾ ਛੋਟਾ ਭਰਾ ਹੈ ਜਿਸ ’ਤੇ ਜੇਲ੍ਹ ਵਿੱਚ ਰਹਿਣ ਦੇ ਬਾਵਜੂਦ ਆਲਮੀ ਅਪਰਾਧਕ ਗਰੋਹ ਚਲਾਉਣ ਦਾ ਦੋਸ਼ ਹੈ। ਲਾਰੈਂਸ ਇਸ ਸਮੇਂ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਅਨਮੋਲ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਐੱਨਸੀਪੀ ਆਗੂ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੀ ਹੱਤਿਆ ਸਮੇਤ ਕਈ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਹੈ। ਇਸ ਸਾਲ 14 ਅਪਰੈਲ ਨੂੰ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਬਾਂਦਰਾ ਇਲਾਕੇ ਵਿੱਚ ਸਥਿਤ ਘਰ ’ਤੇ ਗੋਲੀਬਾਰੀ ਦੀ ਘਟਨਾ ਵਿੱਚ ਵੀ ਕਥਿਤ ਤੌਰ ’ਤੇ ਉਸ ਦਾ ਹੱਥ ਹੈ। ਭਾਰਤ ਨੇ ਅਨਮੋਲ ਦੀ ਹਵਾਲਗੀ ਦੀ ਮੰਗ ਕੀਤੀ ਹੈ। -ਪੀਟੀਆਈ